ਮਾਨਸਾ ''ਚ ਲੰਬਾ ਸਮਾਂ ਡੀ. ਸੀ. ਰਹਿ ਕੇ ਕੰਮਾਂ ਦਾ ਰਿਕਾਰਡ ਕੀਤਾ ਕਾਇਮ
Friday, Feb 07, 2020 - 10:54 PM (IST)
ਮਾਨਸਾ (ਮਿੱਤਲ)— ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਮਾਨਸਾ ਤੋਂ ਹੁਸ਼ਿਆਰਪੁਰ ਤਾਇਨਾਤ ਕੀਤੇ ਡੀ.ਸੀ. ਅਪਨੀਤ ਰਿਆਤ ਵਲੋਂ ਕਰਵਾਏ ਕੰਮਾਂ ਨੂੰ ਹਮੇਸ਼ਾ ਮਾਨਸਾ ਵਾਸੀ ਆਪਣੇ ਚੇਤਿਆਂ 'ਚ ਵਸਾਏ ਰੱਖਣਗੇ। ਡੀ.ਸੀ. ਰਿਆਤ ਨੇ ਪਹਿਲੀ ਵਾਰ ਮਾਨਸਾ 'ਚ ਡੀ.ਸੀ. ਨਿਯੁਕਤ ਹੋਣ ਤੋਂ ਬਾਅਦ ਮਾਨਸਾ 'ਚ ਪਾਰਕ ਸਥਾਪਨਾ, ਸੜਕਾਂ ਦੇ ਕੰਮ ਕਰਵਾਉਣ ਤੋਂ ਇਲਾਵਾ ਵਿਕਾਸ ਕੰਮਾਂ ਦੇ ਹੋਰ ਵੀ ਕੀਰਤੀਮਾਨ ਸਥਾਪਿਤ ਕੀਤੇ ਹਨ। ਇਹ ਗੱਲ ਜ਼ਿਲ੍ਹੇ ਦੀਆਂ ਵੱਖ-ਵੱਖ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਨੇ ਸਮੂਹਿਕ ਰੂਪ 'ਚ ਕਹਿੰਦਿਆਂ ਕਿਹਾ ਹੈ ਕਿ ਮਾਨਸਾ ਨੇ ਉਨਾਂ ਦੀ ਅਗਵਾਈ 'ਚ ਥੋੜੇ ਸਮੇਂ 'ਚ ਵਿਕਾਸ ਕਾਰਜਾਂ ਦਾ ਆਪਣਾ ਵੱਖਰਾ ਰਿਕਾਰਡ ਸਥਾਪਿਤ ਕੀਤਾ ਹੈ।
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਬਿਕਰਮ ਸਿੰਘ ਮੋਫਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ, ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਬਲਾਕ ਝੁਨੀਰ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ ਰਾਏਪੁਰ, ਸਤਲੁਜ ਸਪਨਿੰਗ ਮਿੱਲ ਮਾਨਸਾ ਦੇ ਐਮਡੀ ਸ਼ਾਮ ਲਾਲ ਭੋਲਾ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ, ਨਰੇਸ਼ ਮਿੱਤਲ, ਅੱਗਰਵਾਲ ਸਭਾ ਪੰਜਾਬ ਦੇ ਆਗੂ ਅਸੋਕ ਗਰਗ, ਚੇਅਰਮੈਨ ਸੱਤਪਾਲ ਵਰਮਾ ਆਦਿ ਨੇ ਕਿਹਾ ਕਿ ਮਾਨਸਾ 'ਚ ਮੇਰਾ ਪਿੰਡ ਮੇਰਾ ਮਾਣ ਮੁਹਿੰਮ ਦਾ ਆਗਾਜ਼ ਕਰਕੇ ਡੀ.