ਅਕਾਲੀ ਦਲ ਲੋਕ ਸਭਾ ਦੀਆਂ ਲਗਭਗ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕਰੇਗਾ : ਚੀਮਾ
Wednesday, Feb 06, 2019 - 04:41 AM (IST)
ਲੁਧਿਆਣਾ (ਅਨਿਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਸਾਰੇ ਫਰੰਟ ’ਤੇ ਫੇਲ ਸਾਬਤ ਹੋਈ ਹੈ। ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਦਾ ਹਰ ਵਰਗ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰਦਾ ਹੈ। 2017 ਵਿਚ ਸਤ੍ਹਾ ਹਾਸਲ ਕਰਨ ਲਈ ਕਾਂਗਰਸ ਨੇ ਸੂਬੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਤਾਂ ਕੀ ਕਰਨੇ ਸਨ, ਸਗੋਂ ਅਕਾਲੀ ਸਰਕਾਰ ਸਮੇਂ ਤੋਂ ਮਿਲ ਰਹੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ। ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਡਾ. ਚੀਮਾ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਕਾਂਗਰਸ ਸਰਕਾਰ ਨੂੰ ਉਸ ਦੀ ਸਹੀ ਜਗ੍ਹਾ ’ਤੇ ਲਿਜਾਵੇਗੀ। ਲੋਕਾਂ ਵਿਚ 2 ਸਾਲਾਂ ਦੇ ਸਮੇਂ ਵਿਚ ਕਾਂਗਰਸ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਵਿਚ ਜ਼ਬਰਦਸਤ ਉਤਸ਼ਾਹ ਇਸ ਦਾ ਸਬੂਤ ਹੈ ਕਿ ਅਸੀਂ ਸੂਬੇ ਦੀਆਂ ਲਗਭਗ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਨਾਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਹਰਪ੍ਰੀਤ ਸਿੰਘ ਹੈਰੀ ਸੋਹਲ, ਸੁਖਜਿੰਦਰ ਸਿੰਘ ਬਾਵਾ, ਜਸਬੀਰ ਸਿੰਘ ਜੱਸੀ, ਪਰਮਜੀਤ ਸਿੰਘ ਸੰਧੂ ਤੇ ਰਾਜੇਸ਼ ਕੁਮਾਰ ਸ਼ਰਮਾ ਵੀ ਹਾਜ਼ਰ ਸਨ।
