ਵੱਡੀ ਲਾਪਰਵਾਹੀ : ਸਿਵਲ ਹਸਪਤਾਲ ਤੋਂ ਐਕਸਾਪਇਰ ਹੋ ਚੁੱਕੀ ''ਟ੍ਰਾਮਾਡੋਲ'' ਚੋਰੀ ਕਰਕੇ ਵੇਚ ਰਹੇ ਨਸ਼ੇੜੀ (ਤਸਵੀਰਾਂ)
Sunday, Aug 01, 2021 - 04:15 PM (IST)
ਲੁਧਿਆਣਾ (ਰਾਜ) : ਕੁੱਝ ਦਿਨ ਪਹਿਲਾਂ ‘ਜਗ ਬਾਣੀ’ ਦੀ ਟੀਮ ਨੇ ਖ਼ੁਲਾਸਾ ਕੀਤਾ ਸੀ ਕਿ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਸਿਵਲ ਹਸਪਤਾਲ ਨੇ ਕੂੜੇ ਦੇ ਢੇਰ ’ਚ ਸੁੱਟ ਦਿੱਤੀਆਂ ਸਨ। ਹਾਲਾਂਕਿ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਰਕਤ ਵਿਚ ਆਏ ਸਿਹਤ ਵਿਭਾਗ ਨੇ ਹਫੜਾ-ਦਫੜੀ ਵਿਚ ਕੇਸ ਦੀ ਜਾਂਚ ਲਈ ਐੱਸ. ਐੱਮ. ਓ. ਸਮੇਤ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਸੀ। ਅਜੇ ਉਕਤ ਕੇਸ ਵਿਚ ਜਾਂਚ ਪੂਰੀ ਵੀ ਨਹੀਂ ਹੋਈ ਸੀ ਕਿ ਸਿਵਲ ਹਸਪਤਾਲ ਦੀ ਇਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਰਾਣੀ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਬਣੇ ਇਕ ਕਮਰੇ ਵਿਚ ਲੱਖਾਂ ਰੁਪਏ ਦੀਆਂ ਦਵਾਈਆਂ ਬਿਨਾਂ ਵਰਤੇ ਹੀ ਐਕਸਪਾਇਰ ਹੋ ਗਈਆਂ।
ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ
ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੇ ਕਾਰਟੂਨ ਉਸੇ ਹੀ ਤਰ੍ਹਾਂ ਪੈਕ ਪਏ ਹਨ, ਜਿਨ੍ਹਾਂ ਨੂੰ ਖੋਲ੍ਹਿਆ ਵੀ ਨਹੀਂ ਗਿਆ, ਜਦੋਂ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਪੈਕਟਾਂ ਵਿਚ ਪਾਬੰਦੀਸ਼ੁਦਾ, ਟ੍ਰਾਮਾਡੋਲ ਦੀਆਂ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਪਈਆਂ ਹੋਈਆਂ ਹਨ, ਜਿਨ੍ਹਾਂ ਦੇ ਡੱਬੇ ਖੁੱਲ੍ਹੇ ਹੋਏ ਸਨ, ਜੋ ਉੱਥੇ ਘੁੰਮ ਰਹੇ ਨਸ਼ੇੜੀਆਂ ਵੱਲੋਂ ਖੋਲ੍ਹੇ ਗਏ ਹਨ। ਨਸ਼ੇੜੀ ਇਹ ਪਾਬੰਦੀਸ਼ੁਦਾ ਟ੍ਰਾਮਾਡੋਲ ਉੱਥੋਂ ਚੋਰੀ ਕਰ ਕੇ ਬਾਹਰ ਵੇਚ ਰਹੇ ਹਨ। ‘ਜਗ ਬਾਣੀ’ ਦੀ ਟੀਮ ਨੇ ਨਸ਼ੇ ਦੀਆਂ ਗੋਲੀਆਂ ਵੇਚਦੇ ਨਸ਼ੇੜੀਆਂ ਨੂੰ ਆਪਣੇ ਕੈਮਰੇ ਵਿਚ ਵੀ ਕੈਦ ਕਰ ਲਿਆ, ਜੋ ਪਤਾ ਲੱਗਣ ’ਤੇ ਮੌਕੇ ਤੋਂ ਫ਼ਰਾਰ ਹੋ ਗਏ।
