25 ਸਾਲ ਤੋਂ ਕਰ ਰਿਹਾ ਸੀ ਕੋਸ਼ਿਸ਼, ਆਖ਼ਿਰ ਚਮਕਿਆ ਕਿਸਮਤ ਦਾ ਸਿਤਾਰਾ ਤੇ ਲੱਖਪਤੀ ਬਣਿਆ ਸਫ਼ਾਈ ਮੁਲਾਜ਼ਮ

Tuesday, Sep 06, 2022 - 06:03 PM (IST)

25 ਸਾਲ ਤੋਂ ਕਰ ਰਿਹਾ ਸੀ ਕੋਸ਼ਿਸ਼, ਆਖ਼ਿਰ ਚਮਕਿਆ ਕਿਸਮਤ ਦਾ ਸਿਤਾਰਾ ਤੇ ਲੱਖਪਤੀ ਬਣਿਆ ਸਫ਼ਾਈ ਮੁਲਾਜ਼ਮ

ਮੁਕੇਰੀਆਂ (ਨਾਗਲਾ)-ਕਿਹਾ ਜਾਂਦਾ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ, ਉਹ ਛੱਪਰ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕ੍ਰਿਸ਼ਮਾ ਅੱਜ ਮੁਕੇਰੀਆਂ ਵਿਚ ਦੇਖਣ ਨੂੰ ਮਿਲਿਆ। ਜਦੋਂ ਪੰਜਾਬ ਰਾਜ ਮਾਸਿਕ ਲਾਟਰੀ ਦਾ ਪਹਿਲਾ 50 ਲੱਖ ਰੁਪਏ ਦਾ ਇਨਾਮ ਸਫਾਈ ਮੁਲਾਜ਼ਮ ਤਰਸੇਮ ਲਾਲ ਦੀ ਪਤਨੀ ਰਾਜ ਰਾਣੀ ਵਾਸੀ ਰਿਸ਼ੀਨਗਰ (ਮੁਕੇਰੀਆਂ) ਨੂੰ ਸੌਂਪਿਆ ਗਿਆ।
ਤਰਸੇਮ ਲਾਲ ਨੇ ਦੱਸਿਆ ਕਿ ਉਸ ਨੇ ਬੇਸ਼ੱਕ ਲਾਟਰੀ ਖਰੀਦੀ ਸੀ ਪਰ ਉਸ ਨੇ ਤੁਰੰਤ ਟਿਕਟ ਆਪਣੀ ਪਤਨੀ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਨਾਮ ’ਚ ਜੋ ਵੀ ਪੈਸਾ ਨਿਕਲੇਗਾ, ਉਹ ਸਭ ਤੁਹਾਡਾ ਹੋਵੇਗਾ। ਤਰਸੇਮ ਲਾਲ ਨੇ ਦੱਸਿਆ ਕਿ ਇਹ ਸਭ ਕੁਝ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਗੌਰਵ-ਸੁਸ਼ਾਂਤ ਲਾਟਰੀ ਸਟਾਲ ਚਲਾਉਣ ਵਾਲੇ ਲਾਟਰੀ ਵਿਕਰੇਤਾ ਸੰਜੀਵ ਕੁਮਾਰ ਦੀ ਈਮਾਨਦਾਰੀ ਦਾ ਸਬੂਤ ਹੈ, ਜਿਸ ਨੇ ਮੇਰੀ ਅਨਪੜ੍ਹਤਾ ਦਾ ਨਾਜਾਇਜ਼ ਫਾਇਦਾ ਨਾ ਉਠਾਉਂਦੇ ਹੋਏ ਮੈਨੂੰ ਇਨਾਮ ਦੀ ਜਾਣਕਾਰੀ ਘਰ ਛੱਡਣ ਤੋਂ ਬਾਅਦ ਦਿੱਤੀ। ਉਸ ਨੇ ਦੱਸਿਆ ਕਿ ਉਹ ਪਿਛਲੇ 25 ਸਾਲ ਤੋਂ ਲਾਟਰੀ ਬੰਪਰ ਖਰੀਦ ਰਿਹਾ ਸੀ ਪਰ ਅੱਜ ਪਹਿਲੀ ਵਾਰ ਇਨਾਮ ਮਿਲਿਆ। ਉਸ ਨੇ ਦੱਸਿਆ ਕਿ ਉਸ ਦੀ ਜੇਬ ਵਿਚ ਸਿਰਫ 100 ਰੁਪਏ ਸਨ, ਜਿਸ ਨਾਲ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਦੋ ਸਾਲਾਂ ’ਚ ਬੰਦ ਹੋ ਜਾਣਗੇ 13 ਹੋਰ ਟੋਲ ਪਲਾਜ਼ੇ

ਪੈਸੇ ਮਿਲਣ ’ਤੇ ਪਹਿਲਾਂ ਕਿਹੜੀ ਇੱਛਾ ਪੂਰੀ ਹੋਵੇਗੀ, ਇਸ ਬਾਰੇ ਪੁੱਛਣ ’ਤੇ ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਅੱਜ ਤੱਕ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਕਿਸੇ ਸਮੇਂ 1-2 ਲੱਖ ਰੁਪਏ ਮਿਲ ਜਾਣਗੇ। ਉਸ ਨੇ ਦੱਸਿਆ ਕਿ ਹੁਣ ਉਹ ਇਨ੍ਹਾਂ ਪੈਸਿਆਂ ਨਾਲ ਆਪਣਾ ਤਕਰੀਬਨ 10 ਲੱਖ ਦਾ ਕਰਜ਼ਾ ਮੋੜੇਗਾ ਅਤੇ ਆਪਣੀ ਲੜਕੀ ਦਾ ਵਿਆਹ ਕਰੇਗਾ। ਆਪਣੇ ਬੇਟੇ ਜੋ ਮਿਹਨਤ-ਮਜ਼ਦੂਰੀ ਕਰ ਰਿਹਾ ਹੈ, ਨੂੰ ਇਕ ਦੁਕਾਨ ਬਣਾ ਕੇ ਦੇਵੇਗਾ ਅਤੇ ਕੁਝ ਪੈਸਾ ਉਹ ਆਪਣੇ ਬੁਢਾਪੇ ਲਈ ਜਮ੍ਹਾ ਕਰਵਾਏਗਾ। ਉਸ ਨੇ ਦੱਸਿਆ ਕਿ ਉਸ ਕੋਲ ਪੈਸਾ ਜ਼ਰੂਰ ਆਵੇਗਾ ਪਰ ਇਸ ਤੋਂ ਬਾਅਦ ਵੀ ਉਹ ਆਪਣਾ ਸਵੀਪਰ ਦਾ ਕੰਮ ਨਹੀਂ ਛੱਡੇਗਾ। ਉਨ੍ਹਾਂ ਨੇ ਇਸ ਪੁਰਸਕਾਰ ਨੂੰ ਭਗਵਾਨ ਸ਼੍ਰੀ ਵਾਲਮੀਕਿ ਜੀ ਦੀ ਕ੍ਰਿਪਾ ਦ੍ਰਿਸ਼ਟੀ ਅਤੇ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਦੱਸਿਆ। ਉਸ ਦੇ ਘਰ ’ਚ ਖੁਸ਼ੀ ਦਾ ਮਾਹੌਲ ਹੈ, ਜਦਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ |

ਇਹ ਵੀ ਪੜ੍ਹੋ : MP ਰਾਘਵ ਚੱਢਾ ਤੇ ਮੰਤਰੀ ਅਨਮੋਲ ਗਗਨ ਮਾਨ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ ਮਿਲੇ  
 


author

Manoj

Content Editor

Related News