ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’

Tuesday, Dec 01, 2020 - 10:50 AM (IST)

ਲਖਨਊ ਤੋਂ ਸਿਖਲਾਈ ਲੈ ਕੇ ਗੁੜ ਬਣਾਉਣ ਦਾ ਬਾਦਸ਼ਾਹ ਬਣਿਆ ਪੰਜਾਬ ਦਾ ਕਿਸਾਨ ‘ਮਨਧੀਰ ਸਿੰਘ’

ਮੌਜੂਦਾ ਦੌਰ ਵਿੱਚੋ ਗੁਜਰ ਰਿਹਾ ਇਨਸਾਨ ਹਰ ਇੱਕ ਕੰਮ ਨੂੰ ਵਿਗਿਆਨਕ ਢੰਗ ਨਾਲ ਕਰ ਰਿਹਾ ਹੈ। ਵਿਗਿਆਨਕ ਯੁੱਗ ਨੇ ਮਾਨਵ ਨੂੰ ਧਰਤੀ ਤੋਂ ਚੰਦਰਮਾ ਤੱਕ ਪਹੁੰਚਾ ਦਿੱਤਾ। ਭੇਡ, ਬਾਂਦਰ ਤੇ ਪਸਮੀਨਾ ਬੱਕਰੀ ਤੱਕ ਦਾ ਕਲੋਨ ਤਿਆਰ ਕਰਨ ਵਿੱਚ ਸਫ਼ਲ ਬਣਾਇਆ। ਹਰ ਕਿਤੇ ਮਸ਼ੀਨਰੀ ਦਾ ਬੋਲਬਾਲਾ ਹੋਣ ਕਰਕੇ ਹੱਥੀਂ ਕੰਮ ਘੱਟ ਅਤੇ ਮਸ਼ੀਨਾਂ ਨਾਲ ਜ਼ਿਆਦਾ ਹੋਣ ਲੱਗ ਪਿਆ ਹੈ। ਮਸ਼ੀਨੀ ਕਰਨ ਵਿਦੇਸ਼ਾਂ ਵਿੱਚ ਹੀ ਨਹੀ, ਸਗੋਂ ਭਾਰਤ ਵਿੱਚ ਵੀ ਪੱਕੇ ਪੈਰ ਜਮ੍ਹਾਂ ਚੁੱਕਿਆ ਹੈ, ਜਿਸ ਕਰਕੇ ਅੱਜ ਹਰੇਕ ਸ਼ਹਿਰ ਅੰਦਰ ਵੱਡੀਆਂ-ਵੱਡੀਆਂ ਮਿੱਲਾਂ, ਪਲਾਂਟ, ਫੈਕਟਰੀਆਂ ਆਦਿ ਲੱਗ ਚੁੱਕੀਆਂ ਹਨ। 

ਪੇਂਡੂ ਸਭਿਅਤਾ ਵਿੱਚ ਮਸ਼ੀਨਰੀ ਦਾ ਬੋਲਬਾਲਾ
ਪੇਂਡੂ ਸਭਿਅਤਾ ਵਿੱਚ ਵੀ ਹਰ ਦਿਨ ਮਸ਼ੀਨਰੀ ਦਾ ਬੋਲਬਾਲਾ ਵਧ ਰਿਹਾ ਹੈ। ਜਿਵੇਂ ਕੱਪੜੇ ਧੋਣੀ ਮਸ਼ੀਨ, ਦੁੱਧ ਰਿੜਕਣੀ ਮਸ਼ੀਨ, ਸਾਗ ਚੀਰਨੀ ਮਸ਼ੀਨ, ਸਾਗ ਘੋਟਣੀ ਮਸ਼ੀਨ, ਇੱਥੋ ਤੱਕ ਕਿ ਆਟਾ ਗੁੰਨਣ ਤੋਂ ਲੈ ਕੇ ਰੋਟੀਆਂ ਪਕਾਉਣ ਤੱਕ ਵੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਦੇ ਪੇਂਡੂ ਸਭਿਆਚਾਰ ਵਿੱਚ ਦੁੱਧ ਹੱਥਾਂ ਵਾਲੀ ਮਧਾਣੀ ਨਾਲ ਰਿੜਕਿਆ ਜਾਂਦਾ ਸੀ, ਸਾਗ ਵੀ ਹੱਥੀਂ ਚੀਰਨਾ ਤੇ ਘੋਟਣਾ, ਜਿਸ ਕਰਕੇ ਘਰ ਵਿੱਚ ਹੱਥੀਂ ਕੰਮ ਕਰਨ ਵਾਲੀਆਂ ਸੁਆਣੀਆਂ ਤੰਦਰੁਸਤ ਰਹਿੰਦੀਆਂ। ਮਸ਼ੀਨੀਕਰਨ ਦੇ ਇਸ ਯੁੱਗ ਵਿੱਚ ਕਿਸਾਨਾਂ ਦੀ ਸਿਹਤ ਵੀ ਬਰਕਰਾਰ ਨਹੀਂ ਰਹੀ, ਕਿਉਂਕਿ ਉਹ ਵੀ ਹੱਥੀਂ ਕੰਮ ਛੱਡ ਕੇ ਮਸ਼ੀਨਾਂ ਨਾਲ ਹੀ ਕੰਮ ਕਰਨ ਲੱਗ ਪਏ ਹਨ। 

