ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਮਰੀਜ਼ਾਂ ਦੀ ਮੌਤ, 157 ਨਵੇਂ ਮਾਮਲੇ ਆਏ ਸਾਹਮਣੇ

Thursday, Jul 30, 2020 - 11:08 PM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਮਰੀਜ਼ਾਂ ਦੀ ਮੌਤ, 157 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ,(ਸਹਿਗਲ)- ਮਹਾਨਗਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ । ਅੱਜ 4 ਮਰੀਜ਼ਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ 157 ਕੇਸ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ 142 ਮਰੀਜ਼ ਜ਼ਿਲੇ ਨਾਲ ਸਬੰਧਤ ਹਨ, ਜਦਕਿ 15 ਮਰੀਜ਼ ਦੂਜੇ ਜ਼ਿਲਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ। ਅੱਜ ਜਿਨ੍ਹਾਂ ਚਾਰ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਵਿਚ 35 ਸਾਲਾ ਮਰੀਜ਼ ਦੀਪ ਹਸਪਤਾਲ ਵਿਚ ਭਰਤੀ ਸੀ ਅਤੇ ਭੱਟੀਆਂ ਦਾ ਰਹਿਣ ਵਾਲਾ ਸੀ । ਦੂਜਾ 64 ਸਾਲਾ ਮਰੀਜ਼ ਧੂਰੀ ਲਾਈਨ ਦਾ ਰਹਿਣ ਵਾਲਾ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ । ਇਸ ਤੋਂ ਇਲਾਵਾ ਤੀਜਾ ਮਰੀਜ਼ 70 ਸਾਲਾ ਬਜ਼ੁਰਗ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਸੀ.ਐੱਮ.ਸੀ. ਹਸਪਤਾਲ ਵਿਚ ਭਰਤੀ ਸੀ, ਜਦਕਿ ਚੌਥਾ 57 ਸਾਲਾ ਮਹਿਲਾ ਐੱਸ.ਪੀ.ਐੱਸ. ਹਸਪਤਾਲ ਵਿਚ ਭਰਤੀ ਸੀ ਅਤੇ ਪਟਿਆਲਾ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ । ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਕੁਲ 61,304 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 59,504 ਸੈਂਪਲ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ । ਇਨ੍ਹਾਂ ਵਿਚੋਂ 56,044 ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 1800 ਸੈਂਪਲਾਂ ਦੀ ਰਿਪੋਰਟ ਕੀਤੀ ਆਉਣੀ ਬਾਕੀ ਹੈ । ਉਨ੍ਹਾਂ ਕਿਹਾ ਕਿ ਹੁਣ ਲੁਧਿਆਣਾ ਨਾਲ ਸਬੰਧਤ ਰੋਗੀਆਂ ਦੀ ਕੁਲ ਗਿਣਤੀ 3028 ਹੈ, ਜਦਕਿ 432 ਮਰੀਜ਼ ਹੋਰਨਾਂ ਜ਼ਿਲਿਆਂ ਜਾਂ ਰਾਜਾਂ ਦੇ ਹਨ । ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 82 ਮੌਤਾਂ ਲੁਧਿਆਣਾ ਅਤੇ 40 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਸਨ ।

253 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਰਵੇ ਅਤੇ ਜਾਂਚ ਤੋਂ ਬਾਅਦ 253 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜ ਦਿੱਤਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਪਾਜ਼ੇਟਿਵ ਜਾਂ ਸ਼ੱਕੀ ਮਰੀਜ਼ਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 21,299 ਲੋਕਾਂ ਨੂੰ ਆਈਸੋਲੇਸ਼ਨ ਵਿਚ ਭੇਜਿਆ ਜਾ ਚੁੱਕਾ ਹੈ, ਜਦਕਿ ਮੌਜੂਦਾ ਸਮੇਂ ਵਿਚ 3987 ਹੋਮ ਆਈਸੋਲੇਸ਼ਨ ਵਿਚ ਹਨ । ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਹ ਯਕੀਨੀ ਕਰਨ ਦਾ ਯਤਨ ਕਰਦੇ ਹਨ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਕੋਵਿਡ-19 ਜਾਂ ਸ਼ੱਕੀ ਪਾਇਆ ਜਾਂਦਾ ਹੈ ਤਾਂ ਸੈਂਪਲ ਤੁਰੰਤ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾਂ ਸੈਂਕੜਿਆਂ ਵਿਚ ਹੈ ।

846 ਸੈਂਪਲ ਜਾਂਚ ਲਈ ਭੇਜੇ

ਸਿਵਲ ਸਰਜ਼ਨ ਨੇ ਦੱਸਿਆ ਕਿ ਅੱਜ 846 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1800 ਸੈਂਪਲਾਂ ਦੀਆਂ ਰਿਪੋਰਟਾਂ ਦਾ ਉਨ੍ਹਾਂ ਨੂੰ ਇੰਤਜ਼ਾਰ ਹੈ।


author

Bharat Thapa

Content Editor

Related News