ਸ਼ਰਾਬ ਠੇਕੇ ਦੇ ਕਰਿੰਦੇ ’ਤੇ ਪਿਸਤੌਲ ਤਾਣ ਕੇ ਲੁੱਟੇ 30 ਹਜ਼ਾਰ ਰੁਪਏ

Tuesday, Aug 20, 2024 - 11:24 AM (IST)

ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਦੇ ਬਲਟਾਣਾ ਵਿਖੇ ਸ਼ਰਾਬ ਦੀ ਦੁਕਾਨ ’ਤੇ ਚਾਰ ਮੋਟਰਸਾਈਕਲ ਸਵਾਰ ਆਏ ਅਤੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ 25-30 ਹਜ਼ਾਰ ਰੁਪਏ ਲੁੱਟ ਲਏ। ਜਾਂਦੇ ਹੋਏ ਕਰਿੰਦੇ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਕਰਿੰਦੇ ਦੇ ਸਿਰ ’ਚ ਬੋਤਲ ਵੀ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਸ ਹਰਕਤ ’ਚ ਆ ਗਈ ਤੇ ਕਰਿੰਦੇ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਨੇ ਬਲਟਾਣਾ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ’ਤੇ ਮੁਹਿੰਮ ਚਲਾਉਂਦਿਆਂ ਆਉਣ-ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ।
ਇਕੱਲੇ ਹੋਣ ਦੇ ਬਾਵਜੂਦ ਕਰਿੰਦੇ ਨੇ ਕੀਤਾ ਲੁਟੇਰਿਆਂ ਦਾ ਵਿਰੋਧ
ਜਾਣਕਾਰੀ ਮੁਤਾਬਕ ਬਲਟਾਣਾ ਫੇਜ਼-1 ’ਚ ਸ਼ਰਾਬ ਠੇਕੇ ਦੇ ਕਰਿੰਦੇ ਰਣਦੇਵ ਸਿੰਘ ਨਿਵਾਸੀ ਊਨਾ ਨੇ ਦੱਸਿਆ ਕਿ ਸੋਮਵਾਰ ਤੜਕਸਾਰ ਕਰੀਬ 3.30 ਵਜੇ ਦੁਕਾਨ ਬੰਦ ਕਰਨ ਜਾ ਰਿਹਾ ਸੀ ਕਿ ਬਾਈਕ ਸਵਾਰ ਚਾਰ ਨੌਜਵਾਨ ਆਏ। ਇਸ ਦੌਰਾਨ ਇਕ ਨੌਜਵਾਨ ਦੁਕਾਨ ’ਤੇ ਆਇਆ ਤੇ ਕਿਹਾ ਕਿ ਤੁਹਾਡੇ ਕੋਲ ਜੋ ਵੀ ਨਕਦੀ ਹੈ, ਕੱਢ ਦਿਓ। ਉਸ ਨੇ ਇਨਕਾਰ ਕੀਤਾ ਤਾਂ ਇਕ ਹੋਰ ਨੌਜਵਾਨ ਨੇ ਚਾਕੂ ਕੱਢ ਕੇ ਉਸ ਦੀ ਧੌਣ ’ਤੇ ਰੱਖ ਦਿੱਤਾ ਅਤੇ ਤੀਜੇ ਨੌਜਵਾਨ ਨੇ ਪਿਸਤੌਲ ਕੱਢ ਕੇ ਕੰਨਪੱਟੀ ’ਤੇ ਲਾ ਦਿੱਤੀ। ਚੌਥੇ ਨੌਜਵਾਨ ਨੇ ਠੇਕੇ ਤੋਂ ਬੀਅਰ ਦੀ ਬੋਤਲ ਚੁੱਕ ਲਈ। ਇਹ ਦੇਖ ਕੇ ਉਹ ਘਬਰਾ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਲੁਟੇਰੇ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ ਅਤੇ ਠੇਕੇ ’ਚ ਮੌਜੂਦ ਕੈਸ਼ ਦੇਣ ਦੀਆਂ ਧਮਕੀਆਂ ਦੇਣ ਲੱਗਿਆ ਤਾਂ ਇਨਕਾਰ ਕਰਨ ’ਤੇ ਲੁਟੇਰੇ ਨੇ ਸਿਰ ’ਚ ਬੀਅਰ ਦੀ ਬੋਤਲ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਡਿੱਗ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਹਸਪਤਾਲ ’ਚ ਸੀ। ਉਸ ਨੇ ਦੱਸਿਆ ਕਿ ਉਹ ਬੇਹੋਸ਼ ਹੋ ਗਿਆ ਤਾਂ ਲੁਟੇਰੇ ਦੁਕਾਨ ’ਚ ਰੱਖੇ 25 ਤੋਂ 30 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ’ਚੋਂ ਇਕ ਨੇ ਗੋਲੀ ਚਲਾਈ ਤਾਂ ਸ਼ਰੇ ਉਸ ਦੇ ਸਰੀਰ ’ਤੇ ਲੱਗੇ।
ਸੀ. ਸੀ. ਟੀ. ਵੀ. ਤੇ ਡੰਪ ਡਾਟਾ ਤੋਂ ਰਿਕਾਰਡ ਕੀਤਾ ਚੈਕ
ਪਤਾ ਲੱਗਦਿਆਂ ਹੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਬਲਟਾਣਾ ਇਲਾਕੇ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਤੇ ਇਕ ਤੋਂ ਬਾਅਦ ਇਕ ਸ਼ਰਾਬ ਦੀਆਂ ਦੁਕਾਨਾਂ ਦੇ ਆਲੇ-ਦੁਆਲੇ, ਪੰਚਕੂਲਾ ਤੇ ਚੰਡੀਗੜ੍ਹ ਨੂੰ ਜਾਣ ਵਾਲੀਆਂ ਸੜਕਾਂ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਕੈਨਿੰਗ ਕਰ ਕੇ ਫੁਟੇਜ ਹਾਸਲ ਕਰ ਲਈ ਹੈ। ਨਾਲ ਹੀ ਘਟਨਾ ਵਾਲੀ ਥਾਂ 'ਤੇ ਆਲੇ-ਦੁਆਲੇ ਕਾਲੋਨੀਆਂ ’ਚ ਰਹਿੰਦੇ ਲੋਕਾਂ ਦਾ ਡੰਪ ਡਾਟਾ ਕੱਢ ਲਿਆ ਹੈ। ਟੀਮਾਂ ਨੇ ਸ਼ੱਕੀ ਨੰਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। 


Babita

Content Editor

Related News