ਅੱਜ ਤੋਂ ਤੀਹ ਕੁ ਸਾਲ ਦਾ ਪਹਿਲਾਂ ਦਾ ਸਮਾਂ
ਜੇਕਰ ਆਪਾਂ ਅੱਜ ਤੋਂ ਕੋਈ ਤੀਹ ਕੁ ਸਾਲ ਪੁਰਾਣੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਗੰਨੇ ਪੀੜ੍ਹਨ ਵਾਲੀਆਂ ਘੁਲਾਹੜੀਆਂ ਚੱਲਣੀਆਂ ਸ਼ੁਰੂ ਹੋ ਜਾਦੀਆਂ ਸਨ, ਜਿਨ੍ਹਾਂ 'ਤੇ ਜਾ ਕੇ ਤੱਤਾ-ਤੱਤਾ ਗੁੜ ਖਾਣ ਦਾ ਆਨੰਦ ਹੀ ਵੱਖਰਾ ਸੀ। ਕਈ ਲੋਕ ਗੰਨੇ ਦੇ ਰਸ ਵੀ ਪੀਦੇ ਜਾਂ ਫਿਰ ਉਸ ਰਸ ਦੀ ਖੀਰ ਵੀ ਬਣਾਈ ਜਾਂਦੀ। ਸਮੇਂ ਦੇ ਹਿਸਾਬ ਨਾਲ ਇਹ ਸਭਿਆਚਾਰ ਵੀ ਪਿੰਡਾਂ ਵਿੱਚੋ ਖਤਮ ਹੋ ਗਿਆ। ਪੰਜਾਬ ਦੇ ਕੁਝ ਨੀਮ ਪਹਾੜੀ ਪਿੰਡਾਂ ਵਿੱਚ ਕਿਤੇ-ਕਿਤੇ ਗੰਨੇ ਪੀੜ੍ਹਨ ਵਾਲੀਆਂ ਘੁਲਾਹੜੀਆਂ ਚਲਦੀਆਂ ਨਜ਼ਰ ਆਉਦੀਆਂ ਹਨ। ਆਮ ਸਭਿਆਚਾਰ ਵਿੱਚੋ ਇਹ ਸਭ ਕੁਝ ਖ਼ਤਮ ਹੋ ਗਿਆ ਹੈ। 

