ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਦੇ ਪਰਿਵਾਰ ਨੇ ਮੁੰਡੇ ਨੂੰ ਕੀਤਾ ਅਗਵਾ, ਘਰ ''ਚ ਬੰਨ੍ਹ ਕੇ ਕੀਤੀ ਕੁੱਟਮਾਰ
Friday, Mar 04, 2022 - 10:36 AM (IST)
ਲੁਧਿਆਣਾ (ਅਨਿਲ) : ਪਰਿਵਾਰ ਖ਼ਿਲਾਫ਼ ਜਾ ਕੇ ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਦੇ ਪਤੀ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਗਵਾ ਕਰ ਲਿਆ ਗਿਆ ਅਤੇ ਆਪਣੇ ਘਰ ’ਚ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਇਹ ਮਾਮਲਾ ਥਾਣਾ ਲਾਡੋਵਾਲ ਦੇ ਪਿੰਡ ਮਾਜਰਾ ਖੁਰਦ ’ਚ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਵੱਲੋਂ ਕੁੜੀ ਦੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਥਾਣਾ ਲਾਡੋਵਾਲ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਕਤ ਮਾਮਲੇ ਸਬੰਧੀ ਪੀੜਤ ਲੜਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਪਿੰਡ ਬੌਂਕੜ ਡੋਗਰਾ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਅਕਤੂਬਰ 2021 ਵਿਚ ਵਰਿੰਦਰ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮਾਜਰਾ ਖੁਰਦ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਦੇ ਲੋਕ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਰਹੇ ਸਨ।
ਇਹ ਵੀ ਪੜ੍ਹੋ : ਫਾਜ਼ਿਲਕਾ ਤੋਂ ਵੱਡੀ ਖ਼ਬਰ : EVM ਸਟਰਾਂਗ ਰੂਮ ਸੈਂਟਰ 'ਚ ਚੱਲੀ ਗੋਲੀ, ਗਾਰਦ ਇੰਚਾਰਜ ਦੀ ਮੌਤ
ਬੀਤੀ ਸਵੇਰੇ ਉਸ ਦਾ ਪਤੀ ਵਰਿੰਦਰ ਕੁਮਾਰ ਆਪਣੇ ਪਿਤਾ ਪਵਨ ਕੁਮਾਰ ਨੂੰ ਮੋਟਰਸਾਈਕਲ ’ਤੇ ਪਿੰਡ ਚਾਹੜਾਂ ਵਿਚ ਕੰਮ ’ਤੇ ਛੱਡ ਕੇ ਵਾਪਸ ਘਰ ਆ ਰਿਹਾ ਸੀ ਅਤੇ ਰਸਤੇ ਵਿਚ ਮੇਰੇ ਭਰਾ ਜੋਧਾ ਅਤੇ ਕਾਕਾ ਨੇ ਆਪਣੇ 3 ਹੋਰ ਸਾਥੀਆਂ ਸਮੇਤ ਘੇਰ ਲਿਆ ਅਤੇ ਪ੍ਰੇਮ ਵਿਆਹ ਦੀ ਰੰਜਿਸ਼ ਕਾਰਨ ਉਸ ਦੀ ਕੁੱਟਮਾਰ ਕਰਨ ਲੱਗ ਪਏ। ਫਿਰ ਉਨ੍ਹਾਂ ਨੇ ਉਸ ਦੇ ਪਤੀ ਵਰਿੰਦਰ ਦਾ ਮੋਟਰਸਾਈਕਲ ਖੋਹ ਕੇ ਆਪਣੇ ਸਾਥੀਆਂ ਨੂੰ ਫੜ੍ਹਾ ਦਿੱਤਾ ਅਤੇ ਉਸ ਨੂੰ ਦੂਜੇ ਮੋਟਰਸਾਈਕਲ ’ਤੇ ਹੱਥ ਫੜ੍ਹ ਕੇ ਵਿਚਕਾਰ ਬਿਠਾ ਕੇ ਅਗਵਾ ਕਰ ਕੇ ਆਪਣੇ ਘਰ ਬੌਂਕੜ ਡੋਗਰਾ ਲੈ ਗਏ। ਇੱਥੇ ਉਸ ਦੇ ਪਤੀ ਨੂੰ ਰੱਸੇ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਉਸੇ ਦੌਰਾਨ ਉਥੋਂ ਕਿਸੇ ਨੇ ਸਾਨੂੰ ਫੋਨ ਕਰ ਕੇ ਦੱਸਿਆ ਤਾਂ ਮੇਰੀ ਚਾਚੀ ਸੁਮਨ ਕੌਰ ਅਤੇ ਚਾਚੀ ਦੀ ਸੱਸ ਥਾਣਾ ਲਾਡੋਵਾਲ ਦੇ ਥਾਣੇਦਾਰ ਰਾਜ ਕੁਮਾਰ ਨੂੰ ਨਾਲ ਲੈ ਕੇ ਉਸ ਦੇ ਪਤੀ ਨੂੰ ਉਸ ਦੇ ਭਰਾਵਾਂ ਦੇ ਘਰੋਂ ਛੁਡਾ ਕੇ ਲਿਆਏ।
ਇਹ ਵੀ ਪੜ੍ਹੋ : ਸਮਰਾਲਾ ਤੋਂ ਆਜ਼ਾਦ ਉਮੀਦਵਾਰ ਤੇ ਵਿਧਾਇਕ ਢਿੱਲੋਂ ਨੂੰ ਆਇਆ ਅਟੈਕ, ਹਸਪਤਾਲ 'ਚ ਦਾਖ਼ਲ
ਮੌਕੇ ਤੋਂ ਉਸ ਦੇ ਭਰਾ ਨੂੰ ਵੀ ਪੁਲਸ ਥਾਣੇ ਲੈ ਆਈ। ਫਿਰ ਉਨ੍ਹਾਂ ਨੇ ਆਪਣੇ ਪਤੀ ਨੂੰ ਸਿਵਲ ਹਸਪਤਾਲ ’ਚ ਲਿਜਾ ਕੇ ਮੈਡੀਕਲ ਕਰਵਾਇਆ ਅਤੇ ਥਾਣਾ ਲਾਡੋਵਾਲ ਵਿਚ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਉਸ ਦੇ ਭਰਾ ਨੂੰ ਅੱਧੇ ਘੰਟੇ ਬਾਅਦ ਹੀ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਸਿਆਸੀ ਪਹੁੰਚ ਹੋਣ ਕਰ ਕੇ ਉਨ੍ਹਾਂ ਦੀ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ, ਜਦੋਂਕਿ ਜਿਸ ਰਸਤਿਓਂ ਮੇਰੇ ਪਤੀ ਨੂੰ ਅਗਵਾ ਕਰ ਕੇ ਲਿਆਏ ਹਨ, ਉਥੋਂ ਦੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਨਹੀਂ ਕੀਤੀ। ਪੀੜਤ ਪਰਿਵਾਰ ਨੇ ਪੁਲਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮੁਲਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