ਵੱਡੇ ਘਰਾਂ ਦੇ ਕਾਕੇ ਬਿਨਾਂ ਹੈਲਮੇਟ ਬੁਲੇਟ ’ਤੇ ਪਾ ਰਹੇ ਪਟਾਕੇ
Sunday, Mar 03, 2019 - 03:58 AM (IST)
ਲੁਧਿਆਣਾ (ਭੰਡਾਰੀ)-ਅੱਜਕੱਲ ਲਵਰ ਲੇਨ ਦੇ ਨਾਂ ਨਾਲ ਜਾਣੇ ਜਾਂਦੇ ਘੁਮਾਰ ਮੰਡੀ ਕਾਲਜ ਰੋਡ ’ਤੇ ਵੱਡੇ ਘਰਾਂ ਦੇ ਮਨਚਲੇ ਨੌਜਵਾਨ ਸ਼ਰੇਆਮ ਇਨ੍ਹਾਂ ਸਡ਼ਕਾਂ ’ਤੇ ਸਕੂਲ, ਕਾਲਜ ਆਉਣ-ਜਾਣ ਵਾਲੀਆਂ ਲਡ਼ਕੀਆਂ ਨਾਲ ਛੇਡ਼ਖਾਨੀ ਕਰਦੇ ਹਨ ਅਤੇ ਬਿਨਾਂ ਹੈਲਮੇਟ ਪਹਿਨੇ ਬੁਲਟ ਦੇ ਪਟਾਕੇ ਮਾਰਦੇ ਹਨ, ਜਿਸ ਕਾਰਨ ਲੋਕ ਡਰ ਜਾਂਦੇ ਹਨ ਤੇ ਬਜ਼ੁਰਗਾਂ ਦਾ ਦਿਲ ਕੰਬ ਉੱਠਦਾ ਹੈ। ਇਸ ਨਾਲ ਆਵਾਜ਼ ਪ੍ਰਦੂਸ਼ਣ ਵੀ ਹੁੰਦਾ ਹੈ। ਇਸ ਸਬੰਧੀ ਨਿਊ ਮਾਧੋਪੁਰੀ ਦੇ ਉਦਯੋਗਪਤੀ ਰਵੀ ਸੇਠ ਨੇ ਦੱਸਿਆ ਕਿ ਇਹ ਨੌਜਵਾਨ ਵਰਗ ਬਹੁਤ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚਲਾਉਂਦੇ ਹਨ ਅਤੇ ਕਈ ਵਾਰ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਤੇਜ਼ ਰਫਤਾਰ ਵਾਹਨ ਚਲਾਉਣ ਕਾਰਨ ਕਈ ਵੱਡੇ ਹਾਦਸੇ ਹੋ ਚੁੱਕੇ ਹਨ ਜਿਨ੍ਹਾਂ ਵਿਚ ਕਈ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਸੇਠ ਨੇ ਇਹ ਵੀ ਕਿਹਾ ਕਿ ਇਹ ਤੇਜ਼ ਰਫਤਾਰ ਵਾਹਨ ਚਲਾਉਣ ਵਾਲੇ ਨੌਜਵਾਨ ਰੈੱਡ ਲਾਈਟ ਦੀ ਪ੍ਰਵਾਹ ਨਾ ਕਰਦੇ ਹੋਏ ਰੈੱਡ ਲਾਈਟ ਜੰਪ ਕਰਦੇ ਹਨ ਜਿਸ ਨਾਲ ਕੋਈ ਵੱਡੀ ਘਟਨਾ ਦਾ ਕਾਰਨ ਬਣਦੇ ਹਨ। ਉਨ੍ਹਾਂ ਲੁਧਿਆਣਾ ਪੁਲਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਨ੍ਹਾਂ ਮਨਚਲੇ ਨੌਜਵਾਨਾਂ ਦੀ ਛੇਡ਼ਖਾਨੀ ਤੋਂ ਲਡ਼ਕੀਆਂ ਨੂੰ ਬਚਾਇਆ ਜਾਵੇ ਅਤੇ ਇਨ੍ਹਾਂ ’ਤੇ ਸ਼ਿਕੰਜਾ ਕੱਸਦੇ ਹੋਏ ਇਨ੍ਹਾਂ ਦੇ ਬੁਲਟ ਮੋਟਰਸਾਈਕਲਾਂ ਦੇ ਸਲੰਸਰ ਬਦਵਾਏ ਜਾਣ ਤਾਂਕਿ ਇਹ ਮਨਚਲੇ ਲਡ਼ਕੇ ਮੋਟਰਸਾਈਕਲਾਂ ਦੇ ਪਟਾਕੇ ਨਾ ਵਜਾਉਣ।