PunjabKesari

ਪਿੰਡ ਦੁਤਾਲ ਦੇ ਕਿਸਾਨ ਮਨਧੀਰ ਸਿੰਘ
ਜ਼ਿਲ੍ਹੇ ਪਟਿਆਲੇ ਦੇ ਹਲਕਾ ਸ਼ੁਤਰਾਣਾ ਨੇੜੇ ਪੈਂਦੇ ਪਿੰਡ ਦੁਤਾਲ ਦੇ ਕਿਸਾਨ ਮਨਧੀਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਵੀਸ਼ੇਰ ਸਿੰਘ ਦੀ ਗੱਲ ਕਰੀਏ ਤਾਂ ਇਹ ਕਿਸਾਨ ਪਿਛਲੇ ਤਿੰਨ ਕੁ ਸਾਲਾਂ ਅੰਦਰ ਗੁੜ੍ਹ ਬਣਾਉਣ ਦੇ ਬਾਦਸ਼ਾਹ ਬਣ ਚੁੱਕੇ ਹਨ। ਬੇਸ਼ੱਕ ਰਵੀਸ਼ੇਰ ਸਿੰਘ ਗਰੈਜੂਏਟ ਹੈ ਪਰ ਸਰਕਾਰਾਂ ਕੋਲੋਂ ਰੁਜ਼ਗਾਰ ਲੈਣ ਦੀ ਉਮੀਦ ਛੱਡ ਕੇ ਆਪਣਾ ਗੁੜ੍ਹ ਤਿਆਰ ਕਰਨ ਦਾ ਕਾਰੋਬਾਰ ਤੋਰ ਲਿਆ ਹੈ। ਦਿੱਲੀ-ਨਰਵਾਣਾ ਮੁੱਖ ਮਾਰਗ 'ਤੇ ਲਗਾਏ ਗਏ ਆਪਣੇ ਗੰਨਾ ਪੀੜ੍ਹਨ ਵਾਲੇ ਪ੍ਰਾਜੈਕਟ, ਜਿਸ ਨੂੰ ਪਹਿਲਾਂ ਘਲਾੜੀ ਦਾ ਰੂਪ ਦਿੱਤਾ ਜਾਂਦਾ ਸੀ। ਹੁਣ ਟੋਕਾ ਕਰਨ ਵਾਲੀਆਂ ਮਸ਼ੀਨਾਂ ਵਾਂਗ ਸ਼ੂਗਰ ਕੇਨ ਕਰੈਸਰ ਆ ਗਏ ਹਨ, ਜਿਨ੍ਹਾਂ ਵਿੱਚ ਹਰੇ-ਚਾਰੇ ਵਾਂਗ ਗੰਨਾ ਰੁੱਗ ਭਰ ਕੇ ਲਾਇਆ ਜਾਂਦਾ ਹੈ, ਦੇ ਬਾਰੇ ਦੱਸਿਆ ਕਿ ਇਸ ਦੀ ਸਮਰੱਥਾ 24 ਘੰਟੇ ਵਿੱਚ 300 ਕੁਇੰਟਲ ਗੰਨਾ ਪੀੜ੍ਹਨ ਦੀ ਹੈ। ਇਹ ਕਰੈਸ਼ਰ ਗੁਜਰਾਤ ਤੋਂ ਲੈ ਕੇ ਆਏ ਸਨ। 

ਆਰਗੈਨਿਕ ਗੁੜ੍ਹ ਤਿਆਰ ਕਰਨ ਦੀ ਪ੍ਰਾਪਤ ਕੀਤੀ ਸਿਖਲਾਈ
ਇਸ ਤੋਂ ਬਿਨ੍ਹਾਂ ਸ੍ਰ. ਮਨਧੀਰ ਸਿੰਘ ਨੇ ਆਈ.ਆਈ.ਐੱਸ.ਆਰ. (ਇੰਡੀਅਨ ਇੰਸੀਚਿਊਟ ਆਫ ਸਗੂਰ ਕੇਨ ਰਿਸਚਰ ਲਖਨਊ) ਕੋਲੋਂ ਗੰਨਾ ਬੀਜਣ ਤੋਂ ਲੈ ਕੇ ਆਰਗੈਨਿਕ ਗੁੜ੍ਹ ਤਿਆਰ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਰਗੈਨਿਕ ਸਿਰਕਾ ਤਿਆਰ ਕਰਨ ਦੇ ਗੁਰ ਸਿੱਖੇ, ਜਿਸ ਸਦਕਾ ਅੱਜ ਇਹ ਕਿਸਾਨ 4 ਏਕੜ ਦੇ ਕਰੀਬ ਆਪਣਾ ਕਮਾਦ ਬੀਜਣ ਦੇ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੀ ਆਪਣੇ ਪਰਿਵਾਰ ਦੀ ਜ਼ਰੂਰਤ ਮੁਤਾਬਿਕ ਕਮਾਦ ਬੀਜਣ ਲਈ ਪ੍ਰੇਰਿਤ ਕਰ ਰਿਹਾ ਹੈ। ਮਨਧੀਰ ਸਿੰਘ ਨੇ ਦੱਸਿਆ ਕਿ ਉਹ ਗੁੜ੍ਹ ਤਿਆਰ ਕਰਨ ਲਈ ਪਹਾੜੀ ਭਿੰਡੀ ਦੀ ਵਰਤੋਂ ਕਰਦੇ ਹਨ। ਆਪਣਾ ਕਮਾਦ ਪੀੜ੍ਹਨ ਦੇ ਨਾਲ ਹੀ ਦੂਸਰੇ ਕਿਸਾਨਾਂ ਨੂੰ ਵੀ ਗੁੜ੍ਹ ਤਿਆਰ ਕਰਕੇ ਦੇ ਦਿੰਦੇ ਹਾਂ ਅਤੇ ਆਪਣੇ ਖੇਤ ਵਿੱਚ ਕਮਾਦ ਦੀਆਂ ਸੀ.ਉ.ਪੀ.ਬੀ.92,ਸੀ.ਉ.5009,ਸੀ.ਉ.ਜੇ.88,ਸੀ.ਉ.119 ਆਦਿ ਕਿਸਮਾਂ ਦੀ ਕਾਸ਼ਤ ਕਰਦੇ ਹਨ।

