ਸਮਰਾਲਾ ''ਚ ਵੱਡੀ ਕੰਪਨੀ ਦੇ ਮੁਲਾਜ਼ਮਾਂ ਨਾਲ ਲੁੱਟ ਦੀ ਵੱਡੀ ਵਾਰਦਾਤ, 15 ਲੱਖ ਦੀ ਨਕਦੀ ਖੋਹ ਲੁਟੇਰੇ ਫ਼ਰਾਰ
Tuesday, Aug 03, 2021 - 12:41 PM (IST)
            
            ਸਮਰਾਲਾ (ਗਰਗ) : ਸਮਰਾਲਾ ਇਲਾਕੇ ’ਚ ਕਾਰ ਸਵਾਰ ਤਿੰਨ ਲੁਟੇਰਿਆਂ ਵੱਲੋਂ ਮੰਗਲਵਾਰ ਨੂੰ ਪਿੰਡ ਪਾਲਮਾਜਰਾ ਨੇੜੇ ਪੰਜਾਬੀ ਢਾਬੇ ਅੱਗੇ ਕਾਰ ਸਵਾਰ ਵਿਅਕਤੀਆਂ ਨੂੰ ਜ਼ਬਰੀ ਰੋਕਿਆ ਗਿਆ। ਇਸ ਮਗਰੋਂ ਲੁਟੇਰਿਆਂ ਨੇ ਪਿਸਤੌਲ ਦੀ ਨੌਕ ’ਤੇ ਉਨ੍ਹਾਂ ਕੋਲੋਂ ਕਰੀਬ 15-16 ਲੱਖ ਰੁਪਏ ਲੁੱਟ ਲਏ। ਮੁੱਢਲੇ ਤੌਰ ’ਤੇ ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਇਕ ਵੱਡੀ ਪੈਸਟੀਸਾਈਡ (ਕੀਟਨਾਸ਼ਕ) ਦਵਾਈਆਂ ਵੇਚਣ ਵਾਲੀ ਕੰਪਨੀ ਦੇ ਤਿੰਨ ਮੁਲਾਜ਼ਮ ਕੰਪਨੀ ਦੇ ਡੀਲਰਾਂ ਪਾਸੋਂ ਰਕਮ ਇੱਕਠੀ ਕਰਕੇ ਸਰਹਿੰਦ ਨਹਿਰ ਦੇ ਗੜੀ ਪੁਲ ਤੋਂ ਲੁਧਿਆਣਾ ਵੱਲ ਕਾਰ ਵਿੱਚ ਜਾ ਰਹੇ ਸਨ।
ਜਿਵੇਂ ਹੀ ਇਹ ਵਿਅਕਤੀ ਪਿੰਡ ਪਾਲਮਾਜਰਾ ਕੋਲ ਪੰਜਾਬੀ ਢਾਬੇ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਵਿੱਚ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਇਨ੍ਹਾਂ ਦੀ ਕਾਰ ਨੂੰ ਜ਼ਬਰੀ ਰੋਕ ਲਿਆ ਅਤੇ ਪਿਸਤੌਲ ਦੀ ਨੌਕ ’ਤੇ ਕਾਰ ਦੀ ਪਿਛਲੀ ਸੀਟ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਲੱਗ ਸਕਦੇ ਨੇ ਲੰਬੇ 'ਬਿਜਲੀ ਕੱਟ'
ਜਾਂਦੇ ਹੋਏ ਲੁਟੇਰੇ ਲੁੱਟ ਦਾ ਸ਼ਿਕਾਰ ਹੋਏ ਇਨ੍ਹਾਂ ਵਿਅਕਤੀਆਂ ਦੀ ਕਾਰ ਦੇ ਟਾਇਰ ਵਿੱਚ ਸੂਆ ਮਾਰ ਕੇ ਟਾਇਰ ਵੀ ਪੈਂਚਰ ਕਰ ਗਏ। ਲੁੱਟ ਦੀ ਵਾਰਦਾਤ ਮਗਰੋਂ ਪੀੜਤ ਵਿਅਕਤੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਸਮਰਾਲਾ ਪੁਲਸ ਵੱਲੋਂ ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ
ਇਸ ਲੁੱਟ ਦੀ ਘਟਨਾ ਨਾਲ ਜੁੜੇ ਹੋਰ ਵੇਰਵੇ ਹਾਲੇ ਸਾਹਮਣੇ ਆਉਣੇ ਬਾਕੀ ਹਨ ਅਤੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਫਿਲਹਾਲ ਥਾਣਾ ਸਮਰਾਲਾ ਵਿਖੇ ਆਪਣੇ ਬਿਆਨ ਦਰਜ ਕਰਵਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 
