ਨਗਰ ਕੌਂਸਲ ਦੇ ਪਬਲਿਕ ਡੀਲਿੰਗ ਕਰਮਚਾਰੀਆਂ ਦੀਆਂ ਲੱਗੀਆਂ ਚੋਣ ਡਿਊਟੀਆਂ, ਕੰਮਾਂ ਨੂੰ ਬਰੇਕਾਂ
Thursday, Apr 11, 2019 - 04:35 AM (IST)

ਲੁਧਿਆਣਾ (ਕਾਲੀਆ)-ਨਗਰ ਕੌਂਸਲ ਮੁੱਲਾਂਪੁਰ ਦਾਖਾ ਜੋ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਦੀ ਹੈ, ਵਿਚ ਆਮ ਸ਼ਹਿਰੀਆਂ ਨਾਲ ਰਾਬਤਾ ਕਾਇਮ ਕਰਨ ਵਾਲਾ ਹੁਣ ਕੋਈ ਵੀ ਕਰਮਚਾਰੀ ਨਹੀਂ ਹੈ ਕਿਉਂਕਿ ਪਹਿਲਾਂ ਹੀ ਕਲਰਕਾਂ ਦੀ ਘਾਟ ਸੀ, ਉਪਰੋਂ 4 ਕਲਰਕ ਜੋ ਪਬਲਿਕ ਰਾਬਤਾ ਬਣਾਉਂਦੇ ਸਨ, ਉਨ੍ਹਾਂ ਦੀਆਂ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਚੋਣ ਡਿਊਟੀਆਂ ਲਾ ਦਿੱਤੀਆਂ ਹਨ, ਜਿਸ ਕਾਰਨ ਹੁਣ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ ਹਨ, ਉਥੇ ਨਗਰ ਕੌਂਸਲ ਦੀ ਆਮਦਨ ਇਹੀ ਕਲਰਕ ਇਕੱਠੀ ਕਰਦੇ ਸਨ ਪਰ ਚੋਣ ਡਿਊਟੀ ਪੈਣ ਕਾਰਨ ਜਿਥੇ ਨਗਰ ਕੌਂਸਲ ਦੀ ਆਮਦਨ ਦੇ ਸ੍ਰੋਤ ਜੋ ਇਕੱਠੀ ਕਰਦੇ ਸਨ, ਵਾਂਝੇ ਹੋ ਗਏ ਹਨ, ਜਿਸ ਕਾਰਨ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਹੁਣ ਆਪਣੀਆਂ ਤਨਖਾਹਾਂ ਦੇ ਵੀ ਲਾਲੇ ਪੈ ਗਏ ਹਨ।ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਕਾਰਜ ਸਾਧਕ ਅਫਸਰ ਗੁਰਪਾਲ ਸਿੰਘ ਤੇ ਅਨਿਲ ਜੈਨ ਨੇ ਦੱਸਿਆ ਕਿ ਨਗਰ ਕੌਂਸਲ ’ਚ ਸਿਰਫ ਚਾਰ ਮੁਲਾਜ਼ਮ ਹੁਸਨ ਲਾਲ ਕਲਰਕ, ਗੁਰਜੀਤ ਸਿੰਘ ਗੋਲਡੀ ਹੈਲਪਰ, ਲਖਵਿੰਦਰ ਸਿੰਘ ਲੱਕੀ ਜੂਨੀਅਰ ਸਹਾਇਕ ਤੇ ਸੁਖਜੀਤ ਸਿੰਘ ਭੱਟੀ ਆਮ ਸ਼ਹਿਰ ਦੇ ਨਾਗਰਿਕਾਂ ਨਾਲ ਡੀਲਿੰਗ ਕਰਦੇ ਸਨ, ਇਨ੍ਹਾਂ ਦੀ ਚੋਣ ਡਿਊਟੀ ਲੱਗਣ ਕਾਰਨ ਹੁਣ ਪਬਲਿਕ ਡੀਲਿੰਗ ਬਿਲਕੁਲ ਬੰਦ ਹੋ ਗਈ ਹੈ, ਜਿਸ ਕਰ ਕੇ ਸ਼ਹਿਰ ਦੇ ਨਾਗਰਿਕਾਂ ਨੂੰ ਬਡ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੀ ਚੋਣ ਡਿਊਟੀ ਹੋਣ ਕਾਰਨ ਅਕਾਊਂਟਸ ਬ੍ਰਾਂਚ, ਏਜੰਡਾ ਕਲਰਕ, ਵਰਕਰਸ ਕਮੇਟੀ ਆਦਿ ਕਾਰਜ ਬਿਲਕੁੱਲ ਠੱਪ ਹੋ ਕੇ ਰਹਿ ਗਏ ਹਨ। ਹੁਣ ਸਿਰਫ ਕਾਰਜ ਸਾਧਕ ਅਫਸਰ ਜੋ ਕਿ ਕਮਾਂਡਰ ਹੈ, ਬਿਨਾਂ ਫੌਜ ਤੋਂ ਨਿਹੱਥਾ ਹੋ ਕੇ ਬੈਠ ਗਿਆ ਹੈ। ਹੋਰ ਤਾਂ ਹੋਰ ਇਨ੍ਹਾਂ ਕਰਮਚਾਰੀਆਂ ਨੇ ਹੀ ਨਗਰ ਕੌਂਸਲ ਦੀ ਆਮਦਨ ਇਕੱਠੀ ਕਰਨੀ ਹੁੰਦੀ ਹੈ, ਜਿਸ ਕਾਰਨ ਕਰੀਬ 11 ਲੱਖ ਰੁਪਏ ਦੀਆਂ ਤਨਖਾਹਾਂ ਕਰਮਚਾਰੀਆਂ ਨੂੰ ਮਿਲਦੀਆਂ ਹਨ ਤੇ ਇਹ ਤਨਖਾਹਾਂ ਨਗਰ ਕੌਂਸਲ ਹੀ ਦਿੰਦੀ ਹੈ ਜਦਕਿ ਸਰਕਾਰ ਵਲੋਂ ਤਨਖਾਹਾਂ ਦੇਣ ਦੀ ਕੋਈ ਤਜਵੀਜ਼ ਨਹੀਂ ਹੈ, ਜਿਸ ਕਰ ਕੇ ਸਾਨੂੰ ਇਨ੍ਹਾਂ ਦੀਆਂ ਤਨਖਾਹਾਂ ਦਾ ਫਿਕਰ ਪਿਆ ਹੋਇਆ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਨੂੰ ਚੋਣ ਡਿਊਟੀਆਂ ਤੋਂ ਨਿਜਾਤ ਦਿਵਾ ਕੇ ਨਗਰ ਕੌਂਸਲ ਭੇਜਿਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਦੇ ਕਾਰਜ ਵਿਚ ਖਡ਼ੋਤ ਨਾ ਆਵੇ।