ਲੁਧਿਆਣਾ : ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੀ ਸੁਨਿਆਰੇ ਦੀ ਦੁਕਾਨ
Saturday, Jul 14, 2018 - 04:32 PM (IST)

ਲੁਧਿਆਣਾ (ਜਗਰੂਪ) : ਗਿਆਸਪੁਰਾ ਦੇ ਸ਼ੇਰਪੁਰ ਇਲਾਕੇ 'ਚ ਸ਼ਨੀਵਾਰ ਦਿਨ-ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਇਕ ਸੁਨਿਆਰੇ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਨੂੰ ਕਰੀਬ 12.15 'ਤੇ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ 'ਤੇ ਆਏ, ਜਿਨ੍ਹਾਂ 'ਚੋਂ ਇਕ ਵਿਅਕਤੀ ਬਾਹਰ ਖੜ੍ਹਾ ਰਿਹਾ, ਜਦੋਂ ਕਿ 2 ਵਿਅਕਤੀ 'ਸ੍ਰੀ ਕ੍ਰਿਸ਼ਨਾ ਜਿਊਲਰਜ਼' ਦੁਕਾਨ ਅੰਦਰ ਵੜ੍ਹ ਗਏ।
ਦੋਹਾਂ ਨੇ ਅੰਦਰ ਜਾਂਦਿਆਂ ਦੁਕਾਨ ਦੇ ਮਾਲਕ ਕ੍ਰਿਸ਼ਨ ਕੁਮਾਰ ਨੂੰ ਪਿਸਤੌਲ ਅਤੇ ਦਾਤਰ ਦਿਖਾ ਕੇ ਡਰਾਇਆ-ਧਮਕਾਇਆ ਅਤੇ ਫਿਰ ਦੁਕਾਨ 'ਚੋਂ ਲੱਖਾਂ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਕ੍ਰਿਸ਼ਨ ਕੁਮਾਰ ਮੁਤਾਬਕ ਲੁਟੇਰੇ 200 ਗ੍ਰਾਮ ਸੋਨਾ, 8 ਕਿਲੋ ਚਾਂਦੀ ਅਤੇ 700 ਰੁਪਿਆ ਕੈਸ਼ ਆਪਣੇ ਨਾਲ ਲੈ ਗਏ।
ਇਸ ਘਟਨਾ ਦੀ ਸੂਚਨਾ ਤੁਰੰਤ ਚੌਂਕੀ ਕੰਗਣਵਾਲ ਅਧੀਨ ਪੈਂਦੇ ਥਾਣਾ ਸਾਹੇਨਵਾਲ ਦੀ ਪੁਲਸ ਨੂੰ ਦਿੱਤੀ ਗਈ, ਜਿਸ 'ਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਕੁਮਾਰ ਨਾਲ ਪਹਿਲਾਂ ਵੀ ਸਾਲ 2016 ਅਤੇ 2017 'ਚ ਰਸਤੇ 'ਚ ਲੁੱਟ ਦੀ ਵਾਰਦਾਤ ਵਾਪਰੀ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।