ਨਵਾਂਸ਼ਹਿਰ 'ਚ ਖ਼ੌਫ਼ਨਾਕ ਘਟਨਾ, ਠੇਕੇਦਾਰਾਂ ਨੂੰ ਕਮਰੇ 'ਚ ਬੰਦ ਕਰਕੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

Wednesday, Sep 02, 2020 - 11:11 PM (IST)

ਨਵਾਂਸ਼ਹਿਰ 'ਚ ਖ਼ੌਫ਼ਨਾਕ ਘਟਨਾ, ਠੇਕੇਦਾਰਾਂ ਨੂੰ ਕਮਰੇ 'ਚ ਬੰਦ ਕਰਕੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਖੱਡ ਤੋਂ ਮਾਈਨਿੰਗ ਕਰਨ ਵਾਲੇ ਠੇਕੇਦਾਰ ਦੀ ਅਲਮਾਰੀ 'ਚੋਂ ਅਣਪਛਾਤੇ ਚੋਰਾਂ ਵੱਲੋਂ 27.50 ਲੱਖ ਰੁਪਏ ਦੀ ਰਕਮ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਕੋਠੀ 'ਚ ਚੱਲ ਰਹੇ ਦਫ਼ਤਰ ਦੇ ਉੱਪਰ ਵਾਲੇ ਕਮਰੇ 'ਚ ਸੌਂ ਰਹੇ ਠੇਕੇਦਾਰਾਂ ਨੂੰ ਕਮਰੇ 'ਚ ਬਾਹਰੋਂ ਬੰਦ ਕਰਕੇ ਚੋਰਾਂ ਵੱਲੋਂ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੰਕਜ ਕੁਮਾਰ ਵਾਸੀ ਪਿੰਡ ਡੱਲੇਵਾਲ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਦੱਸਿਆ ਕਿ ਉਸ ਨੇ ਲੁਧਿਆਣਾ ਵਿਖੇ ਖੱਡ ਮਾਈਨਿੰਗ ਦਾ ਠੇਕਾ ਲਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਕੋਲ ਪਿਛਲੇ 1 ਹਫ਼ਤੇ ਦੇ ਮਾਈਨਿੰਗ ਦੀ ਰਿਆਲਟੀ ਦੇ ਕਰੀਬ 27.50 ਲੱਖ ਰੁਪਏ ਇਕੱਠੇ ਹੋਏ ਸਨ, ਜੋ ਉਸ ਨੇ ਨਵਾਂਸ਼ਹਿਰ ਦੇ ਫ੍ਰੈਂਡਜ਼ ਕਾਲੋਨੀ ਵਿਖੇ ਸਥਿਤ ਇਕ ਕੋਠੀ, ਜਿਸ ਦੀ ਉਹ ਦਫ਼ਤਰ ਵੱਜੋਂ ਵਰਤੋਂ ਕਰ ਰਿਹਾ ਹੈ, ਦੀ ਅਲਮਾਰੀ 'ਚ ਰੱਖੇ ਸਨ।

ਇਹ ਵੀ ਪੜ੍ਹੋ:  ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ

ਉਸ ਨੇ ਦੱਸਿਆ ਕਿ ਬੀਤੀ 31 ਅਗਸਤ ਦੀ ਰਾਤ ਕਰੀਬ 9 ਵਜੇ ਉਹ ਆਪਣੇ ਘਰ ਚਲਾ ਗਿਆ। ਜਦਕਿ ਕੈਸ਼ੀਅਰ ਲੱਛਮੀ ਨਰਾਇਣ ਤੋਂ ਇਲਾਵਾ 7 ਹੋਰ ਵਰਕਰਜ਼ ਉਪਰੋਕਤ ਦਫ਼ਤਰ ਵਾਲੀ ਕੋਠੀ 'ਚ ਹੀ ਰਹੇ। ਉਸ ਨੇ ਦੱਸਿਆ ਕਿ ਸਵੇਰੇ ਉਸ ਦੇ ਕੈਸ਼ੀਅਰ ਨੇ ਫੋਨ ਕਰਕੇ ਦੱਸਿਆ ਕਿ ਅਣਪਛਾਤੇ ਚੋਰ ਦੂਜੀ ਮੰਜ਼ਿਲ 'ਚ ਸੌਂ ਰਹੇ ਵਰਕਰਜ਼ ਉਨ੍ਹਾਂ ਦੇ ਕਮਰੇ 'ਚ ਬੰਦ ਕਰਕੇ ਕੈਸ਼ ਵਾਲੀ ਅਲਮਾਰੀ 'ਚੋਂ ਉਪਰੋਕਤ 27.50 ਲੱਖ ਰੁਪਏ ਦੀ ਰਕਮ ਚੋਰੀ ਕਰਕੇ ਲੈ ਗਏ ਹਨ।

ਇਹ ਵੀ ਪੜ੍ਹੋ:  ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ

ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਉਪਰੋਕਤ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਵੀ ਅਣਪਛਾਤਾ ਚੋਰ ਦਿਨ-ਦਿਹਾੜੇ ਨਿਊ ਟੀਚਰ ਕਾਲੋਨੀ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਨਕਦੀ ਸਮੇਤ ਲੱਖਾਂ ਰੁਪਏ ਦੇ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਸੀ, ਜਦੋਂ ਘਰ ਦੇ ਲੋਕ ਕੁਝ ਘੰਟਿਆਂ ਲਈ ਦੂਜੇ ਮੁਹੱਲੇ 'ਚ ਆਯੋਜਿਤ ਸਮਾਗਮ 'ਚ ਗਏ ਹੋਏ ਸਨ।
ਇਹ ਵੀ ਪੜ੍ਹੋ:  ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ
ਇਹ ਵੀ ਪੜ੍ਹੋ:  ਦੁੱਖਭਰੀ ਖ਼ਬਰ: 10 ਦਿਨ ਪਹਿਲਾਂ ਹੋਈ ਪਿਤਾ ਦੀ ਮੌਤ ਤੇ ਹੁਣ ਸਦਮੇ 'ਚ ਪੁੱਤਰ ਨਾਲ ਵਾਪਰਿਆ ਇਹ ਭਾਣਾ


author

shivani attri

Content Editor

Related News