ਲੁਧਿਆਣਾ ਜ਼ਿਲ੍ਹੇ 'ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਵਧਣ ਲੱਗੀ ਮਰੀਜ਼ਾਂ ਦੀ ਗਿਣਤੀ

Friday, Nov 06, 2020 - 12:23 AM (IST)

ਲੁਧਿਆਣਾ, (ਸਹਿਗਲ)- ਪੰਜਾਬ ’ਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਮੁੜ ਵਧਣ ਦੇ ਨਾਲ ਜ਼ਿਲ੍ਹੇ ’ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਜਿਸ ਕਾਰਨ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਦੂਜੀ ਲਹਿਰ ਤਹਿਤ ਕੋਰੋਨਾ ਕਿਤੇ ਫਿਰ ਕਰੂਰਤਾ ਨਾ ਦਿਖਾ ਦੇਵੇ। ਜ਼ਿਲ੍ਹੇ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 82 ਮਰੀਜ਼ ਪਾਜ਼ੇਟਿਵ ਆਏ ਹਨ, ਇਨ੍ਹਾਂ ਮਰੀਜ਼ਾਂ ਵਿਚ 65 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 17 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।

ਸਿਹਤ ਅਧਿਕਾਰੀ ਮੁਤਾਬਕ ਜਿਨ੍ਹਾਂ ਤਿੰਨ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ’ਚ 2 ਜ਼ਿਲ੍ਹੇ ਦੇ, ਜਦੋਂਕਿ 1 ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ 67 ਮਰੀਜ਼ ਅੱਜ ਘਰੇਲੂ ਇਕਾਂਤਵਾਸ ਵਿਚ ਭੇਜੇ ਗਏ ਹਨ। ਅੱਜ ਨਵੇਂ ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 20,585 ਹੋ ਗਈ ਹੈ। ਇਨ੍ਹਾਂ ਵਿਚੋਂ 844 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਤੋਂ ਇਲਾਜ ਕਰਵਾਉਣ ਆਏ ਮਰੀਜ਼ਾਂ ’ਚੋਂ 28 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚੋਂ 330 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ 513 ਐਕਟਿਵ ਮਰੀਜ਼ ਦੱਸੇ ਜਾਂਦੇ ਹਨ, ਜਦੋਂਕਿ 1017 ਮਰੀਜ਼ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਹਨ। ਉਪਰੋਕਤ ਤੋਂ ਇਲਾਵਾ 80 ਸਰਗਰਮ ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ’ਚੋਂ 6 ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਨਾਲ ਪਾਜ਼ੇਟਿਵ ਹੋਏ ਹਨ, ਜਦੋਂਕਿ 35 ਮਰੀਜ਼ ਓ. ਪੀ. ਡੀ. ਵਿਚ ਸਾਹਮਣੇ ਆਏ ਅਤੇ 18 ਮਰੀਜ਼ ਫਲੂ ਕਾਰਨਰ ਵਿਚ ਸਕ੍ਰੀਨਿੰਗ ਉਪਰੰਤ ਪਾਜ਼ੇਟਿਵ ਪਾਏ ਗਏ।

1610 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 1610 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ ਪਹਿਲਾਂ ਭੇਜੇ ਗਏ 1654 ਮਰੀਜ਼ਾਂ ਦੇ ਸੈਂਪਲ ਅਜੇ ਪੈਂਡਿੰਗ ਹਨ। ਜ਼ਿਲੇ ’ਚ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਦੀ ਲੜੀ ਕਾਫੀ ਮੱਧਮ ਚੱਲ ਰਹੀ ਹੈ, ਜਦੋਂਕਿ ਪਹਿਲਾਂ ਰੋਜ਼ਾਨਾ 5000 ਦੇ ਕਰੀਬ ਸੈਂਪਲ ਲਏ ਜਾ ਰਹੇ ਸਨ।

11 ਮਰੀਜ਼ਾਂ ਦੀ ਹਾਲਤ ਗੰਭੀਰ

ਕੋਰੋਨਾ ਤੋਂ ਪੀੜਤ ਹੋਣ ਉਪਰੰਤ 11 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਵੈਂਟੀਲੇਟਰ ਲਾਇਆ ਗਿਆ ਹੈ। ਇਨ੍ਹਾਂ ਵਿਚੋਂ 4 ਜ਼ਿਲੇ ਦੇ, ਜਦੋਂਕਿ ਨਾਲ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ ਉਮਰ-ਲਿੰਗ-ਹਸਪਤਾਲ

ਮਾਡਲ ਟਾਊਨ        67 ਸਾਲਾ ਪੁਰਸ਼        ਐੱਸ. ਪੀ. ਐੱਸ.

ਫੀਲਡਗੰਜ        49 ਸਾਲਾ ਪੁਰਸ਼        ਸਿਵਲ

ਪੰਜਾਬ ’ਚ ਕੋਰੋਨਾ ਨਾਲ 22 ਮਰੀਜ਼ਾਂ ਦੀ ਮੌਤ

ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਫਿਰ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਵਾਇਰਸ ਤੋਂ ਪੀੜਤ ਹੋ ਕੇ 22 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 541 ਮਰੀਜ਼ ਪਾਜੇਟਿਵ ਆਏ ਹਨ। ਇਨ੍ਹਾਂ ਮ੍ਰਿਤਕਾਂ ਵਿਚ 6 ਮਰੀਜ਼ ਐੱਸ. ਏ. ਐੱਸ. ਨਗਰ, ਫਰੀਦਕੋਟ ਅਤੇ ਜਲੰਧਰ ਵਿਚ 4-4, ਲੁਧਿਆਣਾ ਵਿਚ 2 ਤੋਂ ਇਲਾਵਾ, ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ’ਚ 1-1 ਮਰੀਜ਼ ਦੀ ਮੌਤ ਹੋਈ ਹੈ।

ਸੂਬੇ ਵਿਚ ਹੁਣ ਤੱਕ 1,35,834 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 4281 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਨੋਡਲ ਅਫਸਰ ਦੇ ਮੁਤਾਬਕ ਵੱਖ-ਵੱਖ ਜ਼ਿਲਿਆਂ ’ਚ 125 ਮਰੀਜ਼ ਆਕਸੀਜ਼ਨ ਸਪੋਰਟ ’ਤੇ ਹਨ, ਜਦੋਂਕਿ 17 ਵੈਂਟੀਲੇਟਰ ’ਤੇ। ਅੱਜ ਰਾਜ ਵਿਚ 17,803 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਦੋਂਕਿ ਪਹਿਲਾਂ ਇਹ ਗਿਣਤੀ 30 ਹਜ਼ਾਰ ਪ੍ਰਤੀ ਦਿਨ ਦੇ ਆਸ-ਪਾਸ ਸੀ।


Bharat Thapa

Content Editor

Related News