ਲੁਧਿਆਣਾ : ਕੋਰੋਨਾ ਨਾਲ ਮਰੀ ਔਰਤ ਦੇ ਮਾਤਾ-ਪਿਤਾ ਸਮੇਤ 10 ਦੇ ਲਏ ਗਏ ਸੈਂਪਲ

04/03/2020 4:24:46 PM

ਲੁਧਿਆਣਾ (ਰਿਸ਼ੀ) : ਅਮਰਪੁਰਾ ’ਚ ਕੋਰੋਨਾ ਵਾਇਰਸ ਨਾਲ ਮਰੀ ਔਰਤ ਦੇ ਮਾਮਲੇ ’ਚ ਜਾਂਚ ਅੱਗੇ ਵਧਾਉਂਦੇ ਹੋਏ ਪੁਲਸ ਵਲੋਂ ਜਿਸ ਘਰ ’ਚ ਔਰਤ ਰਹਿ ਰਹੀ ਸੀ, ਉਸ ਦੇ ਮਾਲਕ, ਔਰਤ ਦੇ ਬੁੱਢੇ ਮਾਤਾ-ਪਿਤਾ ਸਮੇਤ 10 ਲੋਕਾਂ ਦੇ ਸੈਂਪਲ ਲਏ ਗਏ। ਉੱਥੇ ਹੀ ਇਕ ਦਿਨ ਪਹਿਲਾਂ ਜਿਸ ਏ. ਐੱਸ. ਆਈ. ਦੇ ਸੈਂਪਲ ਲਏ ਗਏ ਸਨ, ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਦੂਜੇ ਪਾਸੇ ਸੀਲ ਦੇ ਕਾਰਣ ਅਮਰਪੁਰਾ ’ਚ ਰਹਿ ਰਹੇ ਲੋਕਾਂ ਨੂੰ ਦੁੱਧ, ਰਾਸ਼ਨ ਸਮੱਗਰੀ ਦੀ ਸਮੱਸਿਆ ਨਾ ਆਵੇ, ਇਸ ਦੇ ਲਈ ਕੌਂਸਲਰ ਗੁਰਦੀਪ ਸਿੰਘ ਨੀਟੂ ਵਲੋਂ ਸਾਰਿਆਂ ਨੂੰ ਇਕ ਵਟਸਐਪ ਨੰਬਰ ਦਿੱਤਾ ਗਿਆ ਹੈ, ਜਿਸ ’ਤੇ ਲੋਕਾਂ ਵਲੋਂ ਲੋੜ ਦੇ ਹਿਸਾਬ ਨਾਲ ਆਪਣੀ ਲਿਸਟ ਅਤੇ ਘਰ ਦਾ ਪਤਾ ਭੇਜਿਆ ਜਾ ਰਿਹਾ ਹੈ, ਜਿਸ ਦੇ ਕੁਝ ਸਮੇਂ ਬਾਅਦ ਹੀ ਉੱਥੇ ਸਾਮਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੇ ਨਾਲ- ਨਾਲ ਬੀਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ।
ਐੱਸ. ਐੱਚ. ਓ. ਦੇ ਖਿਲਾਫ ਸੰਸਦ ਅਤੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ
ਕੌਂਸਲਰ ਗੁਰਦੀਪ ਸਿੰਘ ਨੀਟੂ ਵਲੋਂ ਡਵੀਜ਼ਨ ਨੰਬਰ-2 ਦੇ ਐੱਸ. ਐੱਚ. ਓ. ਸਤਪਾਲ ਦੇ ਖਿਲਾਫ ਸੰਸਦ ਰਵਨੀਤ ਸਿੰਘ ਬਿੱਟੂ ਅਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਫੋਨ ’ਤੇ ਬਦਸਲੂਕੀ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ। ਕੌਂਸਲਰ ਦਾ ਕਹਿਣਾ ਹੈ ਕਿ ਉਸ ਵਲੋਂ ਆਪਣੇ ਵਾਰਡ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹਾਲਾਤ ਖਰਾਬ ਨਾ ਹੋਣ ਪਰ ਐੱਸ. ਐੱਚ. ਓ. ਵਲੋਂ ਮਦਦ ਕਰਨ ਦੀ ਬਜਾਏ ਸਮਾਜ ਸੇਵਾ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਦਾ ਰਵੱਈਆ ਇਸ ਤਰ੍ਹਾਂ ਸਖਤ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਲੋਕ ਘਰਾਂ ਤੋਂ ਬਾਹਰ ਨਿਕਲ ਆਉਣਗੇ, ਜਿਸ ਦਾ ਜ਼ਿੰਮੇਵਾਰ ਐੱਸ. ਐੱਚ. ਓ. ਖੁਦ ਹੋਵੇਗਾ।
ਅਮਰਪੁਰਾ ’ਚ ਖੁੱਲ੍ਹਵਾਈ ਮੈਡੀਕਲ ਸ਼ਾਪ

ਪੁਲਸ, ਪ੍ਰਸ਼ਾਸਨ ਅਤੇ ਕੌਂਸਲਰ ਵਲੋਂ ਅਮਰਪੁਰਾ ’ਚ ਇਕ ਮੈਡੀਕਲ ਸ਼ਾਪ 24 ਘੰਟੇ ਦੇ ਲਈ ਖੁੱਲ੍ਹਵਾਈ ਗਈ ਹੈ ਤਾਂ ਕਿ ਐਮਰਜੈਂਸੀ ਪੈਣ ’ਤੇ ਜੇਕਰ ਕਿਸੇ ਨੂੰ ਦਵਾਈ ਦੀ ਲੋੜ ਪਵੇ ਤਾਂ ਤੁਰੰਤ ਲੋੜਵੰਦਾਂ ਦੇ ਘਰ ਤੱਕ ਪਹੁੰਚਾਈ ਜਾ ਸਕੇ। ਉੱਥੇ ਇਲਾਕੇ ’ਚ ਸਬਜ਼ੀ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਦੇ ਘਰਾਂ ’ਚ ਰਾਸ਼ਨ ਵੀ ਭੇਜਿਆ ਗਿਆ।


Babita

Content Editor

Related News