30 ਸਾਲਾ ਔਰਤ ਨੂੰ ਕੋਲਡ ਡਰਿੰਕ ਪਿਲਾ ਕੇ ਕੀਤਾ ਜਬਰ-ਜ਼ਨਾਹ, ਬਣਾਈ ਵੀਡੀਓ

Sunday, Feb 09, 2020 - 11:24 AM (IST)

ਲੁਧਿਆਣਾ (ਜ. ਬ.) : ਥਾਣਾ ਮਿਹਰਬਾਨ ਦੀ ਪੁਲਸ ਨੇ ਬੀਤੀ ਰਾਤ ਇਕ ਔਰਤ ਦੀ ਸ਼ਿਕਾਇਤ 'ਤੇ ਵਿਅਕਤੀ ਵਲੋਂ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਅਤੇ ਥਾਣੇਦਾਰ ਤਰਸੇਮ ਲਾਲ ਨੇ ਦੱਸਿਆ ਕਿ ਪਿੰਡ ਮਿਹਰਬਾਨ ਦੀ 30 ਸਾਲਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਲੋਕਾਂ ਨੂੰ ਲੋਨ ਦਿਵਾਉਣ ਦਾ ਕੰਮ ਕਰਦੀ ਹੈ। ਕਰੀਬ 7 ਮਹੀਨੇ ਪਹਿਲਾਂ ਉਸ ਨੂੰ ਪਿੰਡ ਖਵਾਜਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਫੋਨ ਕੀਤਾ ਕਿ ਮੈਂ ਲੋਨ ਲੈਣਾ ਹੈ, ਜਿਸ ਤੋਂ ਬਾਅਦ ਉਹ ਪਿੰਡ ਖਵਾਜਕੇ 'ਚ ਉਕਤ ਵਿਅਕਤੀ ਦੇ ਘਰ ਗਈ। ਉਸ ਸਮੇਂ ਘਰ 'ਚ ਉਹ ਇਕੱਲਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ ਕੋਲਡ ਡਰਿੰਕ ਪੀਣ ਲਈ ਦਿੱਤੀ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਮੁਲਜ਼ਮ ਉਸ ਦੀ ਮੋਬਾਇਲ ਫੋਨ ਨਾਲ ਵੀਡੀਓ ਬਣਾ ਰਿਹਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀ ਉਸ ਨੂੰ ਬਲੈਕਮੇਲ ਕਰ ਕੇ ਡਰਾ-ਧਮਕਾ ਕੇ ਵਾਰ-ਵਾਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਔਰਤ ਨੇ ਬਦਨਾਮੀ ਦੇ ਡਰੋਂ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਹੁਣ ਉਕਤ ਵਿਅਕਤੀ ਨੇ ਉਸ ਤੋਂ ਪੈਸੇ ਦੀ ਮੰਗ ਸ਼ੁਰੂ ਕਰ ਦਿੱਤੀ।

ਔਰਤ ਨੇ ਇਸ ਸਬੰਧੀ ਦੁਖੀ ਹੋ ਕੇ ਆਪਣੇ ਪਰਿਵਾਰ ਨੂੰ ਦੱਸ ਦਿੱਤਾ, ਜਿਸ ਤੋਂ ਬਾਅਦ ਔਰਤ ਦੇ ਰਿਸ਼ਤੇਦਾਰਾਂ ਨੇ ਮਿਲ ਕੇ ਉਕਤ ਵਿਅਕਤੀ ਖਿਲਾਫ ਥਾਣਾ ਮਿਹਰਬਾਨ 'ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਤਰਸੇਮ ਲਾਲ ਨੇ ਦੱਸਿਆ ਕਿ ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਗੁਰਵਿੰਦਰ ਸਿੰਘ ਖਿਲਾਫ ਜਬਰ-ਜ਼ਨਾਹ ਦਾ ਪਰਚਾ ਦਰਜ ਕਰ ਲਿਆ ਹੈ, ਜਦੋਂਕਿ ਮੁਲਜ਼ਮ ਅਜੇ ਤੱਕ ਫਰਾਰ ਹੈ।


Baljeet Kaur

Content Editor

Related News