1 ਲੱਖ 70 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਵਾਲੇ ਦੋ ਦੋਸ਼ੀ ਪੁਲਸ ਅੜਿੱਕੇ
Tuesday, Jun 29, 2021 - 06:18 PM (IST)

ਬਹਿਰਾਮਪੁਰ/ਗੁਰਦਾਸਪੁਰ (ਸਰਬਜੀਤ/ਗੋਰਾਇਆ) : ਇਕ ਵਿਅਕਤੀ ਤੋਂ 1 ਲੱਖ 70ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾਂ ਪ੍ਰਾਪਤ ਕੀਤੀ ਹੈ ਜਦਕਿ ਦੋਸ਼ੀਆਂ ਕੋਲੋਂ ਲੁੱਟੀ ਗਈ ਰਕਮ ਵਿਚੋਂ 90 ਹਜ਼ਾਰ ਰੁਪਏ ਅਤੇ ਵਾਰਦਾਤ ਸਮੇ ਵਰਤਿਆਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਪਿੰਡ ਨੀਵਾ ਧਕਾਲਾ ਤੋਂ ਥੋੜ੍ਹੀ ਅੱਗੇ ਗਾਹਲੜੀ ਰੋਡ ’ਤੇ 21-6-21 ਨੂੰ ਕਸ਼ਮੀਰ ਸਿੰਘ ਪੁੱਤਰ ਗਹਿਣਾ ਸਿੰਘ ਵਾਸੀ ਪਿੰਡ ਬੈਂਸ ਥਾਣਾ ਦੋਰਾਂਗਲਾ ਪਾਸੋਂ ਦੋ ਅਣਪਛਾਤੇ ਮੋਟਰਸਾਈਕਲ ’ਤੇ ਸਵਾਰ ਵਿਅਕਤੀਆਂ ਨੇ ਝਪਟ ਮਾਰ ਕੇ ਇਕ ਲਿਫਾਫੇ ਵਿਚ 1ਲੱਖ 70ਹਜ਼ਾਰ ਅਤੇ ਆਧਾਰ ਕਾਰਡ ਸਮੇਤ ਹੋਰ ਕਾਗਜ਼ਾਤ ਖੋਹ ਲਏ ਸੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਬਾਅਦ ਕਸ਼ਮੀਰ ਸਿੰਘ ਦੇ ਬਿਆਨਾਂ ’ਤੇ ਥਾਣਾ ਬਹਿਰਾਮਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ। ਜਦਕਿ ਇਸ ਘਟਨਾ ਦਾ ਪਤਾ ਲਗਾਉਣ ਲਈ ਹਰਵਿੰਦਰ ਸਿੰਘ ਸੰਧੂ ਐੱਸ.ਪੀ. ਇਨਵੈਸਟੀਗੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ।
ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਟੀਮ ਨੇ ਬਹੁਤ ਹੀ ਘੱਟ ਸਮੇਂ ਦੇ ਅੰਦਰ-ਅੰਦਰ ਹੀ ਦੋਵਾਂ ਦੋਸ਼ੀਆਂ ਮਿੰਟੂ ਪੁੱਤਰ ਤਰਸੇਮ ਮਸੀਹ ਵਾਸੀ ਰਣੀਕੇ ਧਾਰੀਵਾਲ ਅਤੇ ਰਾਜ ਮਸੀਹ ਪੁੱਤਰ ਬੋਧਾ ਮਸੀਹ ਮਾਡਲ ਟਾਊਨ ਪੁਰਾਣਾ ਧਾਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਿਨਾਂ ਨੰਬਰੀ ਵੀ ਬਰਾਮਦ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਕੋਲੋਂ ਲੁੱਟ-ਖੋਹ ਕੀਤੇ ਪੈਸਿਆਂ ਵਿਚੋਂ 90ਹਜ਼ਾਰ ਰੁਪਏ ਸਮੇਤ ਆਧਾਰ ਕਾਰਡ ਅਤੇ ਹੋਰ ਕਾਗਜ਼ਾਤ ਵੀ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਥਾਣਾ ਮੁਕੇਰੀਆਂ ਵਿਖੇ ਵੀ ਮਾਮਲੇ ਦਰਜ ਹਨ।