ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਨਾਲ 7 ਮਰੀਜ਼ਾਂ ਦੀ ਮੌਤ, 111 ਪਾਜ਼ੇਟਿਵ

Saturday, Dec 05, 2020 - 02:00 AM (IST)

ਲੁਧਿਆਣਾ,(ਸਹਿਗਲ)-ਜ਼ਿਲ੍ਹੇ ਦੇ ਹਸਪਤਾਲਾਂ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ 7 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 111 ਮਰੀਜ਼ ਪਾਜ਼ੇਟਿਵ ਆਏ ਹਨ। ਸਿਹਤ ਅਧਿਕਾਰੀਆਂ ਮੁਤਾਬਕ 7 ਮ੍ਰਿਤਕ ਮਰੀਜ਼ਾਂ ਵਿਚ 5 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਸਨ, ਜਦੋਂਕਿ ਦੋ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਸਨ। 111 ਮਰੀਜ਼ਾਂ ਵਿਚ 100 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ। ਮਹਾਨਗਰ ਵਿਚ ਹੁਣ ਤੱਕ 23,261 ਮਰੀਜ਼ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 915 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3310 ਪਾਜ਼ੇਟਿਵ ਮਰੀਜ਼ ਅਜਿਹੇ ਸਾਹਮਣੇ ਆਏ ਜੋ ਦੂਜੇ ਜ਼ਿਲਿਆਂ ਜਾਂ ਰਾਜਾਂ ਤੋਂ ਇਲਾਜ ਕਰਵਾਉਣ ਲਈ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਏ ਸਨ। ਇਨ੍ਹਾਂ ਵਿਚੋਂ 392 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਪਾਜ਼ੇਟਿਵ ਮਰੀਜ਼ਾਂ 'ਚੋਂ 21,430 ਮਰੀਜ਼ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਜ਼ਿਲੇ ਵਿਚ ਮੌਜੂਦਾ ਸਮੇਂ ਵਿਚ 916 ਐਕਟਿਵ ਮਰੀਜ਼ ਰਹਿ ਗਏ ਹਨ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ ਤਿੰਨ ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ।

216 ਪਾਜ਼ੇਟਿਵ ਮਰੀਜ਼ ਹੋਮ ਕੁਆਰੰਟਾਈਨ 'ਚ ਭੇਜੇ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 236 ਮਰੀਜ਼ਾਂ ਦੀ ਸਕ੍ਰੀਨਿੰਗ ਉਪਰੰਤ 216 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਮੌਜੂਦਾ ਸਮੇਂ 'ਚ 2377 ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ, ਜਦੋਂਕਿ 693 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਰੱਖਿਆ ਹੈ।

ਸਰਕਾਰੀ ਹਸਪਤਾਲਾਂ 'ਚ 18 ਤੇ ਨਿੱਜੀ 'ਚ 221 ਮਰੀਜ਼ ਦਾਖਲ
ਸਿਵਲ ਹਸਪਤਾਲ ਵਿਚ ਮੌਜੂਦਾ ਸਮੇਂ ਵਿਚ 18 ਪਾਜ਼ੇਟਿਵ ਮਰੀਜ਼ ਭਰਤੀ ਦੱਸੇ ਜਾਂਦੇ ਹਨ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 221 ਕੋਰੋਨਾ ਪਾਜ਼ੇਟਿਵ ਜ਼ੇਰੇ ਇਲਾਜ ਹਨ। 6 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ਲਗਾਇਆ ਗਿਆ ਹੈ। ਇਨ੍ਹਾਂ ਵਿਚ ਇਕ ਮਰੀਜ਼ ਜ਼ਿਲੇ ਦਾ ਰਹਿਣ ਵਾਲਾ, ਜਦੋਂਕਿ 5 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

ਹਸਪਤਾਲਾਂ 'ਚ ਭੀੜ ਘੱਟ ਕਰਨ ਲਈ ਘਰਾਂ ਵਿਚ ਭੇਜੇ ਜਾ ਰਹੇ ਹਨ ਮਰੀਜ਼
ਹਸਪਤਾਲਾਂ ਵਿਚ ਭੀੜ ਘੱਟ ਕਰਨ ਲਈ ਜ਼ਿਆਦਾਤਰ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਜਾਂ ਹੋਮ ਕੁਆਰੰਟਾਈਨ ਵਿਚ ਭੇਜਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
 


Deepak Kumar

Content Editor

Related News