ਜਨਵਰੀ ''ਚ ਏਅਰ ਡੈਕਨ ਦਾ 19 ਸੀਟਰ ਜਹਾਜ਼ ਭਰੇਗਾ ਲੁਧਿਆਣਾ-ਦਿੱਲੀ ਉਡਾਣ

Wednesday, Dec 06, 2017 - 02:51 PM (IST)

ਲੁਧਿਆਣਾ (ਬਹਿਲ) : ਪ੍ਰਧਾਨ ਮੰਤਰੀ ਦੀ 'ਮਿਸ਼ਨ ਉਡਾਣ' ਸਕੀਮ ਤਹਿਤ ਹੁਣ ਅਲਾਇੰਸ ਏਅਰ ਤੋਂ ਬਾਅਦ ਦੂਜੀ ਜਹਾਜ਼ ਕੰਪਨੀ ਏਅਰ ਡੈਕਨ ਵੀ ਜਨਵਰੀ-2018 ਤੋਂ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ ਕਰ ਰਹੀ ਹੈ, ਜਿਸ ਲਈ ਏਅਰ ਡੈਕਨ ਦਾ 19 ਸੀਟਰ ਏਅਰਕ੍ਰਾਫਟ ਬੀਚ-1900 ਸਾਹਨੇਵਾਲ ਏਅਰਪੋਰਟ ਤੋਂ ਦਿੱਲੀ ਲਈ ਉਡਾਨ ਭਰੇਗਾ।
ਇਹ ਜਾਣਕਾਰੀ ਸਾਹਨੇਵਾਲ ਏਅਰਪੋਰਟ ਦੇ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਦਿੰਦਿਆਂ ਕਿਹਾ ਕਿ ਕੰਪਨੀ ਨੇ ਲੁਧਿਆਣਾ ਤੋਂ ਉਡਾਣ ਸ਼ੁਰੂ ਕਰਨ ਲਈ ਜਹਾਜ਼ ਖਰੀਦਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਪ੍ਰਸਿੱਧ ਤਿਓਹਾਰ ਲੋਹੜੀ ਤੋਂ ਬਾਅਦ ਧੰਦ ਦਾ ਅਸਰ ਘੱਟ ਹੁੰਦੇ ਹੀ ਸ਼ਡਿਊਲ ਉਡਾਣ ਆਪ੍ਰੇਸ਼ਨਲ ਹੋ ਜਾਵੇਗੀ।  ਜਾਣਕਾਰੀ ਮੁਤਾਬਕ ਏਅਰ ਡੈਕਨ ਨੇ ਦਿੱਲੀ ਵਿਚ ਜਹਾਜ਼ ਮੇਨਟੀਨੈਂਸ ਬੇਸ ਵੀ ਤਿਆਰ ਕਰ ਲਿਆ ਹੈ। ਦੱਸ ਦੇਈਏ ਕਿ 'ਮਿਸ਼ਨ ਉਡਾਣ' ਤਹਿਤ 2 ਸਤੰਬਰ 2017 ਤੋਂ ਕਰੀਬ 3 ਸਾਲ ਦੇ ਫਰਕ ਤੋਂ ਬਾਅਦ ਸਾਹਨੇਵਾਲ ਏਅਰਪੋਰਟ ਤੋਂ ਏਅਰ ਇੰਡੀਆ ਦੀ ਕੰਪਨੀ ਅਲਾਇੰਸ ਏਅਰ ਦਾ 70 ਸੀਟਰ ਏਅਰ ਕ੍ਰਾਫਟ ਹਰ ਹਫਤੇ ਸੋਮਵਾਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਲੁਧਿਆਣਾ-ਦਿੱਲੀ ਲਈ ਉਡਾਣ ਭਰ ਰਿਹਾ ਹੈ। ਹੁਣ ਏਅਰ ਡੈਕਨ ਦੀ ਫਲਾਈਟ ਸ਼ੁਰੂ ਹੋਣ ਨਾਲ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੀ ਇੰਡਸਟਰੀ ਅਤੇ ਖਾਸ ਕਰ ਕੇ ਨਿਰਯਾਤਕਾਂ ਲਈ ਇਹ ਇਕ ਵੱਡੀ ਰਾਹਤ ਦੀ ਖ਼ਬਰ ਹੈ।
ਅਲਾਇੰਸ ਏਅਰ ਦੀਆਂ ਉਡਾਣਾਂ ਨੂੰ ਮਹਾਨਗਰ ਤੋਂ ਇੰਨਾ ਜ਼ਬਰਦਸਤ ਰਿਸਪਾਂਸ ਹੈ ਕਿ ਵਿੰਟਰ ਸ਼ਡਿਊਲ ਦੀਆਂ ਲਗਾਤਾਰ 12 ਫਲਾਈਟਾਂ ਰੱਦ ਹੋਣ ਦੇ ਬਾਵਜੂਦ ਯਾਤਰੀ ਲੋਡ 90 ਫੀਸਦੀ ਚੱਲ ਰਿਹਾ ਹੈ। ਅੱਜ ਵਿੰਟਰ ਸ਼ਡਿਊਲ ਦੀ 9ਵੀਂ ਫਲਾਈਟ ਵਿਚ 60 ਯਾਤਰੀਆਂ ਨਾਲ 70 ਸੀਟਰ ਏਅਰਕ੍ਰਾਫਟ ਏ. ਟੀ. ਆਰ.-72 ਇਕ ਘੰਟਾ ਦੇਰੀ ਨਾਲ ਲੈਂਡ ਹੋਈ। ਜਦੋਂ ਕਿ ਸ਼ਾਮ 5 ਵੱਜ ਕੇ 20 ਮਿੰਟ 'ਤੇ ਜਹਾਜ਼ ਲੁਧਿਆਣਾ ਤੋਂ 63 ਯਾਤਰੀਆਂ ਨਾਲ ਦਿੱਲੀ ਲਈ ਟੇਕ ਆਫ ਹੋਇਆ। ਅਲਾਇੰਸ ਏਅਰ ਦੇ ਏਅਰਪੋਰਟ ਮੈਨੇਜਰ ਸੁਖਦੇਵ ਸਿੰਘ ਮੁਤਾਬਕ ਪ੍ਰਿਵੀਅਸ ਸੈਕਟਰ ਤੋਂ ਜਹਾਜ਼ ਦਿੱਲੀ ਦੇਰੀ ਨਾਲ ਪੁੱਜਣ ਕਾਰਨ ਸ਼ਡਿਊਲ ਫਲਾਈਟ 1 ਘੰਟਾ ਲੇਟ ਹੋ ਗਈ। ਸਾਹਨੇਵਾਲ ਏਅਰਪੋਰਟ ਦੇ ਟਰਮੀਨਲ ਇੰਚਾਰਜ ਮਹੇਸ਼ ਬੱਬਰ ਨੇ ਕਿਹਾ ਕਿ ਮੇਟ ਰਿਪੋਰਟ ਮੁਤਾਬਕ ਵਿਜ਼ੀਬਿਲਟੀ ਪੱਧਰ 1800 ਮੀਟਰ ਤੋਂ ਜ਼ਿਆਦਾ ਰਿਹਾ, ਜਿਸ ਦੀ ਵਜ੍ਹਾ ਨਾਲ ਜਹਾਜ਼ ਨੂੰ ਲੈਂਡ ਅਤੇ ਟੇਕ ਆਫ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ।


Related News