ਲੁਧਿਆਣਾ ਜ਼ਿਲ੍ਹੇ ''ਚ ਇਕੋ ਦਿਨ ਕੋਰੋਨਾ ਦੇ 470 ਨਵੇਂ ਮਾਮਲੇ ਆਏ ਸਾਹਮਣੇ, 16 ਦੀ ਮੌਤ
Sunday, Sep 13, 2020 - 01:08 AM (IST)
ਲੁਧਿਆਣਾ,(ਸਹਿਗਲ)- ਮਹਾਨਗਰ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਬਲਾਸਟ ਕਰਦੇ ਹੋਏ 470 ਵਿਅਕਤੀ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ 16 ਦੀ ਮੌਤ ਹੋ ਗਈ। ਇਨ੍ਹਾਂ 470 ਵਿਚੋਂ 435 ਜ਼ਿਲੇ ਦੇ ਹਨ ਜਦੋਂਕਿ 35 ਦੂਜੇ ਜ਼ਿਲਿਆਂ ਦੇ। ਇਸੇ ਤਰ੍ਹਾਂ 16 ਵਿਚੋਂ 13 ਲੋਕ ਜ਼ਿਲੇ ਨਾਲ ਸਬੰਧਤ ਹਨ ਜਦੋਂਕਿ ਤਿੰਨ ਦੂਜੇ ਜ਼ਿਲਿਆਂ ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਬਰਨਾਲਾ ਨਾਲ ਸੰਬਧਤ ਹਨ। ਹੁਣ ਤੱਕ ਮਹਾਨਗਰ ਵਿਚ 13445 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 571 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1456 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ, ਜੋ ਸਥਾਨਕ ਹਪਸਤਾਲਾਂ ਵਿਚ ਇਲਾਜ ਦੌਰਾਨ ਪਾਜ਼ੇਟਿਵ ਆਏ। ਇਨ੍ਹਾਂ ਵਿਚੋਂ 151 ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਮੁਤਾਬਕ ਅੱਜ ਸਾਹਮਣੇ ਪਾਜ਼ੇਟਿਵ ਮਰੀਜ਼ਾਂ ਵਿਚੋਂ 56 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ, ਜਦੋਂਕਿ 113 ਓ. ਪੀ. ਡੀ. ਅਤੇ 136 ਫਲੂ ਕਾਰਨਰ ਵਿਚ ਸਾਹਮਣੇ ਆਏ। 5037 ਸ਼ੱਕੀ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ। ਸਿਹਤ ਵਿਭਾਗ ਵੱਲੋਂ ਅੱਜ 5037 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 1966 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ 134780 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 132814 ਵਿਅਕਤੀਆਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ ਜਦੋਂਕਿ ਇਨ੍ਹਾਂ ਵਿਚੋਂ 117913 ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਨ। 286 ਵਿਅਕਤੀਆਂ ਨੂੰ ਕੀਤਾ ਹੋਮ ਕੁਆਰੰਟਾਈਨ : ਸਿਹਤ ਵਿਭਾਗ ਨੇ 286 ਵਿਅਕਤੀਆਂ ਨੂੰ ਜਾਂਚ ਉਪਰੰਤ ਹੋਮ ਕੁਆਰੰਟਾਈਨ ਕੀਤੇ ਹਨ। ਸਿਵਲ ਸਰਜਨ ਮੁਤਾਬਕ ਮੌਜੂਦਾ ਸਮੇਂ ਵਿਚ 4792 ਵਿਅਕਤੀ ਹੋਮ ਕੁਆਰੰਟਾਈਨ ਹਨ, ਜਦੋਂਕਿ ਹੁਣ ਤੱਕ 38683 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ।
