ਪੁਲਸ ਨਾਕੇ ਨੇੜੇ ਗੰਨ ਪੁਆਇੰਟ ’ਤੇ ਕਰਿਆਨਾ ਸਟੋਰ ਮਾਲਕ ਤੋਂ 88,000 ਲੁੱਟੇ

Thursday, Dec 16, 2021 - 12:28 PM (IST)

ਲੁਧਿਆਣਾ (ਰਾਜ) : ਆਰ. ਕੇ. ਰੋਡ ’ਤੇ 4 ਦਿਨ ਪਹਿਲਾਂ ਹੋਈ 9.50 ਲੱਖ ਦੀ ਲੁੱਟ ਦਾ ਮਾਮਲਾ ਅਜੇ ਹੱਲ ਨਹੀਂ ਹੋਇਆ ਸੀ ਕਿ ਹੁਣ ਲੁਟੇਰਿਆਂ ਨੇ ਪੁਲਸ ਨੂੰ ਚੈਲੰਜ ਕਰਦੇ ਹੋਏ ਨਾਕੇ ਤੋਂ 500 ਮੀਟਰ ਦੀ ਦੂਰੀ ’ਤੇ ਇਕ ਕਰਿਆਨਾ ਸਟੋਰ ਮਾਲਕ ਨੂੰ ਗੰਨ ਪੁਆਇੰਟ ’ਤੇ ਲੁੱਟ ਲਿਆ। ਲੁਟੇਰੇ ਬਿਨਾਂ ਨੰਬਰ ਪਲੇਟ ਦੇ 2 ਮੋਟਰਸਾਈਕਲਾਂ ’ਤੇ ਆਏ ਸਨ, ਜਿਨ੍ਹਾਂ ਨੇ ਮੂੰਹ ’ਤੇ ਰੁਮਾਲ ਬੰਨ੍ਹੇ ਹੋਏ ਸਨ। ਜਾਂਦੇ ਹੋਏ ਲੁਟੇਰੇ ਉਸ ਦੀ ਐਕਟਿਵਾ ਦੀ ਚਾਬੀ ਵੀ ਨਾਲ ਲੈ ਗਏ। ਵਾਰਦਾਤ ਤੋਂ ਬਾਅਦ ਲੁਟੇਰੇ ਦੁਕਾਨ ਮਾਲਕ ਨੂੰ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਵਾਰਦਾਤ ਤੋਂ ਤੁਰੰਤ ਬਾਅਦ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਪਰ ਸੂਚਨਾ ਦੇਣ ਤੋਂ ਅੱਧੇ ਘੰਟੇ ਬਾਅਦ ਤੱਕ ਪੀ. ਸੀ. ਆਰ. ਜਾਂ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕਾ-ਏ-ਵਾਰਦਾਤ ’ਤੇ ਨਹੀਂ ਪੁੱਜੀ ਸੀ।

ਪੀੜਤ ਦੇ ਰਿਸ਼ਤੇਦਾਰਾਂ ਨੇ ਧਰਨਾ ਲਾਉਣਾ ਚਾਹਿਆ ਤਾਂ ਪੁਲਸ ਵੀ ਪੁੱਜ ਗਈ, ਉਸ ਸਮੇਂ ਪੁਲਸ ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕਰਵਾਇਆ। ਵਾਰਦਾਤ ਦੁਪਹਿਰ ਢਾਈ ਵਜੇ ਦੀ ਹੈ। ਰਿੰਕੂ ਗੁਪਤਾ ਨੇ ਦੱਸਿਆ ਕਿ ਜੀਵਨ ਨਗਰ ਗੁਰਬਾਗ ਕਾਲੋਨੀ ’ਚ ਉਸ ਦੀ ਆਰ. ਕੇ. ਟ੍ਰੇਡਰਜ਼ ਦੇ ਨਾਂ ਦੀ ਕਰਿਆਨੇ ਦੀ ਦੁਕਾਨ ਹੈ। ਉਹ ਗੁੜਮੰਡੀ ਅਤੇ ਕੇਸਰਗੰਜ ਮੰਡੀ ਤੋਂ ਕਰਿਆਨੇ ਦਾ ਸਮਾਨ ਖਰੀਦਣ ਲਈ ਜਾ ਰਿਹਾ ਸੀ। ਜਦੋਂ ਉਹ ਜੈਨ ਸਕੂਲ ਕੋਲ ਪੁੱਜਾ ਤਾਂ ਪਿੱਛੋਂ ਦੋ ਸਪਲੈਂਡਰ ਮੋਟਰਸਾਈਕਲ ਆਏ। ਦੋਵਾਂ ’ਤੇ 2-2 ਨੌਜਵਾਨ ਬੈਠੇ ਹੋਏ ਸਨ, ਜਿਸ ਵਿਚ ਇਕ ਮੋਟਰਸਾਈਕਲ ਵਾਲਾ ਉਸ ਦੇ ਕੋਲ ਆਇਆ ਅਤੇ ਸ਼ੇਰਪੁਰ ਚੌਂਕ ਵੱਲ ਜਾਣ ਦਾ ਰਸਤਾ ਪੁੱਛਣ ਲੱਗ ਗਿਆ। ਉਸ ਨੇ ਵੀ ਆਪਣੀ ਐਕਟਿਵਾ ਰੋਕੀ ਅਤੇ ਉਸ ਨੂੰ ਰਸਤਾ ਦੱਸਣਾ ਲੱਗਾ। ਇਸੇ ਦੌਰਾਨ ਦੂਜਾ ਮੋਟਰਸਾਈਕਲ ਵੀ ਉਸ ਦੇ ਕੋਲ ਆ ਕੇ ਰੁਕਿਆ।

ਪਿੱਛੇ ਬੈਠੇ ਨੌਜਵਾਨ ਨੇ ਰਿਵਾਲਵਰ ਕੱਢ ਕੇ ਉਸ ਦੇ ਪੇਟ ’ਤੇ ਰੱਖ ਦਿੱਤੀ। ਇਸ ਤੋਂ ਬਾਅਦ ਉਸ ਦੀ ਜੇਬ ’ਚੋਂ 88 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦੀ ਐਕਟਿਵਾ ਦੀ ਚਾਬੀ ਵੀ ਕੱਢ ਲਈ। ਇਕ ਲੁਟੇਰੇ ਨੇ ਰਿਵਾਲਵਰ ਦਾ ਬੱਟ ਉਸ ਦੇ ਢਿੱਡ ’ਚ ਮਾਰਿਆ ਅਤੇ ਫਿਰ ਸਿਰ ’ਤੇ ਮਾਰਿਆ, ਇਸ ਤੋਂ ਬਾਅਦ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਰਿੰਕੂ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ’ਤੇ ਲੁੱਟ ਦਾ ਪਰਚਾ ਦਰਜ ਕੀਤਾ ਜਾ ਰਿਹਾ ਹੈ, ਜਿਸ ਪਾਸਿਓਂ ਲੁਟੇਰੇ ਆਏ ਅਤੇ ਜਿਸ ਪਾਸੇ ਵੱਲ ਗਏ, ਉਥੋਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਜਾਂਚ ਚੱਲ ਰਹੀ ਹੈ।


Babita

Content Editor

Related News