ਲੁਧਿਆਣਾ: ADC ਜਗਰਾਓਂ ਸਮੇਤ 53 ਲੋਕ ਕੋਰੋਨਾ ਪਾਜ਼ੇਟਿਵ

Wednesday, Jul 08, 2020 - 09:59 PM (IST)

ਲੁਧਿਆਣਾ,(ਸਹਿਗਲ)- ਪ੍ਰਸ਼ਾਸਨਿਕ ਅਧਿਕਾਰੀਆਂ ’ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੱਲ੍ਹ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਤੋਂ ਬਾਅਦ ਏ. ਡੀ. ਸੀ. ਜਗਰਾਓਂ ਨੀਰੂ ਕਤਿਆਲ ਗੁਪਤਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆ ਗਈ। ਨੀਰੂ ਕਤਿਆਲ ਅੱਜ ਦਯਾਨੰਦ ਹਸਪਤਾਲ ’ਚ ਭਰਤੀ ਹੋ ਗਈ ਹੈ। ਇਸ ਤੋਂ ਇਲਾਵਾ ਡਾਬਾ ਲੋਹਾਰਾ ਦੇ ਰਹਿਣ ਵਾਲੇ 54 ਸਾਲਾ ਮਰੀਜ਼ ਦੀ ਅੱਜ ਓਸਵਾਲ ਹਸਪਤਾਲ ਵਿਚ ਮੌਤ ਹੋ ਗਈ ਅਤੇ 53 ਮਰੀਜ਼ਾਂ ਦੀ ਸਿਹਤ ਵਿਭਾਗ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ’ਚੋਂ 5 ਦੂਜੇ ਜ਼ਿਲਿਆਂ ਆਦਿ ਸਥਾਨਾਂ ਦੇ ਰਹਿਣ ਵਾਲੇ ਹਨ, ਜਦਕਿ 48 ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ। ਹੁਣ ਤੱਕ 1194 ਮਰੀਜ਼ਾਂ ਦੀ ਸਿਹਤ ਵਿਭਾਗ ਪੁਸ਼ਟੀ ਕਰ ਚੁੱਕਾ ਹੈ ਅਤੇ ਇਨ੍ਹਾਂ ’ਚੋਂ 28 ਮਰੀਜ਼ਾਂ ਦੀ ਮੌਤ ਹੋ ਚੱਕੀ ਹੈ। ਕੱਲ੍ਹ 40 ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਵਾਇਰਸ ਸਬੰਧਤ ਟੈਸਟ ਕੀਤੇ ਗਏ ਜੋ ਜ਼ਿਲਾ ਦਫਤਰ ’ਚ ਕੰਮ ਕਰਦੇ ਹਨ।

ਇਸ ਸਿਲਸਿਲੇ ’ਚ ਅੱਜ ਸਰਕਾਰੀ ਵਿਭਾਗਾਂ ਦੇ 50 ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਦੀ ਰਿਪੋਰਟ ਆਉਣੀ ਬਾਕੀ ਹੈ। ਕੁੱਝ ਅਧਿਕਾਰੀਆਂ ਦੇ ਟੈਸਟ 4 ਦਿਨ ਬਾਅਦ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਵੈਇੱਛੁਕ ਤੌਰ ’ਤੇ ਕਰਵਾਏ ਗਏ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਕੱਲ ਹੀ ਨੈਗੇਟਿਵ ਆ ਗਈ ਸੀ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਰਹਿਣ ਵਾਲੇ ਹਨ। ਜਿਨ੍ਹਾਂ ਵਿਚੋਂ 8 ਭਾਮੀਆਂ, 4 ਚੀਮਾ ਚੌਕ, 2 ਢੋਕਾ ਮੁਹੱਲਾ, ਤਿੰਨ ਦੇਵ ਨਗਰ ਤੋਂ ਇਲਾਵਾ ਬਾਕੀ ਮਰੀਜ਼ ਜਮਾਲਪੁਰ, ਤਾਜਪੁਰ, ਜਨਕਪੁਰੀ, ਮੁਰਾਦਪੁਰਾ, ਸਾਹਨੇਵਾਲ, ਆਲਮਗੀਰ, ਈ. ਡਬਲਿਊ. ਐੱਸ. ਕਾਲੋਨੀ, ਜਨਤਾ ਨਗਰ, ਬਾਜਰਾ ਪਿੰਡ ਡੇਹਲੋਂ, ਮਾਲ ਰੋਡ, ਬਲੀਪੁਰ ਪਿੰਡ, ਪੁਰਾਣੀ ਮਾਧੋਪੁਰੀ, ਡਾਬਾ ਲੋਹਾਰਾ, ਨਿਊ ਕੁੰਦਨਪੁਰੀ, ਗੁਰੂ ਗੋਬਿੰਦ ਸਿੰਘ ਨਗਰ ਅਤੇ ਬਾਬਾ ਕਾਲੋਨੀ ਆਦਿ ਖੇਤਰਾਂ ਦੇ ਰਹਿਣ ਵਾਲੇ ਹਨ।

2318 ਮਰੀਜ਼ ਹੋਮ ਕੁਆਰੰਟਾਈਨ

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ 2318 ਮਰੀਜ਼ ਸ਼ੱਕ ਦੇ ਅਧਾਰ ’ਤੇ ਹੋਮ ਕੁਆਰੰਟਾਈਨ ਹਨ, ਜਦਕਿ 313 ਇੰਟਰਨੈਸ਼ਨਲ ਪੇਸੈਂਜਰ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ 879 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਦਕਿ 1016 ਰਿਪੋਰਟ ਦਾ ਉਨ੍ਹਾਂ ਨੂੰ ਇੰਤਜ਼ਾਰ ਹੈ।

ਦੂਜੇ ਜ਼ਿਲਿਆਂ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 234 ਹੋਈ

ਸਿਵਲ ਸਰਜਨ ਅਨੁਸਾਰ ਸ਼ਹਿਰ ਦੇ ਹਸਪਤਾਲਾਂ ਵਿਚ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 234 ਹੋ ਗਈ ਹੈ। ਇਨ੍ਹਾਂ ’ਚੋਂ 27 ਲੋਕਾਂ ਦੀ ਮੌਤ ਹੋ ਚੁੱਕੀ ਹੈ।


Bharat Thapa

Content Editor

Related News