ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਕੀਤਾ ਜ਼ਖਮੀ, ਮਹਿੰਗੇ ਮੋਬਾਇਲ ਸਣੇ ਪਰਸ ਤੇ ਨਕਦੀ ਲੁੱਟੀ
Tuesday, Apr 26, 2022 - 11:00 AM (IST)
ਅੱਪਰਾ (ਦੀਪਾ) : ਅੱਪਰਾ ਤੇ ਆਸ-ਪਾਸ ਦੇ ਪਿੰਡਾਂ 'ਚ ਰੋਜ਼ਾਨਾ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਲੁਟੇਰੇ ਦਿਨ-ਰਾਤ ਬੇਖੌਫ਼ ਹੋ ਕੇ ਉਕਤ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਲਗਭਗ 9.30 ਵਜੇ ਫਿਲੌਰ ਤੋਂ ਨਗਰ ਮੁੱਖ ਮਾਰਗ 'ਤੇ ਪਿੰਡ ਨਗਰ ਦੀ ਨਵੀਂ ਅਬਾਦੀ ਦੇ ਨਜ਼ਦੀਕ ਦੋ ਮੋਟਰਸਾਈਕਲਾਂ 'ਤੇ ਸਵਾਰ 6 ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਲਿਆ। ਉਨ੍ਹਾਂ ਪਹਿਲਾਂ ਤਾਂ ਉਸਦੀ ਬੁਰੀ ਤਰਾਂ ਕੁੱਟਮਾਰ ਕੀਤੀ, ਫਿਰ ਹਥਿਆਰਾਂ ਦੀ ਨੋਕ 'ਤੇ ਉਸ ਪਾਸੋਂ ਮੋਬਾਇਲ, ਪਰਸ ਤੇ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਨਿਖਿਲ ਵਸੰਦਰਾਏ ਪੁੱਤਰ ਅਨਿਲ ਵਸੰਦਰਾਏ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਮੈਂ ਲੁਧਿਆਣਾ ਵਿਖੇ ਪਿਊਮਾ ਸਟੋਰ 'ਚ ਬਤੌਰ ਮੈਨੇਜਰ ਨੌਕਰੀ ਕਰਦਾ ਹਾਂ। ਬੀਤੀ ਰਾਤ ਮੈਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਮਾਂ ਕਰੀਬ ਲਗਭਗ 9.30 ਵਜੇ ਅੱਪਰਾ ਨੂੰ ਵਾਪਸ ਆ ਰਿਹਾ ਸੀ ਕਿ ਪਿੰਡ ਨਗਰ ਦੀ ਨਵੀ ਆਬਾਦੀ ਤੇ ਪੈਟਰੋਲ ਪੰਪ ਦੇ ਵਿਚਕਾਰ ਦੋ ਮੋਟਰਸਾਈਕਲ ਸਵਾਰ 6 ਲੁਟੇਰਿਆਂ ਨੇ ਮੈਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਘੇਰ ਲਿਆ ਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਕਤ ਲੁਟੇਰੇ ਦਾਤਰ, ਪੰਚ ਤੇ ਹੋਰ ਹਥਿਆਰਾਂ ਨਾਲ ਲੈਸ ਸਨ। ਲੁਟੇਰਿਆਂ ਨੇ ਮੇਰੀ ਕੁੱਟਮਾਰ ਕਰਦੇ ਮੇਰੀ ਜੇਬ 'ਚ 15 ਹਜ਼ਾਰ ਰੁਪਏ ਦੀ ਨਕਦੀ, ਇੱਕ ਮਹਿੰਗਾ ਮੋਬਾਇਲ ਫੋਨ ਤੇ ਮੇਰਾ ਪਰਸ ਲੁੱਟ ਲਿਆ, ਜਿਸ 'ਚ ਮੇਰੇ ਕਾਗਜ਼ਾਤ ਸਨ। ਉਕਤ ਲੁਟੇਰਿਆਂ ਨਾਲ ਹੱਥੋਪਾਈ ਕਰਦਾ ਹੋਇਆ ਨਿਖਿਲ ਜਖ਼ਮੀ ਵੀ ਹੋ ਗਿਆ ਤੇ ਉਸਦੇ ਸਿਰ, ਅੱਖ ਤੇ ਸਰੀਰ ਦੇ ਹੋਰ ਅੰਗਾਂ 'ਤੇ ਸੱਟਾਂ ਵੱਜੀਆਂ। ਘਟਨਾ ਸਬੰਧੀ ਫਿਲੌਰ ਪੁਲਸ ਨੂੰ ਲਿਖ਼ਤੀ ਤੌਰ 'ਤੇ ਸੂਚਿਤ ਕਰ ਦਿੱਤਾ ਗਿਆ ਹੈ।