ਫਾਈਨਾਂਸ ਕੰਪਨੀ ਦੇ ਮੁਲਾਜ਼ਮ ਨੇ ਹੀ ਰਚੀ ਸੀ ਲੁੱਟ ਦੀ ਸਾਜਿਸ਼, ਪੁਲਸ ਨੇ ਸਾਥੀਆਂ ਸਣੇ ਕੀਤਾ ਗ੍ਰਿਫ਼ਤਾਰ

08/07/2021 2:15:04 PM

ਗੁਰਦਾਸਪੁਰ (ਸਰਬਜੀਤ) : ਫਾਈਨਾਂਸ ਕੰਪਨੀ ਦੇ ਮੁਲਾਜ਼ਮ ਦੇ ਨਾਲ 2 ਅਗਸਤ ਨੂੰ ਹੋਈ ਲੁੱਟ ਦੀ ਵਾਰਦਾਤ ਨੂੰ ਗੰਭੀਰਤਾਂ ਨਾਲ ਲੈਂਦੇ ਹੋਏ ਜ਼ਿਲ੍ਹਾ ਪੁਲਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਇਸ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਈਂਡ ਖ਼ੁਦ ਫਾਈਨਾਂਸ ਕੰਪਨੀ ਦਾ ਮੁਲਾਜ਼ਮ ਹੀ ਨਿਕਲਿਆ। ਉਸ ਨੂੰ ਥਾਣਾ ਤਿੱਬੜ ਪੁਲਸ ਨੇ ਕਾਬੂ ਕਰਕੇ ਉਸ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ। ਇਸ ਮਾਮਲੇ ’ਚ ਦੋਸ਼ੀਆਂ ਤੋਂ 79500 ਰੁਪਏ ਦੀ ਨਕਦੀ, ਇਕ ਟੈਬ ਅਤੇ ਲੁੱਟ-ਖੋਹ ਦੌਰਾਨ ਵਰਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ।

ਇਸ ਸਬੰਧੀ ਐੱਸ. ਐੱਸ. ਪੀ ਡਾ. ਨਾਨਕ ਸਿੰਘ ਆਈ. ਪੀ. ਐੱਸ ਗੁਰਦਾਸਪੁਰ ਨੇ ‘ਜਗਬਾਣੀ’ ਨਾਲ ਵਿਸ਼ੇਸ ਤੌਰ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਘਟਨਾ ’ਚ ਮਾਸਟਰ ਮਾਈਂਡ ਲਵਪ੍ਰੀਤ ਮਸੀਹ ਪੁੱਤਰ ਹੰਸਾ ਮਸੀਹ ਵਾਸੀ ਪਿੰਡ ਸਿੱਧਵਾਂ ਗੁਰਦਾਸਪੁਰ ਨੇ 2 ਅਗਸਤ ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਇਕ ਫਾਈਨਾਂਸ ਕੰਪਨੀ ਗੁਰਦਾਸਪੁਰ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਉਹ ਇਸ ਖੇਤਰ 'ਚੋਂ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦਾ ਹੈ। ਉਹ 2 ਅਗਸਤ ਨੂੰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵੱਖ-ਵੱਖ ਪਿੰਡਾਂ ਚੋਂ ਕਿਸ਼ਤਾਂ ਇਕੱਠੀਆਂ ਕਰਦਾ ਹੋਇਆ ਜਦੋਂ ਪਿੰਡ ਭੁੰਬਲੀ ਤੋਂ ਕਰੀਬ ਇਕ ਕਿਲੋਮੀਟਰ ਅੱਗੇ ਪਹੁੰਚਿਆਂ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦਾ ਪੈਸਿਆਂ ਵਾਲਾ ਬੈਗ ਜਿਸ ਵਿਚ ਕਰੀਬ ਇੱਕ ਲੱਖ ਰੁਪਏ, ਜੋ ਕਿਸ਼ਤਾਂ ਦੇ ਇਕੱਠੇ ਕੀਤੇ ਸਨ, ਕੰਪਨੀ ਵੱਲੋਂ ਮਿਲਿਆ ਹੋਇਆ ਟੈਬ, ਉਸ ਦਾ ਜੇਬ ’ਚ ਪਾਇਆ ਪਰਸ, ਜਿਸ ਵਿਚ ਆਧਾਰ ਕਾਰਡ, ਏ. ਟੀ. ਐੱਮ ਅਤੇ 5 ਹਜ਼ਾਰ ਰੁਪਏ ਨਕਦੀ ਸੀ, ਮੁਲਜ਼ਮ ਖੋਹ ਕੇ ਫ਼ਰਾਰ ਹੋ ਗਏ ਹਨ।

ਜਦੋਂਕਿ ਜਾਂਦੇ ਸਮੇਂ ਉਸ ਨੂੰ ਕਿਰਚਾਂ ਨਾਲ ਜਖ਼ਮੀ ਵੀ ਕਰ ਗਏ। ਐੱਸ. ਐੱਸ. ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਤਿੱਬੜ ਪੁਲਸ ਵੱਲੋਂ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਧਾਰਾ-379ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਜਾਂਚ ਬਾਰੀਕੀ ਨਾਲ ਕਰਨੀ ਸ਼ੁਰੂ ਕਰ ਦਿੱਤੀ। ਐੱਸ. ਐੱਸ. ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾਂ ਨੂੰ ਵੇਖਦੇ ਹੋਏ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ। ਇਸ ਮਾਮਲੇ ਦੀ ਜਦ ਬਾਰੀਕੀ ਨਾਲ ਜਾਂਚ ਕੀਤੀ ਤਾਂ ਤੱਥ ਹੈਰਾਨ ਕਰਨ ਵਾਲੇ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ, ਸਗੋਂ ਖ਼ੁਦ ਫਾਈਨਾਂਸ ਕੰਪਨੀ ਦਾ ਮੁਲਾਜ਼ਮ ਹੀ ਨਿਕਲਿਆ।

ਉਸ ਨੂੰ ਕਾਬੂ ਕਰਕੇ ਜਦੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਧਰਮਵੀਰ ਪੁੱਤਰ ਜਸਪਾਲ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਅਤੇ ਸ਼ਰਨਜੀਤ ਸਿੰਘ ਪੁੱਤਰ ਰੂਪ ਸਿੰਘ ਵਾਸੀ ਆਲੋਵਾਲ ਦੇ ਨਾਲ ਮਿਲ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸ. ਐੱਸ. ਪੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ’ਚ ਥਾਣਾ ਤਿੱਬੜ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ, ਸਹਾਇਕ ਸਬ ਇੰਸਪੈਕਟਰ ਜੈ ਸਿੰਘ ਦੀ ਟੀਮ ਨੇ ਇਨ੍ਹਾਂ ਨੂੰ ਫੜ੍ਹਨ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Babita

Content Editor

Related News