ਅਸਲ ਵਿਚ ਸਿਵਲ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ) ਚੱਲ ਰਿਹਾ ਹੈ। ਉਸੇ ਦੇ ਉੱਪਰ ਤੀਜੀ ਮੰਜ਼ਿਲ ਖ਼ਾਲੀ ਪਈ ਹੈ, ਜਿੱਥੇ ਕਮਰਾ ਨੰਬਰ-12 ਵਿਚ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਰੱਖੀਆਂ ਗਈਆਂ ਹਨ, ਜੋ ਕਿ ਪਈਆਂ-ਪਈਆਂ ਐਕਸਪਾਇਰ ਹੋ ਚੁੱਕੀਆਂ ਹਨ। ਇਨ੍ਹਾਂ ਕਾਰਟੂਨ ਬਾਕਸ ’ਚ ਪਾਬੰਦੀਸ਼ੁਦਾ ਗੋਲੀਆਂ ਟ੍ਰਾਮਾਡੋਲ ਵੀ ਪਈਆਂ ਹਨ। ਟ੍ਰਾਮਾਡੋਲ ਬਿਨਾਂ ਡਾਕਟਰ ਦੇ ਲਿਖੇ ਨਹੀਂ ਮਿਲਦੀ। ਇਹ ਗੋਲੀ ਦਰਦ ਵਿਚ ਵੀ ਕਾਫੀ ਰਾਹਤ ਦਿੰਦੀ ਹੈ, ਨਾਲ ਹੀ ਨਸ਼ੇ ਦੇ ਵੀ ਕੰਮ ਆਉਂਦੀ ਹੈ। ਗੰਭੀਰ ਗੱਲ ਇਹ ਹੈ ਕਿ ਇਹ ਦਵਾਈਆਂ ਮਾਰਚ 2020 ਵਿਚ ਐਕਸਪਾਇਰ ਹੋਈਆਂ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਕੁਝ ਨਸ਼ੇੜੀ ਕਿਸਮ ਦੇ ਲੋਕ ਅੰਦਰੋਂ ਦਵਾਈਆਂ ਦੇ ਪੱਤੇ ਚੋਰੀ ਕਰ ਕੇ ਬਾਹਰ ਵੇਚ ਰਹੇ ਹਨ।
ਇਹ ਵੀ ਪੜ੍ਹੋ : 105 ਸਾਲਾ ਐਥਲੀਟ 'ਬੇਬੇ ਮਾਨ ਕੌਰ' ਪੰਜ ਤੱਤਾਂ 'ਚ ਵਿਲੀਨ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਇਕ ਗੋਲੀ ਵਿਕ ਰਹੀ ਹੈ, 50 ਤੋਂ 100 ਰੁਪਏ ’ਚ
ਸਿਵਲ ਹਸਪਤਾਲ ਦੇ ਐਂਟਰੀ ਗੇਟ ਦੇ ਨਾਲ ਹੀ ਓਟ ਸੈਂਟਰ ’ਚ ਜਾਣ ਵਾਲਾ ਰਸਤਾ ਹੈ, ਜਿੱਥੇ ਥੱਲੇ ਹੀ ਨਸ਼ੇੜੀਆਂ ਦਾ ਜਮਾਵੜਾ ਲੱਗ ਰਿਹਾ ਹੈ। ਓਟ ਸੈਂਟਰ ਵਿਚ ਇਕ ਦਿਨ ਦੇ ਲਈ ਇਕ ਗੋਲੀ ਦਿੱਤੀ ਜਾਂਦੀ ਹੈ, ਜਦੋਂ ਕਿ ਕਈ ਨਸ਼ੇੜੀ ਦਿਨ ਵਿਚ 2 ਗੋਲੀਆਂ ਵੀ ਖਾ ਲੈਂਦੇ ਹਨ। ਬਾਕੀ ਦਾ ਕੋਟਾ ਤੀਜੀ ਮੰਜ਼ਿਲ ’ਤੇ ਪਾਬੰਦੀਸ਼ੁਦਾ ਟ੍ਰਾਮਾਡੋਲ ਖਾ ਕੇ ਪੂਰਾ ਕੀਤਾ ਜਾਂਦਾ ਹੈ। ਅੱਗੇ ਨਸ਼ਾ ਕਰਨ ਵਾਲੇ ਨੂੰ ਇਹ ਇਕ ਗੋਲੀ 50 ਤੋਂ 100 ਰੁਪਏ ਵਿਚ ਅਤੇ 5 ਗੋਲੀਆਂ 400 ਤੋਂ 500 ਵਿਚ ਵੇਚੀਆਂ ਜਾਂਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