ਲੁਧਿਆਣੇ ''ਚ ਸਰੋਂ ਦੇ ਸਾਗ ਦੀ ਮੰਡੀ ਦੀ ਝੰਡੀ!

11/13/2019 10:34:43 PM

ਲੁਧਿਆਣਾ,(ਮੁੱਲਾਂਪੁਰੀ):  ਸ਼ਹਿਰ  'ਚ ਭਾਵੇਂ ਲਗਭਗ ਸਾਰੇ ਕੰਮ ਧੰਦਿਆਂ ਦੇ ਬਾਜ਼ਾਰ ਤੇ ਮੰਡੀਆਂ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਗਿੱਲ ਵਾਲੇ ਪੁਲ ਦੇ ਲਾਗੇ ਅੱਜ ਕੱਲ ਸਰੋਂ ਦੇ ਸਾਗ ਦੀ ਮੰਡੀ ਦੇਖਣ ਨੂੰ ਮਿਲ ਰਹੀ ਹੈ।
ਇੱਥੇ ਪਿੰਡ ਗਿੱਲਾਂ ਤੋਂ ਹੋਰਨਾ ਪਿੰਡਾਂ ਦੀਆਂ ਔਰਤਾਂ ਆਪਣੇ ਰੁਜ਼ਗਾਰ ਲਈ ਪਿੰਡਾਂ ਤੋਂ ਕੱਚਾ ਸਰੋਂ ਦਾ ਸਾਗ, ਪਾਲਕ, ਬਾਥੂ, ਮੇਥੀ, ਧਨੀਆ ਲਿਆ ਕੇ ਬਾਕਾਇਦਾ ਕੱਟ ਕੇ ਵੇਚ ਰਹੀਆਂ ਹਨ। ਇਨ੍ਹਾਂ ਕੋਲ ਲੁਧਿਆਣਾ ਦੇ ਵੱਡੇ ਘਰਾਂ ਦੀਆਂ ਔਰਤਾਂ ਕਾਰਾਂ ਜਾਂ ਸਕੂਟਰਾਂ 'ਤੇ ਕੱਟਿਆ ਹੋਇਆ ਸਾਗ ਲੈਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਔਰਤਾਂ ਨੇ ਛਿੱਲਿਆ ਹੋਇਆ ਲਸਣ, ਹਰੀ ਮਿਰਚ, ਸਾਫ ਕੀਤਾ ਅਦਰਕ, ਮੱਕੀ ਦਾ ਆਟਾ ਤੇ ਦੇਸੀ ਗੁੜ ਵੀ ਰੱਖਿਆ ਹੋਇਆ ਹੈ। ਭਾਵ ਕਿ ਜੋ ਸਾਗ ਲੈਣ ਆਵੇ, ਉਸ ਨੂੰ ਇੱਕੋ ਥਾਂ 'ਤੇ ਸਾਰੀਆਂ ਚੀਜ਼ਾਂ ਮਿਲ ਸਕਣ। ਇਹ ਬੀਬੀਆਂ ਹੱਥੋ-ਹੱਥੀ ਗੱਲਾਂਬਾਤਾਂ ਕਰਦੀਆਂ ਦੋ ਮਿੰਟ 'ਚ ਸਾਗ ਕੱਟ ਕੇ ਫੜਾ ਦਿੰਦੀਆਂ ਹਨ।