ਵਿਵਾਦ ਤੋਂ ਬਾਅਦ ਆਮ ਵਾਂਗ ਹੋਇਆ ਲਵਲੀ ਯੂਨੀਵਰਸਿਟੀ ਦਾ ਮਾਹੌਲ

11/06/2017 8:45:17 PM

ਜਲੰਧਰ— ਐਤਵਾਰ ਰਾਤ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਏ ਹੰਗਾਮੇ ਤੋਂ ਬਾਅਦ ਸੋਮਵਾਰ ਨੂੰ ਯੂਨੀਵਰਸਿਟੀ ਦਾ ਮਾਹੌਲ ਬਿਲਕੁਲ ਸ਼ਾਂਤ ਰਿਹਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਐੱਲ. ਪੀ. ਯੂ. ਦੇ ਇਕ ਵਿਦਿਆਰਥੀ ਨੇ ਇਕ ਹੋਰ ਵਿਦਿਆਰਥੀ 'ਤੇ ਮੋਬਾਇਲ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਜਿਸ ਸੰਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਕਥਿਤ ਦੋਸ਼ੀ ਵਿਦਿਆਰਥੀ ਨੂੰ ਰਾਮਾ ਮੰਡੀ ਦੇ ਨੇੜੇ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਟ੍ਰੈਕ ਕੀਤਾ। ਜਿਸ ਪਿੱਛੋਂ ਉਸ ਤੋਂ ਫੋਨ ਬਰਾਮਦ ਕਰਨ ਲਈ ਉਸ ਨੂੰ ਐੱਲ. ਪੀ. ਯੂ. ਦੇ ਹਾਸਟਲ ਲਿਆਂਦਾ ਗਿਆ। 
ਪੁਲਸ ਜਦ ਉਕਤ ਵਿਦਿਆਰਥੀ ਨਾਲ ਹਾਸਟਲ ਪਹੁੰਚੀ ਤਾਂ ਉਸ ਵਿਦਿਆਰਥੀ ਦੇ ਦੋਸਤਾਂ ਨੇ ਸਮਝਿਆ ਕਿ ਪੁਲਸ ਨੇ ਉਕਤ ਵਿਦਿਆਰਥੀ ਨਾਲ ਕੁਝ ਨਾਇੰਸਾਫੀ ਕੀਤੀ ਹੈ। ਜਿਸ ਕਾਰਨ ਸਾਥੀ ਵਿਦਿਆਰਥੀ ਭੜਕ ਗਏ ਤੇ ਹਿੰਸਕ ਹੋ ਗਏ। ਜਿਸ ਪਿੱਛੋਂ ਉਹ ਕੈਂਪ ਤੋਂ ਬਾਹਰ ਮੇਨ ਜੀ. ਟੀ. ਰੋਡ 'ਤੇ ਆ ਗਏ। ਜਿਥੇ ਪੁਲਸ ਵਲੋਂ ਸਮਝਾਉਣ ਤੋਂ ਬਾਅਦ ਸਾਰੇ ਵਿਦਿਆਰਥੀ ਹਾਸਟਲ ਵਾਪਸ ਆ ਗਏ ਤੇ ਕੈਂਪਸ 'ਚ ਮਾਹੌਲ ਆਮ ਹੋ ਗਿਆ।
ਇਸੇ ਦੌਰਾਨ ਇਕ ਹੋਰ ਘਟਨਾ 'ਚ ਜਦੋਂ ਵਿਦਿਆਰਥੀ ਕੈਂਪਸ ਦੇ ਬਾਹਰ ਮੇਨ ਰੋਡ 'ਤੇ ਸਨ ਤਾਂ ਗਲਤ ਦਿਸ਼ਾ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਕੁਝ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਇਸ ਸਬੰਧ 'ਚ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 307 ਤੇ 34 ਦੇ ਤਹਿਤ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਕਾਰ ਚਾਲਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਵਰਤਮਾਨ ਸਮੇਂ ਯੂਨੀਵਰਸਿਟੀ ਆਮ ਰੂਪ ਨਾਲ ਕੰਮ ਕਰ ਰਹੀ ਹੈ ਤੇ ਕੈਂਪਸ 'ਚ ਮਾਹੌਲ ਸ਼ਾਂਤ ਤੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਸੁਰੱਖਿਅਤ ਹਨ।


Related News