ਕੋਰੋਨਾ ਤੋਂ ਬਾਅਦ ਬੰਦ ''ਰੇਲਾਂ'' ਕਾਰੋਬਾਰੀਆਂ ਲਈ ਬਣੀਆਂ ਮੁਸੀਬਤ

11/12/2020 3:19:25 PM

ਲੁਧਿਆਣਾ (ਨਰਿੰਦਰ) : ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੀ ਬਰਫ਼ਬਾਰੀ ਕਾਰਨ ਲੁਧਿਆਣਾ ਦੇ ਹੌਜ਼ਰੀ ਇੰਡਸਟਰੀ ਮੁੜ ਤੋਂ ਸ਼ੁਰੂ ਹੋ ਗਈ ਹੈ ਕਿਉਂਕਿ ਗਰਮ ਕੱਪੜਿਆਂ ਦੀ ਵਿਕਰੀ ਵੱਧਣ ਲੱਗੀ ਹੈ ਪਰ ਟਰੇਨਾ ਬੰਦ ਹੋਣ ਕਰਕੇ ਕਾਰੋਬਾਰੀਆਂ ਨੂੰ ਕੁੱਝ ਮੁਸ਼ਕਿਲਾਂ ਜ਼ਰੂਰ ਦਰਪੇਸ਼ ਆ ਰਹੀਆਂ ਹਨ। ਲੁਧਿਆਣਾ 'ਚ ਗਰਮ ਕੱਪੜੇ ਖਰੀਦਣ ਲਈ ਜੰਮੂ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਆਦਿ ਤੋਂ ਕਾਰੋਬਾਰੀ ਆਉਂਦੇ ਹਨ ਪਰ ਰੇਲਾਂ ਨਾ ਚੱਲਣ ਕਾਰਨ ਉਨ੍ਹਾਂ ਨੂੰ ਸਮਾਨ ਦੀ ਢੋਆ-ਢੁਆਈ ਮਹਿੰਗੀ ਪੈ ਗਈ ਹੈ, ਜਿਸ ਕਰਕੇ ਮੁਨਾਫ਼ਾ ਘੱਟ ਰਿਹਾ ਹੈ।

ਕੋਰੋਨਾ ਮਹਾਮਾਰੀ ਤੋਂ ਬਾਅਦ ਕਾਰੋਬਾਰੀਆਂ 'ਚ ਉਮੀਦ ਜਾਗੀ ਹੈ ਕਿ ਠੰਡ ਦੀ ਚੰਗੀ ਆਮਦ ਨਾਲ ਹੌਜਰੀ ਕਾਰੋਬਾਰ ਵੀ ਵਧੇਗਾ। ਲੁਧਿਆਣਾ ਵਪਾਰ ਮੰਡਲ ਕੇਂਦਰੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਕੰਮ-ਕਾਰ ਜ਼ਰੂਰ ਚੱਲਣੇ ਸ਼ੁਰੂ ਹੋ ਗਏ ਹਨ ਪਰ ਟਰਾਂਸਪੋਰਟ ਵੀ ਵੱਡੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਕਾਰੋਬਾਰੀ ਪੰਜਾਬ 'ਚ ਆਉਣ ਤੋਂ ਡਰ ਰਹੇ ਹਨ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਕਾਰਨ ਠੱਪ ਪਿਆ ਕਾਰੋਬਾਰ ਮੁੜ ਤੋਂ ਸ਼ੁਰੂ ਹੋ ਜਾਵੇਗਾ।

ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਰ ਚੰਗੇ ਸੀਜ਼ਨ ਦੀ ਉਮੀਦ ਹੈ ਕਿਉਂਕਿ ਠੰਡ ਚੰਗੀ ਹੈ। ਉਨ੍ਹਾਂ ਕਿਹਾ ਕਿ 6 ਮਹੀਨਿਆਂ ਦਾ ਉਨ੍ਹਾਂ ਦਾ ਸੀਜ਼ਨ ਹੁੰਦਾ ਹੈ। ਦੂਜੇ ਪਾਸੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੋਂ ਵੀ ਕੁੱਝ ਵਪਾਰੀ ਜ਼ਰੂਰ ਲੁਧਿਆਣਾ ਗਰਮ ਕੱਪੜੇ ਲੈਣ ਪਹੁੰਚ ਰਹੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਬੱਝੀ ਹੈ ਕਿ ਕੰਮ ਚੰਗਾ ਚੱਲੇਗਾ।
 


Babita

Content Editor

Related News