ਸੀ. ਰਿਆਤ ਨੇ ਪੰਜਾਬ ਸਰਕਾਰ ਦੀ ਵਿੱਤੀ ਤੇ ਵਿਕਾਸ ਮੁਖੀ ਯੋਜਨਾਵਾਂ ਪਿੰਡ-ਪਿੰਡ ਪਹੁੰਚਾਈਆਂ, ਉਨਾਂ ਅਧੀਨ ਕੀਤਾ ਗਿਆ ਵਿਕਾਸ ਹਮੇਸ਼ਾ ਮੂੰਹੋਂ ਬੋਲਦਾ ਰਹੇਗਾ। ਉਨਾਂ ਕਿਹਾ ਕਿ ਮਾਨਸਾ 'ਚ ਪਾਰਕ ਸਥਾਪਨਾ ਨੇ ਵੀ ਲੋਕਾਂ ਨੂੰ ਇਕ ਅਜਿਹਾ ਤੋਹਫਾ ਦਿੱਤਾ ਹੈ, ਜਿਸ ਦੀ ਇਸ ਸ਼ਹਿਰ ਤੇ ਜ਼ਿਲ੍ਹੇ ਨੂੰ ਬਹੁਤ ਵੱਡੀ ਲੋੜ ਸੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਡੀ. ਸੀ. ਅਪਨੀਤ ਰਿਆਤ ਦੀ ਸਮੁੱਚੀ ਕਾਰਗੁਜ਼ਾਰੀ ਦੇਖਦਿਆਂ ਅਗਲੇ ਕੰਮ ਲਈ ਉਨਾਂ ਨੂੰ ਵੱਡੇ ਜ਼ਿਲ੍ਹੇ ਹੁਸ਼ਿਆਰਪੁਰ ਤਾਇਨਾਤ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਉਨਾਂ ਦੇ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਹੈ। ਉਨਾਂ ਕਿਹਾ ਕਿ ਡੀ.ਸੀ. ਰਿਆਤ ਨੂੰ ਇਸ ਲਈ ਮਾਨਸਾ ਵਾਸੀਆਂ ਵੱਲੋਂ ਸਨਮਾਨਿਤ ਕਰਨਾ ਬਣਦਾ ਹੈ। ਜਿਨਾਂ ਨੇ ਆਪਣੀ ਕਾਰਗੁਜ਼ਾਰੀ 'ਚ ਮਾਨਸਾ ਨੂੰ ਵਿਕਾਸ ਪੱਖੋਂ ਬੇਕੀਮਤੀ ਤੋਹਫੇ ਦਿੱਤੇ ਹਨ। ਉਨਾਂ ਕਿਹਾ ਕਿ ਉਨਾਂ ਨੂੰ ਨਵਨਿਯੁਕਤ ਮਾਨਸਾ ਦੇ ਡੀਸੀ ਗੁਰਪਾਲ ਸਿੰਘ ਚਹਿਲ ਤੋਂ ਵੀ ਇਹੀ ਆਸਾਂ ਹਨ ਕਿ ਜਿਸ ਤਰਾਂ ਡੀ. ਸੀ. ਰਿਆਤ ਨੇ ਇਸ ਜ਼ਿਲ੍ਹੇ ਨੂੰ ਆਪਣੀ ਨਿੱਜੀ ਦਿਲਚਸਪੀ ਲੈ ਕੇ ਵਿਕਾਸ, ਨਵੀਆਂ ਯੋਜਨਾਵਾਂ 'ਚ ਮੋਹਰੀ ਬਣਾ ਕੇ ਰੱਖਿਆ, ਉਸੇ ਤਰ੍ਹਾਂ ਡੀ.ਸੀ. ਗੁਰਪਾਲ ਸਿੰਘ ਚਹਿਲ ਵੀ ਇਸ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਅਫਸਰਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਪਰ ਕੁਝ ਅਧਿਕਾਰੀਆਂ ਨੂੰ ਸਿਰਫ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਨਾਂ ਦਾ ਕੀਤਾ ਸਮੁੱਚਾ ਕੰਮਕਾਜ ਬੋਲਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਹਿਲੀ ਨਿਯੁਕਤੀ ਵਜੋਂ ਡੀਸੀ ਰਿਆਤ ਦੀ ਇਥੇ ਨਿਯੁਕਤੀ ਕਰਨਾ ਤੇ ਫਿਰ ਲੰਬਾ ਸਮਾਂ ਇਸ ਜ਼ਿਲ੍ਹੇ 'ਚ ਹੀ ਤਾਇਨਾਤ ਕਰੀਂ ਰੱਖਣ 'ਤੇ ਧੰਨਵਾਦ ਕੀਤਾ।