ਗੁੜ੍ਹ, ਸ਼ੱਕਰ ਰਾਹੀ ਤਿਆਰ ਕੀਤਾ ਜਾਂਦਾ ਹੈ ਆਰਗੈਨਿਕ ਸਿਰਕਾ
ਗੁੜ੍ਹ, ਸ਼ੱਕਰ ਤਿਆਰ ਕਰਨ ਨਾਲ ਹੀ ਆਰਗੈਨਿਕ ਸਿਰਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਪ੍ਰਤੀ ਏਕੜ ਗੰਨੇ ਵਿੱਚੋਂ 30 ਤੋਂ 35 ਕੁਇੰਟਲ ਗੁੜ੍ਹ ਨਿਕਲ ਜਾਂਦਾ ਹੈ। ਨਵੀ ਵਿਧੀ ਰਾਹੀਂ ਬਿਲਕੁੱਲ ਸ਼ੁੱਧ ਅਤੇ ਦੇਸੀ ਗੁੜ ਤਿਆਰ ਕੀਤਾ ਜਾਦਾ ਹੈ। ਉਨ੍ਹਾਂ ਦੇ ਘੁਲਾੜ 'ਤੇ ਬਹੁਤੇ ਲੋਕ ਤਾਂ ਗੰਨੇ ਦਾ ਰਸ ਵੀ ਪੀਣ ਲਈ ਆ ਜਾਂਦੇ ਹਨ ਪਰ ਅਸੀਂ ਵੀ ਪੰਜਾਬੀ ਜੱਟ ਦੀ ਕਹਾਵਤ ਵਾਂਗ ਕਿ ''ਜੱਟ ਖੇਤ ਵਿੱਚੋ ਗੰਨਾ ਪੁੱਟਣ ਨੀ ਦਿੰਦਾ ਪਰ ਘੂਲਾਹੜੀ ਚਲਦੀ ਵੇਲੇ ਗੁੜ੍ਹ ਦੀ ਭੇਲੀ ਨੂੰ ਵੀ ਜਵਾਬ ਨੀ ਦਿੰਦਾ''। ਜਿਹੜਾ ਕੋਈ ਤੱਤਾ ਗੁੜ ਖਾਣ ਆ ਗਿਆ ਜਾਂ ਗੰਨੇ ਦਾ ਜੂਸ ਪੀਣ ਆ ਗਿਆ ਕਦੇ ਜਵਾਬ ਨਹੀ ਦਿੱਤਾ, ਕਿਉਂਕਿ ਗਾਹਕ ਬਣਾਉਣ ਲਈ ਵਪਾਰੀ ਬਣਨਾ ਜ਼ਰੂਰੀ ਹੋ ਗਿਆ ਹੈ। 

