ਸਾਢੇ 4 ਮਹੀਨਿਆਂ ਤੱਕ ਵਹਿਸ਼ੀ ਦਰਿੰਦਾ ਨਾਬਾਲਗਾ ਨੂੰ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਕਾਬੂ

01/14/2020 11:33:40 AM

ਲੁਧਿਆਣਾ (ਤਰੁਣ) : ਸਾਢੇ 4 ਮਹੀਨੇ ਪਹਿਲਾਂ ਥਾਣਾ ਦਰੇਸੀ ਦੇ ਇਲਾਕੇ ਤੋਂ ਇਕ ਵਹਿਸ਼ੀ ਦਰਿੰਦੇ ਨੇ 14 ਸਾਲ ਦੀ ਮਾਸੂਮ ਲੜਕੀ ਨੂੰ ਵਰਗਲਾ ਕੇ ਅਗਵਾ ਕਰ ਲਿਆ। ਮੁਲਜ਼ਮ ਨੇ ਸਾਢੇ 4 ਮਹੀਨੇ ਤੱਕ ਪੀੜਤ ਲੜਕੀ ਨਾਲ ਹਵਸ ਮਿਟਾਈ। ਪੀੜਤ ਲੜਕੀ ਦੀ ਮਾਂ ਥਾਣੇ ਦੇ ਚੱਕਰ ਕੱਟਦੀ ਰਹੀ ਪਰ ਥਾਣਾ ਦਰੇਸੀ ਤੋਂ ਦਿਲਾਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ। ਥੱਕ ਹਾਰ ਕੇ ਸ਼ਹਿਰ ਦੀ ਇਕ ਸਮਾਜਿਕ ਸੰਸਥਾ ਨੇ ਪੀੜਤ ਲੜਕੀ ਦੀ ਮਾਂ ਨੂੰ ਪੁਲਸ ਕਮਿਸ਼ਨਰ ਕੋਲ ਭੇਜਿਆ, ਜਿਸ ਤੋਂ ਬਾਅਦ ਤੁਰੰਤ ਹਰਕਤ 'ਚ ਆਈ ਥਾਣਾ ਦਰੇਸੀ ਦੀ ਪੁਲਸ ਨੇ ਸਾਢੇ 4 ਮਹੀਨੇ ਤੋਂ ਗਾਇਬ ਹੋਈ ਲੜਕੀ ਨੂੰ ਸਿਰਫ 4 ਦਿਨਾਂ 'ਚ ਮੁਲਜ਼ਮ ਸਮੇਤ ਲੱਭ ਲਿਆ। ਮੰਗਲਵਾਰ ਭਾਵ ਅੱਜ ਪੀੜਤਾ ਦੇ ਮਾਣਯੋਗ ਜੱਜ ਦੇ ਸਾਹਮਣੇ 164 ਤਹਿਤ ਬਿਆਨ ਦਰਜ ਹੋਣਗੇ।

ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ 31 ਅਗਸਤ 2019 ਨੂੰ ਪੀੜਤ ਲੜਕੀ ਘਰੋਂ ਗਾਇਬ ਹੋਈ ਸੀ, ਜਿਸ ਨੂੰ ਮੁਲਜ਼ਮ ਮਨਸੁਖ ਨਿਵਾਸੀ ਸੁੰਦਰ ਨਗਰ ਮੂਲ ਰੂਪ ਤੋਂ ਅਮੇਠੀ, ਯੂ. ਪੀ. ਅਗਵਾ ਕਰ ਕੇ ਲੈ ਗਿਆ। ਮੁਲਜ਼ਮ ਨਾਬਾਲਗ ਲੜਕੀ ਨੂੰ ਲੈ ਕੇ ਕੁਰੂਕਸ਼ੇਤਰ ਚਲਾ ਗਿਆ, ਮੁਲਜ਼ਮ ਨੇ ਮੋਬਾਇਲ ਬੰਦ ਕਰ ਲਿਆ, ਜਿਸ ਕਾਰਣ ਮੁਲਜ਼ਮ ਦੀ ਲੋਕੇਸ਼ਨ ਸਬੰਧੀ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਮੁਲਜ਼ਮ ਦੇ ਮੂਲ ਟਿਕਾਣੇ ਅਮੇਠੀ ਸਥਿਤ ਘਰ 'ਤੇ ਰੇਡ ਕੀਤੀ ਪਰ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। 2 ਦਿਨ ਪਹਿਲਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਲੁਧਿਆਣਾ ਸ਼ਹਿਰ ਦੇ ਢੰਡਾਰੀ ਇਲਾਕੇ 'ਚ ਹੈ, ਜਿਸ ਤੋਂ ਬਾਅਦ ਪੁਲਸ ਨੇ ਰੇਡ ਕਰ ਕੇ ਮੁਲਜ਼ਮ ਨੂੰ ਧਰ ਦਬੋਚਿਆ ਅਤੇ ਪੀੜਤ ਲੜਕੀ ਨੂੰ ਮੁਲਜ਼ਮ ਦੇ ਚੁੰਗਲ 'ਚੋਂ ਰਿਹਾਅ ਕਰਵਾਇਆ।

ਹਾਲ ਦੀ ਘੜੀ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਕਰੀਬ ਸਾਢੇ 4 ਮਹੀਨੇ ਤੱਕ ਪੀੜਤ ਲੜਕੀ ਨਾਲ ਹਵਸ ਮਿਟਾਉਂਦਾ ਰਿਹਾ। ਇਸ ਵਾਰਦਾਤ 'ਚ ਮੁਲਜ਼ਮ ਦਾ ਕਿਹੜੇ ਲੋਕਾਂ ਨੇ ਸਾਥ ਦਿੱਤਾ, ਪੁਲਸ ਇਸ ਦੀ ਵੀ ਜਾਂਚ ਕਰ ਰਹੀ ਹੈ। ਪੀੜਤ ਲੜਕੀ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ ਹੈ, ਜਿੱਥੇ ਪੀੜਤਾ ਦੇ ਨਾਲ ਹੋਏ ਜਬਰ-ਜ਼ਨਾਹ ਦੀ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ। ਹਾਲ ਦੀ ਘੜੀ ਮੈਡੀਕਲ ਜਾਂਚ ਅਜੇ ਪੂਰੀ ਨਹੀਂ ਹੋਈ ਹੈ। ਪੁਲਸ ਨੇ ਦਰਜ ਕੇਸ 'ਚ ਪੋਕਸੋ ਐਕਟ ਤੋਂ ਇਲਾਵਾ ਰੇਪ ਦੀ ਧਾਰਾ ਜੋੜ ਦਿੱਤੀ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।

ਪੀੜਤ ਪਰਿਵਾਰ ਨੂੰ ਮਿਲ ਰਹੀਆਂ ਨੇ ਧਮਕੀਆਂ
ਪੀੜਤ ਲੜਕੀ ਦਾ ਪਿਤਾ ਲੇਬਰ ਦਾ ਕੰਮ ਕਰਦਾ ਹੈ, ਜਦੋਂਕਿ ਮਾਂ ਘਰਾਂ 'ਚ ਸਾਫ-ਸਫਾਈ ਦਾ ਕੰਮ ਕਰਦੀ ਹੈ, ਜਿਨ੍ਹਾਂ ਦੇ 4 ਬੱਚੇ ਹਨ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਜ਼ਮ ਧਿਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ 'ਤੇ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ।