ਡੈਂਟਲ ਨਹੀਂ ਮੈਡੀਸਨ ਦੇ ਡਾਕਟਰ ਭੇਜੋ ਜਨਾਬ
ਸਰਕਾਰੀ ਕੁਆਰੰਟਾਈਨ ਸੈਂਟਰਾਂ ਵਿਚ ਮੈਡੀਸਨ ਤੋਂ ਇਲਾਵਾ ਡੈਂਟਲ ਨੂੰ ਆਯੂਰਵੈਦਿਕ ਅਤੇ ਹੋਰ ਸਪੈਸ਼ਲਿਟੀ ਡਾਕਟਰਾਂ ਦੀ ਡਿਊਟੀ ਵੀ ਲਾਈ ਜਾ ਰਹੀ ਹੈ। ਹਾਲ ਹੀ ਵਿਚ ਇਕ ਨੋਡਲ ਅਫਸਰ ਨੇ ਸਥਾਨਕ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਡਾਕਟਰਾਂ ਦੀ ਆਈਸੋਲੇਸ਼ਨ ਸ਼ਾਰਟੇਜ ਨੂੰ ਪੂਰਾ ਕੀਤਾ ਜਾਵੇ ਪਰ ਉੱਥੇ ਡੈਂਟਲ ਡਾਕਟਰ ਨੂੰ ਹਟਾ ਕੇ ਮੈਡੀਸਨ ਦੇ ਡਾਕਟਰਾਂ ਦੀ ਜਾਂ ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਡਿਊਟੀ ਲਾਈ ਜਾਵੇ। ਸਰਕਾਰੀ ਹਸਪਤਾਲਾਂ ਦੀ ਖਸਤਾਹਾਲ ਵਿਵਸਥਾ ਅਤੇ ਨਿੱਜੀ ਹਸਪਤਾਲਾਂ ’ਤੇ ਵਧਦੇ ਬੋਝ ਕਾਰਨ ਉੱਥੇ ਵੀ ਹਰ ਸਪੈਸ਼ਲਿਟੀ ਦੇ ਡਾਕਟਰਾਂ ਨੂੰ ਕੋਵਿਡ-19 ਮਰੀਜ਼ਾਂ ਲਈ ਡਿਊਟੀ ਦੇਣ ਲਈ ਕਿਹਾ ਜਾ ਰਿਹਾ ਹੈ। ਪਹਿਲੇ ਪੜਾਅ ਵਿਚ ਜੂਨੀਅਰ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੀਨੀਅਰ ਕਦੇ ਕਦਾਈਂ ਹੀ ਰਾਊਂਡ ’ਤੇ ਆਉਂਦੇ ਹਨ। 4 ਮਰੀਜ਼ਾਂ ਤੋਂ ''ਸਿਰਫ ਕੀ ਹਾਲ ਹੈ?'' ਤੋਂ ਅੱਗੇ ਕੁਝ ਨਹੀਂ ਪੁੱਛਿਆ ਜਾਂਦਾ। ਮਰੀਜ਼ ਜੋ ਵੀ ਦੱਸਦਾ ਹੈ, ਉਸ ਨੂੰ ਜੂਨੀਅਰ ਡਾਕਟਰਾਂ ਨੂੰ ਦੇਖ ਲੈਣ ਦਾ ਕਹਿ ਕੇ ਰਾਊਂਡ ਤੋਂ ਵਾਪਸ ਚਲੇ ਜਾਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਸੀਨੀਅਰ ਡਾਕਟਰ ਹੀ ਜ਼ਿਆਦਾ ਰਾਊਂਡ ਕਰ ਰਹੇ ਹਨ।
ਮ੍ਰਿਤਕ ਮਰੀਜ਼ਾਂ ਦਾ ਬਿਓਰਾ :
ਇਲਾਕਾ ਉਮਰ ਹਸਪਤਾਲ
* ਸਲੇਮ ਟਾਬਰੀ (50 ਪੁਰਸ਼) ਸਿਵਲ ਹਸਪਤਾਲ
* ਅਮਨ ਨਗਰ (68 ਪੁਰਸ਼) ਓਸਵਾਲ
* ਸਰਾਭਾ ਨਗਰ (29 ਪੁਰਸ਼) ਐੱਸ. ਪੀ. ਐੱਸ.
* ਅਮਨ ਪਾਰਕ, ਥਰੀਕੇ (92 ਔਰਤ) ਰਘੂਨਾਥ
* ਬਸਤੀ ਜੋਧੇਵਾਲ (35 ਪੁਰਸ਼) ਸੀ. ਐੱਮ. ਸੀ.
*ਨਿਊ ਵਿਸ਼ਨੂੰਪੁਰੀ (59 ਔਰਤ) ਡੀ. ਐੱਮ. ਸੀ.
* ਪਿੰਡ ਬਾਜੜਾ (60 ਔਰਤ) ਅਰੋੜਾ ਨਿਊਰੋ
* ਬਸਤੀ ਜੋਧੇਵਾਲ (55 ਔਰਤ) ਪੰਚਮ
* ਬਸਤੀ ਜੋਧੇਵਾਲ (63 ਔਰਤ) ਏਮਸ
* ਬੱਸੀ ਹੰਸਲ ਐਨਕਲੇਵ (55 ਔਰਤ) ਜੀ. ਟੀ. ਬੀ.
* ਬੀ. ਆਰ. ਐੱਸ. ਨਗਰ (85 ਔਰਤ) ਗੁਰੂਦੇਵ
* ਪਿੰਡ ਢੈਪਈ (53 ਪੁਰਸ਼) ਸੀ. ਐੱਮ. ਸੀ.
* ਪਿੰਡ ਕੰਗਣਵਾਲ (63 ਪੁਰਸ਼) ਸਿਵਲ
ਜ਼ਿਲ੍ਹੇ ਦੇ ਕਿਸ ਸਬ-ਡਵੀਜ਼ਨ ਵਿਚ ਕਿੰਨੇ ਕੇਸ
ਸਬ-ਡਵੀਜ਼ਨ ਪਾਜ਼ੇਟਿਵ ਮਰੀਜ਼ ਮੌਤ
ਜਗਰਾਓਂ 445 14
ਰਾਏਕੋਟ 193 5
ਖੰਨਾ 401 25
ਸਮਰਾਲਾ 183 9
ਪਾਇਲ 232 10
ਲੁਧਿਆਣਾ ਸਿਟੀ 11, 991 508