ਲੁਧਿਆਣਾ ਦੇ ਡੀ. ਸੀ. ਦੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ
Sunday, May 03, 2020 - 09:21 AM (IST)
ਚੰਡੀਗੜ੍ਹ (ਸ਼ਰਮਾ) : ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਫੈਲੇ ਕਹਿਰ ਦਾ ਮਾਮਲਾ ਰਾਜ ਮਨੁੱਖ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਲੁਧਿਆਣਾ ਵਾਸੀ ਕੀਮਤੀ ਰਾਵਲ ਨੇ ਕਮਿਸ਼ਨ ਨੂੰ ਈ-ਮੇਲ ਦੇ ਮਾਧਿਅਮ ਨਾਲ ਭੇਜੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਜ਼ਿਲੇ ਦੇ ਡੀ. ਸੀ. ਵਲੋਂ ਲਾਪਰਵਾਹੀ ਪੂਰਨ ਕਾਰਵਾਈ ਕਰਕੇ ਬਿਨਾਂ ਉਚਿਤ ਪ੍ਰਬੰਧਾਂ ਦੇ ਆਮ ਜਨਤਾ ਨੂੰ ਸਬਜ਼ੀ ਮੰਡੀ 'ਚ ਸੱਦਣ ਦੇ ਚੱਲਦੇ ਫੈਲੇ ਕੋਰੋਨਾ ਵਾਇਰਸ ਕਾਰਨ ਨਾ ਸਿਰਫ਼ ਏ. ਸੀ. ਪੀ. ਨੂੰ ਆਪਣੀ ਜਾਨੋਂ ਹੱਥ ਧੋਣੇ ਪਏ, ਸਗੋਂ ਅਨੇਕਾਂ ਲੋਕ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ। ਜਸਟਿਸ ਆਸ਼ੂਤੋਸ਼ ਮਹੰਤੋ ਅਤੇ ਅਵਿਨਾਸ਼ ਕੌਰ ਦੀ ਸੰਯੁਕਤ ਬੈਂਚ ਨੇ ਉਕਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਅਗਲੀ ਸੁਣਵਾਈ 15 ਜੁਲਾਈ ਤੋਂ ਪਹਿਲਾਂ ਰਾਜ ਦੇ ਚੀਫ਼ ਸੈਕਟਰੀ ਤੋਂ ਰਿਪੋਰਟ ਤਲਬ ਕੀਤੀ ਹੈ।
ਸਬਜ਼ੀ ਮੰਡੀ 'ਚ ਹਾਲਾਤ ਵਿਗੜੇ
ਸ਼ਨੀਵਾਰ ਨੂੰ ਵੀ ਮੰਡੀ 'ਚ ਨਿਯਮਾਂ ਦੇ ਉਲਟ ਜਾ ਕੇ ਲੱਗੀ ਭੀੜ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਤੋਂ ਸੰਭਲੇ ਨਹੀਂ ਸੰਭਲ ਰਹੀ ਸੀ, ਜਿਸ ਦੀ ਖਬਰ ਮਿਲਣ 'ਤੇ ਏ. ਸੀ. ਪੀ. ਗੁਰਵਿੰਦਰ ਸਿੰਘ ਨੇ ਮੌਕੇ 'ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਇਸ ਪਰੇਸ਼ਾਨੀ ਦਾ ਮਿਲ-ਜੁਲ ਕੇ ਹੱਲ ਕਰਨ ਦੀ ਅਪੀਲ ਕੀਤੀ।