ਗਰੀਬਾਂ ਦੀ ਨਹੀਂ ਹੁੰਦੀ ਸੁਣਵਾਈ
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ। ਮੁਲਜ਼ਮ ਦਰਿੰਦਾ ਉਸ ਦੀ ਬੇਟੀ ਨੂੰ ਅਗਵਾ ਕਰ ਕੇ ਲੈ ਗਿਆ ਸੀ। ਮੁਲਜ਼ਮ ਅਮੇਠੀ ਦਾ ਰਹਿਣ ਵਾਲਾ ਹੈ। ਪੁਲਸ ਜਦੋਂ ਅਮੇਠੀ ਰੇਡ ਕਰਨ ਗਈ ਤਾਂ ਪੁਲਸ ਨੇ ਉਨ੍ਹਾਂ ਤੋਂ 35 ਹਜ਼ਾਰ ਦੀ ਨਕਦੀ ਲਈ ਪਰ ਮੁਲਜ਼ਮ ਦੇ ਪਿੰਡ ਜਾ ਕੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਖਾਨਾਪੂਰਤੀ ਕਰ ਕੇ ਵਾਪਸ ਮੁੜ ਆਈ। ਉਨ੍ਹਾਂ ਨੇ ਬੇਟੀ ਦੀ ਭਾਲ ਲਈ ਕਰਜ਼ਾ ਚੁੱਕ ਕੇ ਪੁਲਸ ਨੂੰ ਨਕਦੀ ਦਿੱਤੀ ਸੀ। ਪੀੜਤਾ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਹੈ।

ਆਈ. ਐੱਮ. ਈ. ਆਈ. ਨੰਬਰ ਤੋਂ ਮੁਲਜ਼ਮ ਦਾ ਲੱਗਾ ਪਤਾ
ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ 31 ਅਗਸਤ ਨੂੰ ਮੁਲਜ਼ਮ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਕੁਰੂਕਸ਼ੇਤਰ ਚਲਾ ਗਿਆ, ਜਿੱਥੇ ਜਾ ਕੇ ਉਸ ਨੇ ਮੋਬਾਇਲ ਬੰਦ ਕਰ ਦਿੱਤਾ। 2 ਮਹੀਨੇ ਬਾਅਦ ਮੁਲਜ਼ਮ ਨੇ ਮੋਬਾਇਲ ਵਿਚ ਨਵੀਂ ਨੰਬਰ ਪਾਈ, ਜਿਸ ਤੋਂ ਬਾਅਦ ਪੁਲਸ ਨੇ ਕੁਰੂਕਸ਼ੇਤਰ ਵਿਚ ਵੀ ਰੇਡ ਕੀਤੀ ਪਰ ਉੱਥੋਂ ਮੁਲਜ਼ਮ ਭੱਜ ਗਿਆ, ਜਿਸ ਤੋਂ ਬਾਅਦ ਪੁਲਸ ਨੇ ਮੋਬਾਇਲ ਲੋਕੇਸ਼ਨ ਰਾਹੀਂ ਮੁਲਜ਼ਮ ਨੂੰ ਲੱਭ ਲਿਆ।

ਪੁਲਸ ਨੇ ਦੋਸ਼ਾਂ ਨੂੰ ਨਕਾਰਿਆ
ਪੀੜਤ ਪੱਖ ਵੱਲੋਂ ਪੁਲਸ 'ਤੇ ਲਾਏ ਦੋਸ਼ ਨਾਲ ਸਬੰਧਤ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ 2 ਪੁਲਸ ਮੁਲਾਜ਼ਮ ਅਤੇ ਇਕ ਮਹਿਲਾ ਪੁਲਸ ਮੁਲਾਜ਼ਮ ਟਰੇਨ 'ਚ ਅਮੇਠੀ ਸਥਿਤ ਦੋਸ਼ੀ ਦੇ ਟਿਕਾਣੇ 'ਤੇ ਰੇਡ ਕਰਨ ਗਈ ਸੀ। ਯੂ. ਪੀ. ਪੁਲਸ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ। ਉਨ੍ਹਾਂ 'ਤੇ ਨਕਦੀ ਲੈਣ ਸਬੰਧੀ ਲਾਏ ਸਾਰੇ ਦੋਸ਼ ਬੇਬੁਨਿਆਦ ਹਨ।


cherry

Content Editor

Related News