ਬਠਿੰਡਾ ''ਚ ਲੁਟੇਰਿਆਂ ਨੇ ਦੋ ਔਰਤਾਂ ਨੂੰ ਬੰਦੀ ਬਣਾ ਕੇ ਬੇਖੌਫ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

Wednesday, Jul 12, 2017 - 03:37 PM (IST)

ਬਠਿੰਡਾ (ਅਮਿਤ ਸ਼ਰਮਾ)— ਇੱਥੋਂ ਦੀ ਵੀਰ ਕਾਲੋਨੀ ਵਿਖੇ ਸਵੇਰੇ ਚਾਰ ਵਜੇ ਚਾਰ ਲੁਟੇਰਿਆਂ ਨੇ ਦੋ ਔਰਤਾਂ ਨੂੰ ਘਰ ਵਿਚ ਬੰਦੀ ਬਣਾ ਕੇ 25 ਤੋਲੇ ਸੋਨਾ, ਦੋ ਐੱਲ. ਸੀ. ਡੀ., ਅੱਧਾ ਕਿੱਲੋ ਚਾਂਦੀ, 30 ਹਜ਼ਾਰ ਨਕਦੀ ਤੋਂ ਇਲਾਵਾ ਅਤੇ ਹੋਰ ਸਾਮਾਨ ਲੁੱਟ ਲਿਆ। ਲੁਟੇਰੇ ਔਰਤਾਂ ਦੇ ਤਿੰਨ ਮੋਬਾਈਲ ਫੋਨ ਵੀ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਕੋਲ ਪਿਸਤੌਲ ਵੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਵੀਰ ਕਾਲੋਨੀ ਸ਼ਹਿਰ ਦਾ ਭੀੜ-ਭਾੜ ਵਾਲਾ ਪਾਸ਼ ਇਲਾਕਾ ਹੈ। ਇੱਥੇ ਕੋਠੀ ਨੰਬਰ 163 ਵਿਚ ਕਿਰਨ ਅਗਰਵਾਲ ਰਹਿੰਦੀ ਹੈ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪਰਿਵਾਰ ਬਾਹਰ ਰਹਿੰਦਾ ਹੈ। ਬੀਤੀ ਰਾਤ ਉਹ ਘਰ ਵਿਚ ਇਕੱਲੀ ਸੀ, ਇਸ ਲਈ ਉਸ ਨੇ ਗੁਆਂਢਣ ਨੂੰ ਘਰ ਵਿਚ ਸੌਣ ਲਈ ਬੁਲਾ ਲਿਆ। ਦੋਵੇਂ ਔਰਤਾਂ ਘਰ ਵਿਚ ਇਕੱਲੀਆਂ ਸਨ। ਸਵੇਰੇ ਸਵਾ ਚਾਰ ਵਜੇ ਘਰ ਦੀ ਘੰਟੀ ਵੱਜੀ। ਜਦੋਂ ਕਿਰਨ ਅਗਰਵਾਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੁਟੇਰਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦਾ ਮੂੰਹ ਬੰਦ ਕਰਕੇ ਉਸ ਨੂੰ ਬੰਦੀ ਬਣਾ ਲਿਆ। ਲੁਟੇਰਿਆਂ ਨੇ ਦੂਜੀ ਔਰਤ ਨੂੰ ਵੀ ਬੰਦੀ ਬਣਾ ਲਿਆ ਅਤੇ ਪਿਸਤੌਲ ਦੀ ਨੌਕ 'ਤੇ 25 ਤੋਂ 30 ਤੋਲੇ ਸੋਨਾ ਲੁੱਟ ਲਿਆ। ਲੁਟੇਰੇ ਔਰਤਾਂ ਨੂੰ ਮਾਰਨ ਦੀ ਧਮਕੀ ਦੇ ਕੇ ਬੇਖੌਫ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਗਏ। ਉੱਧਰ ਇਸ ਬਾਰੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੁੱਟ ਦੀ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Kulvinder Mahi

News Editor

Related News