ਪ੍ਰੇਮ ਵਿਆਹ ਦੀ ਰੰਜਿਸ਼ ਕਾਰਣ ਭਾਣਜੇ ਨੂੰ ਕੀਤਾ ਅਗਵਾ, ਪੁਲਸ ਵੱਲੋਂ 3 ਘੰਟੇ ’ਚ ਬਰਾਮਦ ਕੀਤਾ ਬੱਚਾ

2/27/2021 5:14:14 PM

ਮੋਗਾ (ਆਜ਼ਾਦ)- ਮੋਗਾ ਜ਼ਿਲ੍ਹੇ ਦੇ ਪਿੰਡ ਬਹਾਦਰ ਵਾਲਾ ਨਿਵਾਸੀ ਸਤਨਾਮ ਸਿੰਘ ਨੂੰ ਪ੍ਰੇਮ ਵਿਆਹ ਕਰਨਾ ਉਸ ਸਮੇਂ ਮਹਿੰਗਾ ਪਿਆ ਜਦੋਂ ਗੁੱਸੇ ਵਿਚ ਆਏ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸਦੇ ਭਾਣਜੇ ਲਵਪ੍ਰੀਤ ਸਿੰਘ (12) ਨੂੰ ਅਗਵਾ ਕਰ ਲਿਆ, ਜਿਸ ਨੂੰ ਪੁਲਸ ਨੇ ਤਿੰਨ ਘੰਟੇ ਦੇ ਅੰਦਰ ਬਰਾਮਦ ਕਰ ਕੇ ਸਾਰੇ ਅਗਵਾਕਾਰਾਂ ਨੂੰ ਕਾਬੂ ਕਰ ਲਿਆ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜੋਤੀ ਰਾਣੀ ਨਿਵਾਸੀ ਬਹਾਦਰ ਵਾਲਾ ਨੇ ਕਿਹਾ ਕਿ ਉਸਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਆਪਣੇ ਦੋ ਬੱਚਿਆਂ ਸਮੇਤ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਉਸਦੇ ਦੋ ਭਰਾ ਹਨ।

ਉਸਦੇ ਭਰਾ ਅਮਰਜੀਤ ਸਿੰਘ ਦਾ ਵਿਆਹ ਪ੍ਰਿਆ ਪੁੱਤਰੀ ਸੋਨੂੰ ਕੁਮਾਰ ਨਿਵਾਸੀ ਬਲੋਚ ਬਸਤੀ (ਫਿਰੋਜ਼ਪੁਰ) ਨਾਲ ਹੋਇਆ ਸੀ, ਜਦਕਿ ਦੂਸਰੇ ਭਰਾ ਸਤਨਾਮ ਸਿੰਘ ਨੇ ਆਪਣੇ ਭਰਾ ਦੀ ਸਾਲੀ ਨਿਸ਼ਾ ਨਾਲ ਉਸਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਕੋਰਟ ਮੈਰਿਜ ਕਰਵਾ ਲਈ, ਜਿਸ ਦਾ ਪਤਾ ਲੱਗਣ ’ਤੇ ਮੁਲਜ਼ਮ ਸੋਨੂੰ ਕੁਮਾਰ ਆਪਣੀ ਧੀ ਦੀ ਭਾਲ ਕਰਦੇ ਹੋਏ ਸਾਡੇ ਘਰ ਵੀ ਪੁੱਜੇ ਅਤੇ ਮੈਂ ਉਸ ਨੂੰ ਕਿਹਾ ਕਿ ਮੈਂਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਗੁੱਸੇ ਵਿਚ ਆ ਕੇ ਮੇਰੇ ਬੇਟੇ ਲਵਪ੍ਰੀਤ ਸਿੰਘ (12) ਨੂੰ ਜ਼ਬਰਦਸਤੀ ਆਪਣੀ ਸਕਾਰਪੀਓ ਗੱਡੀ ਵਿਚ ਅਗਵਾ ਕਰ ਕੇ ਲੈ ਗਏ। ਉਸਨੇ ਕਿਹਾ ਕਿ ਮੇਰੇ ਭਰਾ ਸਤਨਾਮ ਸਿੰਘ ਨੇ ਕੁੜੀ ਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਵਾਇਆ।ਇਸ ਕਾਰਣ ਉਨ੍ਹਾਂ ਮੇਰੇ ਬੇਟੇ ਨੂੰ ਅਗਵਾ ਕੀਤਾ ਹੈ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਅਗਵਾਕਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ, ਤਾਂਕਿ ਬੱਚਾ ਸਹੀ ਸਲਾਮਤ ਮਿਲ ਸਕੇ। ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਅਗਵਾ ਕੀਤੇ ਗਏ ਲਵਪ੍ਰੀਤ ਸਿੰਘ ਨੂੰ ਤਿੰਨ ਘੰਟੇ ਵਿਚ ਹੀ ਬਰਾਮਦ ਕਰ ਕੇ ਦੋਸ਼ੀਆਂ ਸੋਨੂੰ ਕੁਮਾਰ, ਉਸਦੇ ਭਰਾ ਵਿਜੇ, ਕਾਂਤਾ ਦੇਵੀ, ਨੀਤਾ ਨਿਵਾਸੀ ਬਲੋਚ ਬਸਤੀ (ਫਿਰੋਜ਼ਪੁਰ) ਨੂੰ ਜਾ ਦਬੋਚਿਆ, ਜਿਨ੍ਹਾਂ ਖਿਲਾਫ ਥਾਣਾ ਫਤਿਹਗੜ੍ਹ ਪੰਜਤੂਰ ਵਿਚ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਦੋਸ਼ੀਆਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ। ਪੁਲਸ ਨੇ ਬੱਚੇ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ।


Gurminder Singh

Content Editor Gurminder Singh