PunjabKesari

ਪੇਂਡੂ ਸਭਿਅਤਾ ਵਿੱਚ ਗੰਨੇ ਦੇ ਗੁੜ ਦਾ ਮਹੱਤਵ
ਉਨ੍ਹਾਂ ਕਿਹਾ ਕਿ ਹੱਥੀਂ ਕੰਮ ਕਰਨ ਵੇਲੇ ਪਿੰਡਾਂ ਦੇ ਵਧੀਆ ਖਾਣੇ-ਪੀਣੇ ਵੀ ਜੁੜ੍ਹੇ ਹੋਏ ਸਨ, ਜਿਵੇਂ ਮੱਖਣ, ਘਿਉ, ਦਹੀਂ, ਲੱਸੀ, ਗੁੜ, ਕਾੜਨੀ ਦਾ ਦੁੱਧ, ਮੱਕੀ ਤੇ ਬਾਜਰੇ ਦੀ ਰੋਟੀ ਬਗੈਰਾ, ਪੇਂਡੂ ਸਭਿਅਤਾ ਵਿੱਚ ਗੰਨੇ ਦੇ ਗੁੜ ਦਾ ਬਹੁਤ ਮਹੱਤਵ ਰਿਹਾ ਹੈ। ਗੁੜ ਖਾਣਾ ਸਿਹਤ ਲਈ ਵਧੀਆ ਹੋਣ ਨਾਲ ਸਸਤਾ ਤੇ ਵਧੀਆ ਵੀ ਹੁੰਦਾ ਹੈ। ਜੇਕਰ ਆਪਾਂ ਦੋ ਤਿੰਨ ਦਹਾਕੇ ਪਿੱਛੇ ਨਜ਼ਰ ਮਾਰੀਏ ਤਾਂ ਸ਼ਾਈਦ ਕੋਈ ਕਿਸਾਨ ਇਹੋ ਜਿਹਾ ਹੁੰਦਾ ਹੋਵੇ, ਜਿੱਥੇ ਘਰ ਦਾ ਗੁੜ ਜਾਂ ਸ਼ੱਕਰ ਨਾ ਹੁੰਦੀ ਹੋਵੇ। ਸਮੇਂ ਦਾ ਇਹੋ ਜਿਹਾ ਗੇੜ ਆਇਆ ਕਿ ਪਿੰਡਾਂ ਵਿੱਚੋ ਗੰਨੇ ਪੀੜ੍ਹਨ ਦਾ ਕੰਮ ਹੀ ਖਤਮ ਹੋ ਗਿਆ ਪਰ ਅਸੀਂ ਇਸ ਕੰਮ ਨੂੰ ਲਗਾਤਾਰ ਚਲਾਉਂਦੇ ਆ ਰਹੇ ਹਾਂ ਅਤੇ ਕਿਸਾਨ ਪਰਿਵਾਰਾਂ ਅੰਦਰ ਗੰਨੇ ਦੀ ਕਾਸ਼ਤ ਕਰਨ ਅਤੇ ਗੁੜ੍ਹ ਦੀ ਵਰਤੋ ਕਰਨ ਦਾ ਰੂਝਾਨ ਵਧਦਾ ਜਾ ਰਿਹਾ ਹੈ। ਭਾਂਵੇ ਕਿਸਾਨ ਵੀ ਹੁਣ ਖੰਡ ਦੀ ਚਾਹ ਪੀਣ ਲੱਗ ਪਿਆ ਹੈ ਪਰ ਰੋਟੀ ਤੋਂ ਬਾਅਦ ਗੁੜ ਖਾਣ ਦਾ ਸਵਾਦ ਹੀ ਵੱਖਰਾ ਸੀ। 

