ਆਡੀਓ ਵਿਵਾਦ 'ਚ ਘੁਬਾਇਆ ਨਾਲ ਸੁਰਖੀਆਂ 'ਚ ਰਹੀ ਲਵਮੀਤ ਨੇ ਫੜਿਆ ਹਨੀ ਟ੍ਰੈਪ ਗਿਰੋਹ (ਵੀਡੀਓ)
Saturday, Jan 19, 2019 - 04:53 PM (IST)
ਫਾਜ਼ਿਲਕਾ (ਸੁਨੀਲ)— ਫਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਨਾਲ ਆਡੀਓ ਵਿਵਾਦ 'ਚ ਸੁਰਖੀਆਂ ਬਟੋਰਨ ਵਾਲੀ ਐੱਸ. ਐੱਚ. ਓ. ਲਵਮੀਤ ਕੌਰ ਨੇ ਹਨੀ ਟ੍ਰੈਪ ਜ਼ਰੀਏ ਕੀਤੀ ਜਾ ਰਹੀ ਬਲੈਕਮੇਲਿੰਗ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦੇ ਹੋਏ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ 'ਚ ਤਿੰਨ ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ। ਗ੍ਰਿਫਤਾਰ ਲੜਕੀਆਂ ਪਹਿਲਾਂ ਨੌਜਵਾਨਾਂ ਨੂੰ ਹੁਸਨ ਦੇ ਜ਼ਰੀਏ ਆਪਣੇ ਜਾਲ 'ਚ ਫਸਾਉਂਦੀਆਂ ਸਨ ਅਤੇ ਕਾਬੂ ਨੌਜਵਾਨ ਜਾਲ 'ਚ ਫਸੇ ਨੌਜਵਾਨਾਂ ਨਾਲ ਅਸ਼ਲੀਲ ਵੀਡੀਓਜ਼ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਲੈਂਦੇ ਸਨ।
ਫਾਜ਼ਿਲਕਾ ਦੇ ਐੱਸ. ਪੀ. ਮੁਖਤਿਆਰ ਸਿੰਘ ਨੇ ਦੱਸਿਆ ਕਿ ਜ਼ਿਲੇ ਦੀ ਦਬੰਗ ਪੁਲਸ ਅਧਿਕਾਰੀ ਲਵਮੀਤ ਕੌਰ ਨੇ ਇਸ ਗਿਰੋਹ ਨੂੰ ਫੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੀਆਂ ਗਈਆਂ ਲੜਕੀਆਂ 'ਚੋਂ ਦੋ ਅਣਵਿਆਹੁਤਾ ਹਨ, ਜਿਨ੍ਹਾਂ ਨੂੰ ਮੋਹਰਾ ਬਣਾ ਕੇ ਪੈਸੇ ਨਾਲੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾਇਆ ਜਾਂਦਾ ਸੀ ਅਤੇ ਬਾਅਦ 'ਚ ਬਲੈਕਮੇਲ ਕਰਦੇ ਸਨ। ਪੁਲਸ ਨੇ ਇਨ੍ਹਾਂ ਦੇ ਕੋਲੋਂ 1 ਲੱਖ 30 ਹਜ਼ਾਰ ਦੀ ਨਕਦੀ ਅਤੇ ਇਕ ਆਲਟੋ ਕਾਰ ਵੀ ਬਰਾਮਦ ਕੀਤੀ ਹੈ। ਕਾਬੂ ਨੌਜਵਾਨ ਪੱਤਰਕਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ।