ਪੰਜਾਬ ''ਚ ਦੋ ਦਹਾਕਿਆਂ ਤੋਂ ਬਸਪਾ ਬੈਠੀ ਸੁੱਚੇ ਮੂੰਹ, ਅਕਾਲੀ ਗੱਠਜੋੜ ਦੇ ਚੱਕਰਾਂ ''ਚ

10/17/2020 9:12:23 AM

ਲੁਧਿਆਣਾ/ਅੰਮ੍ਰਿਤਸਰ (ਮੁੱਲਾਂਪੁਰੀ): ਪੰਜਾਬ 'ਚ ਦਲਿਤ ਭਾਈਚਾਰੇ ਨੂੰ ਇਕਮੁੱਠ ਕਰਨ ਲਈ ਜੋ ਸਵ. ਬਾਬੂ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ ਬਣਾ ਕੇ ਮੁੱਢ ਬੰਨ੍ਹਿਆ ਸੀ। ਉਸ ਨੇ 1992 'ਚ ਸਵ. ਬੇਅੰਤ ਸਿੰਘ ਸਰਕਾਰ ਮੌਕੇ 9 ਵਿਧਾਇਕ ਬਣਾ ਕੇ ਵਿਧਾਨ ਸਭਾ 'ਚ ਜ਼ਬਰਦਸਤ ਐਂਟਰੀ ਕੀਤੀ ਸੀ। ਉਸ ਵੇਲੇ ਆਦਮਪੁਰ, ਬੰਗਾ, ਬਲਾਚੌਰ, ਗੜ੍ਹਸ਼ੰਕਰ, ਮਹਿਲਪੁਰ, ਸ਼ਾਮ ਚੁਰਾਸੀ, ਸ਼ੇਰਪੁਰ, ਭਦੌੜ, ਧਰਮਕੋਟ ਆਦਿ ਹਲਕੇ ਸਨ ਤੇ ਫਿਰ 1996 'ਚ ਬਸਪਾ ਨੇ ਅਕਾਲੀਆਂ ਨਾਲ ਗੱਠਜੋੜ ਕਰ ਕੇ ਆਪ 3 ਐੱਮ. ਪੀ. ਫਿਲੌਰ, ਫਿਰੋਜ਼ਪੁਰ ਤੇ ਰੋਪੜ ਤੋਂ ਜਿਤਾਏ ਸਨ ਤੇ ਉਸ ਵੇਲੇ ਗਠਜੋੜ ਕਾਰਨ 8 ਅਕਾਲੀ ਵੀ ਐੱਮ. ਪੀ. ਬਣੇ ਸਨ। ਕੇਵਲ 2 ਥਾਵਾਂ 'ਤੇ ਕਾਂਗਰਸ ਦਾ ਗੁਰਦਾਸਪੁਰ 'ਚ ਬੀਬੀ ਭਿੰਡਰ ਤੇ ਅੰਮ੍ਰਿਤਸਰ ਸ਼੍ਰੀ ਭਾਟੀਆ ਖਾਤਾ ਖੋਲ੍ਹ ਸਕੇ ਸਨ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 1997 'ਚ ਭਾਜਪਾ ਨਾਲ ਗਠਜੋੜ ਕਰ ਲਿਆ ਤੇ ਵਿਧਾਨ ਸਭਾ ਚੋਣਾਂ 'ਚ ਗਠਜੋੜ ਦਾ ਬਹੁਮਤ ਲੈ ਕੇ ਰਾਜ ਸਭਾ ਆ ਗਿਆ ਤੇ ਬਸਪਾ ਦਾ ਇਕ ਵਿਧਾਇਕ ਗੜ੍ਹਸ਼ੰਕਰ ਤੋਂ ਸ਼ਿੰਗਾਰਾ ਰਾਮ ਸਹੂੰਗੜਾ ਹੀ ਵਿਧਾਇਕ ਬਣ ਸਕਿਆ। ਬੱਸ ਫਿਰ ਉਸ ਤੋਂ ਬਾਅਦ ਬਸਪਾ 2002-2007, 2012-2017 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਜਿਤਾ ਕੇ ਭੇਜ ਨਹੀਂ ਸਕੀ। ਗੱਲ ਕੀ, 20 ਸਾਲਾਂ ਤੋਂ ਸੁੱਚੇ ਮੂੰਹ ਬੈਠੀ ਬਸਪਾ ਦੀ ਵੋਟ ਮੁੜ ਕਾਂਗਰਸ ਵੱਲ ਚਲੀ ਗਈ ਜਾਂ ਫਿਰ ਝਾੜੂ ਵਾਲੇ ਹੱਥ ਮਾਰ ਗਏ। ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਜ਼ਰੂਰ ਹੈ ਕਿ ਬਾਬੂ ਕਾਂਸ਼ੀ ਰਾਮ ਦੇ ਇੰਤਕਾਲ ਤੋਂ ਬਾਅਦ ਪੰਜਾਬ ਬਸਪਾ ਦਾ ਕੇਡਰ ਖਿੰਡਦਾ-ਪੁੰਡਦਾ ਹੀ ਨਜ਼ਰ ਆ ਰਿਹਾ ਹੈ। ਜਦੋਂ ਬਸਪਾ ਦੇ ਮੌਜੂਦਾ ਪ੍ਰਧਾਨ ਡਾ. ਜਸਵੀਰ ਸਿੰਘ ਗੜ੍ਹੀ ਤੋਂ ਪੁੱਛਿਆ ਗਿਆ ਕਿ ਅਕਾਲੀਆਂ ਨਾਲ ਗਠਜੋੜ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਭੈਣ ਮਾਇਆਵਤੀ ਦੇ ਹੱਥ 'ਚ ਹੈ, ਉਹ ਜੋ ਹੁਕਮ ਦੇਣਗੇ, ਉਸ 'ਤੇ ਫੁੱਲ ਚੜ੍ਹਾਵਾਂਗੇ। ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟ ਜਾਣ ਤੋਂ ਬਾਅਦ ਬਸਪਾ ਨਾਲ ਗਠਜੋੜ ਕਰਨ ਦੀ ਕਾਹਲ 'ਚ ਦੱਸਿਆ ਜਾ ਰਿਹਾ ਹੈ। ਜਦੋਂਕਿ ਪੰਜਾਬ ਦੇ ਵੱਡੇ ਸ਼ਹਿਰੀ ਵਿਧਾਨ ਸਭਾ ਹਲਕਿਆਂ 'ਚ ਬੈਠੇ ਅਕਾਲੀ ਨੇਤਾਵਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੇਂਡੂ ਦਿਹਾਤੀ ਹਲਕਿਆਂ 'ਚ ਤਾਂ ਬਸਪਾ ਵੋਟ ਨਾਲ ਕੁਝ ਤਾਕਤ ਮਿਲ ਸਕਦੀ ਹੈ ਪਰ ਵੱਡੇ ਸ਼ਹਿਰਾਂ ਜਾਂ ਕਸਬਿਆਂ ਤਾਂ ਹਿੰਦੂ ਵੋਟਰ ਤਾਂ ਕਾਂਗਰਸ ਜਾਂ ਭਾਜਪਾ ਦੀ ਹੀ ਗੱਡੀ ਚੜ੍ਹੇਗਾ।

ਇਹ ਵੀ ਪੜ੍ਹੋ : ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ


Baljeet Kaur

Content Editor

Related News