ਗੁੜ ਦੇ ਮਾਮਲੇ ਵਿੱਚ ਗੀਤਕਾਰ ਤੇ ਕਲਾਕਾਰ
ਗੁੜ ਦੇ ਮਾਮਲੇ ਵਿੱਚ ਗੀਤਕਾਰ ਤੇ ਕਲਾਕਾਰ ਵੀ ਪਿੱਛੇ ਨਹੀ ਰਹੇ। ''ਗੁੜ ਨਾਲੋਂ ਇਸ਼ਕ ਮਿੱਠਾ।'' ਇਸ਼ਕ ਦੇ ਨਾਲ ਵੀ ਗੁੜ ਜੋੜ ਦਿੱਤਾ। ''ਮੈਂ ਮਰਜਾਂ ਗੰਨੇ ਦਾ ਗੁੜ ਖਾ ਕੇ ਇੱਕ ਕੁੜੀ ਦਿਲ ਲੈ ਗਈ।''ਗੁੜ ਖਾਣ ਨਾਲ ਢਿੱਡ ਦਾ ਅਫਾਰਾ, ਗੈਸ, ਦਮਾ, ਖਾਂਸੀ ਅਤੇ ਜ਼ੁਕਾਮ ਆਦਿ ਠੀਕ ਹੁੰਦੇ ਹਨ। ਕਈ ਵਾਰ ਹਿਚਕੀ ਲੱਗਣ 'ਤੇ ਵੀ ਗੁੜ ਖਾ ਲਿਆ ਜਾਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ 200 ਗ੍ਰਾਮ ਗੁੜ ਵਿੱਚ ਤੱਤਾਂ ਦੀ ਮਾਤਰਾ ਵੇਖਣੀ ਹੋਵੇ, ਤਾਂ ਇਸ ਤਰ੍ਹਾਂ ਹੈ- ਪ੍ਰੋਟੀਨ 0.8 ਗ੍ਰਾਮ, ਚਿਕਨਾਈ 0.2 ਗ੍ਰਾਮ, ਕੈਲਸੀਅਮ 108 ਮਿਲੀਗ੍ਰਾਮ, ਫਾਸਫੋਰਸ 80 ਮਿਲੀਗ੍ਰਾਮ, ਲੋਹਾ 22.8 ਮਿਲੀਗ੍ਰਾਮ, ਖਣਿਜ ਪਦਾਰਥ 2 ਗ੍ਰਾਮ, ਕੈਰੋਟਿਨ 336 ਮਿਲੀਗ੍ਰਾਮ, ਕੈਲੋਰੀ 766 ਊਰਜਾ ਵਾਲੇ ਕਾਰਬੋਹਾਈਡਰੇਟ ਹੁੰਦੇ ਹਨ। 

ਪਸ਼ੂਆਂ ਲਈ ਵੀ ਲਾਹੇਵੰਦ ਹੈ ਗੁੜ
ਗੁੜ ਇਨਸਾਨ ਲਈ ਹੀ ਨਹੀਂ ਸਗੋਂ ਪਸ਼ੂਆਂ ਲਈ ਵੀ ਲਾਹੇਵੰਦ ਹੈ। ਗੱਭਣ ਨਾ ਹੋਣ ਵਾਲੀਆਂ ਮੱਝਾਂ-ਗਾਵਾਂ ਨੂੰ ਗੁੜ ਦਿੱਤਾ ਜਾਂਦਾ ਹੈ। ਜਿੱਥੇ ਕਿਤੇ ਖੇਤੀ ਦਾ ਧੰਦਾ ਬਲਦਾ ਨਾਲ ਹੁੰਦਾ ਹੈ, ਉੱਥੇ ਬਲਦਾਂ ਨੂੰ ਵੀ ਗੁੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਘੁਲਾਹੜੀ ਰਾਹੀਂ ਬਿਨ੍ਹਾਂ ਮਸਾਲਿਆਂ ਤੋਂ ਤਿਆਰ ਕੀਤੇ ਗੁੜ ਦੇ ਕਈ ਤਰ੍ਹਾਂ ਦੇ ਲਾਭ ਹਨ। ਪੰਜਾਬ ਦੇ ਕਿਸਾਨ ਨੂੰ ਖੰਡ ਵਰਗੀ ਜ਼ਹਿਰੀਲੀ ਵਸੂਤ ਦਾ ਤਿਆਗ ਕਰਕੇ ਗੁੜ ਦੀ ਵਰਤੋ ਕਰਨ ਵੱਲ ਆਉਣਾ ਸਮੇਂ ਦੀ ਜ਼ਰੂਰਤ ਬਣ ਗਈ ਹੈ। 

ਬ੍ਰਿਸ ਭਾਨ ਬੁਜਰਕ ਕਾਹਨਗੜ
ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ 
9876101698


author

rajwinder kaur

Content Editor

Related News