ਲੱਕੀ ਡਰਾਅ ਦੀ ਆਡ਼ ’ਚ ਜੀ. ਐੱਸ. ਸੀ. ਕੰਪਨੀ ਵੱਲੋਂ ਕਰੋਡ਼ਾਂ ਦੀ ਠੱਗੀ
Sunday, Jun 17, 2018 - 02:37 AM (IST)
ਅੰਮ੍ਰਿਤਸਰ, (ਅਗਨੀਹੋਤਰੀ)- ਥਾਣਾ ਛੇਹਰਟਾ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਲੱਕੀ ਡਰਾਅ ਦੇ ਨਾਂ ’ਤੇ ਸ਼ੁਰੂ ਕੀਤੀ ਗਈ ਸਕੀਮ ਤਹਿਤ ਲੋਕਾਂ ਨਾਲ ਕਰੋਡ਼ਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਪਰੋਕਤ ਸਕੀਮ ਤਹਿਤ ਬੀਤੇ ਦਿਨੀਂ ਲੱਕੀ ਡਰਾਅ ਮਾਲਕਾਂ ਦੀ ਦੇਖ-ਰੇਖ ’ਚ ਸਥਾਨਕ ਪੈਲੇਸ ’ਚ ਲੱਕੀ ਡਰਾਅ ਕੱਢਿਆ ਜਾ ਰਿਹਾ ਸੀ, ਜਿਸ ’ਤੇ ਸਕੀਮ ’ਚ ਸ਼ਾਮਲ ਲੋਕਾਂ ਵੱਲੋਂ ਕਥਿਤ ਤੌਰ ’ਤੇ ਉਕਤ ਜੀ. ਐੱਸ. ਸੀ. ਕੰਪਨੀ ਦੇ ਮਾਲਕਾਂ ’ਤੇ ਸਕੀਮ ’ਚ ਹੇਰਾ-ਫੇਰੀ ਹੋਣ ਦਾ ਖਦਸ਼ਾ ਹੋਣ ’ਤੇ ਉਕਤ ਮਾਲਕਾਂ ਦੀ ਲੋਕਾਂ ਨੇ ਜੰਮ ਕੇ ਕੁੱਟ-ਮਾਰ ਕੀਤੀ, ੋਕਾਂ ਨੇ ਉਕਤ ਲੱਕੀ ਡਰਾਅ ਦੇ ਮਾਲਕਾਂ ਨੂੰ ਛੇਹਰਟਾ ਪੁਲਸ ਟਾਊਨ ਚੌਕੀ ਹਵਾਲੇ ਕੀਤਾ।
ਇਸ ਮੌਕੇ ਭਡ਼ਕੇ ਲੋਕਾਂ ਨੇ ਉਕਤ ਕੰਪਨੀ ਮਾਲਕਾਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੰਪਨੀ ਨੇ ਕਰੀਬ 20 ਮਹੀਨੇ ਪਹਿਲਾਂ ਲੱਕੀ ਡਰਾਅ ਦੀ ਸਕੀਮ ਸ਼ੁਰੂ ਕੀਤੀ ਸੀ, ਜਿਸ ’ਚ 2000 ਦੇ ਕਰੀਬ ਮੈਂਬਰ ਬਣਾਏ ਗਏ, ਜਿਸ ’ਤੇ ਕੰਪਨੀ ਮਾਲਕਾਂ ਨੇ 18 ਮਹੀਨਿਅਾਂ ਤੱਕ ਲਗਾਤਾਰ ਲਾਟਰੀ ਡਰਾਅ ਕੱਢੇ ਸਨ ਤੇ 19ਵੀਂ ਕਮੇਟੀ ’ਚ 5 ਬੁਲੇਟ ਮੋਟਰਸਾਈਕਲ ਕੱਢੇ ਜਾਣੇ ਸਨ, ਜੋ ਕੰਪਨੀ ਵੱਲੋਂ ਨਹੀਂ ਕੱਢੇ ਗਏ। ਪੀਡ਼ਤ ਲੋਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ ਦਿਨੀਂ 15 ਜੂਨ ਨੂੰ ਉਕਤ ਸਕੀਮ ਤਹਿਤ ਆਖਰੀ ਲੱਕੀ ਸਕੀਮ ਦਾ ਡਰਾਅ ਉਪਰੋਕਤ ਪੈਲਸ ਵਿਖੇ ਕੱਢਿਆ ਜਾ ਰਿਹਾ ਸੀ ਤੇ ਕੰਪਨੀ ਮਾਲਕਾਂ ਨੇ ਡਰਾਅ ਦੀ ਸਕੀਮ ’ਚ ਅਦਲਾ-ਬਦਲੀ ਕਰਦੇ ਹੋਏ ਇਕ ਕਾਰ ਆਪਣੇ ਜਾਣਕਾਰ ਦੀ ਕੱਢ ਦਿੱਤੀ ਤੇ ਬਾਕੀ ਇਨਾਮ ਵੀ ਉਨ੍ਹਾਂ ਆਪਣੇ ਜਾਣਕਾਰਾਂ ਨੂੰ ਖੁਸ਼ ਕਰਨ ਲਈ ਕੱਢੇ, ਜਿਸ ’ਤੇ ਲੋਕ ਭਡ਼ਕ ਉਠੇ ਤੇ ਕੰਪਨੀ ਮਾਲਕਾਂ ਦਾ ਜੰਮ ਕੇ ਕੁਟਾਪਾ ਚਾਡ਼੍ਹਿਆ ਤੇ 2 ਨੌਜਵਾਨਾਂ ਨੂੰ ਫਡ਼ ਕੇ ਲੋਕਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ ਤੇ ਮੁਲਜ਼ਮਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਮੰਗ ਕੀਤੀ।
ਪੁਲਸ ਵੱਲੋਂ ਬੀਤੀ ਦੇਰ ਰਾਤ ਤੱਕ ਕਾਰਵਾਈ ਨਾ ਕਰਨ ’ਤੇ ਲੋਕਾਂ ਨੇ ਚੌਕੀ ਦੇ ਸਾਹਮਣੇ ਰੋਡ ਜਾਮ ਤੇ ਧਰਨਾ ਲਾਇਆ ਤੇ ਉਕਤ ਸਕੀਮ ਹੋਲਡਰਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਸਬੰਧੀ ਸੂਚਨਾ ਮਿਲਦਿਅਾਂ ਹੀ ਛੇਹਰਟਾ ਥਾਣੇ ਦੇ ਐੱਸ. ਐੱਚ. ਓ. ਹਰੀਸ਼ ਬਹਿਲ ਮੌਕੇ ’ਤੇ ਪੁੱਜੇ। ਉਨ੍ਹਾਂ ਲੋਕਾਂ ਰੋਡ ਤੋਂ ਜਾਮ ਹਟਵਾਇਆ ਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਨਾਲ ਪੂਰਾ ਇਨਸਾਫ ਹੋਵੇਗਾ ਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੀਡ਼ਤ ਲੋਕਾਂ ਨੂੰ ਅੱਜ ਸ਼ਾਮ (16 ਜੂਨ) ਦਾ ਟਾਈਮ ਦਿੱਤਾ ਗਿਆ ਸੀ।
ਇਸ ਸਬੰਧੀ ਜਦ ਐੱਸ. ਐੱਚ. ਓ. ਹਰੀਸ਼ ਬਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਦੌਰਾਨ ਜਿਹਡ਼ਾ ਦੋਸ਼ੀ ਪਾਇਆ ਗਿਆ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
