ਲੋਕ ਸਭਾ ਚੋਣਾਂ 2019: ਭਾਜਪਾ ਲਈ ਹਾਲਾਤ 2014 ਵਰਗੇ ਨਹੀਂ

Saturday, Mar 02, 2019 - 06:28 PM (IST)

ਜਲੰਧਰ (ਨਰੇਸ਼ ਕੁਮਾਰ)— 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਦੀ ਹਨੇਰੀ ਕਾਰਨ ਇਹ ਸੀਟ ਭਾਜਪਾ ਦੇ ਖਾਤੇ 'ਚ ਚਲੀ ਗਈ ਸੀ ਅਤੇ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਇਸ ਸੀਟ ਤੋਂ ਚੋਣ ਜਿੱਤ ਕੇ ਮੰਤਰੀ ਬਣੇ ਪਰ ਇਸ ਵਾਰ ਉਨ੍ਹਾਂ ਦੀ ਰਾਹ ਇੰਨੀ ਆਸਾਨ ਨਜ਼ਰ ਨਹੀਂ ਆ ਰਹੀ। ਇਸ ਦੇ 3 ਕਾਰਨ ਹਨ : ਸਭ ਤੋਂ ਪਹਿਲਾ ਕਾਰਨ ਇਹ ਹੈ ਕਿ 1998 ਤੋਂ ਬਾਅਦ ਇਸ ਸੀਟ ਦੇ ਵੋਟਰ ਹਰ ਚੋਣ 'ਚ ਆਪਣਾ ਸੰਸਦ ਮੈਂਬਰ ਬਦਲ ਦਿੰਦੇ ਹਨ ਜਦਕਿ ਦੂਜਾ ਕਾਰਨ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਦੇ ਤਹਿਤ ਆਉਂਦੀਆਂ ਸੀਟਾਂ 'ਤੇ ਹੋਈ ਅਕਾਲੀ-ਭਾਜਪਾ ਗਠਜੋੜ ਦੀ ਹਾਲਤ ਚੰਗੀ ਨਹੀਂ ਹੈ। ਤੀਜਾ ਅਤੇ ਸਭ ਤੋਂ ਅਹਿਮ ਕਾਰਨ 2014 ਦੀਆਂ ਚੋਣਾਂ ਜਿਹੀ ਭਾਜਪਾ ਦੀ ਹਨੇਰੀ ਇਸ ਵਾਰ ਨਹੀਂ।
ਓਧਰ ਕਾਂਗਰਸ ਨੂੰ ਵੀ ਇਸ ਸੀਟ 'ਤੇ ਮਜ਼ਬੂਤ ਸਥਾਨਕ ਨੇਤਾ ਮੈਦਾਨ 'ਚ ਉਤਾਰਨਾ ਹੋਵੇਗਾ ਕਿਉਂਕਿ ਕਾਂਗਰਸ ਕਮਲ ਚੌਧਰੀ ਤੋਂ ਬਾਅਦ ਇਸ ਸੀਟ ਲਈ ਬਾਹਰੀ ਚਿਹਰਿਆਂ 'ਤੇ ਹੀ ਦਾਅ ਲਗਾਉਂਦੀ ਰਹੀ ਹੈ।
ਵਿਧਾਨ ਸਭਾ ਚੋਣਾਂ 'ਚ ਕਮਜ਼ੋਰ ਹੋਈ ਭਾਜਪਾ
ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਸਥਿਤੀ ਇਸ ਸੀਟ 'ਤੇ ਕਮਜ਼ੋਰ ਹੋਈ ਹੈ। ਇਸ ਸੀਟ ਦੇ ਤਹਿਤ ਸ੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ, ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮਚੁਰਾਸੀ, ਹੁਸ਼ਿਆਰਪੁਰ ਅਤੇ ਚੱਬੇਵਾਲ ਦੀਆਂ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। 2017 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਭੁਲੱਥ ਅਤੇ ਫਗਵਾੜਾ ਨੂੰ ਛੱਡ ਕੇ 7 ਸੀਟਾਂ 'ਤੇ ਬੜ੍ਹਤ ਬਣਾਈ ਹੈ। ਭਾਜਪਾ ਸਿਰਫ ਫਗਵਾੜਾ ਸੀਟ ਹੀ ਜਿੱਤ ਸਕੀ ਜਦਕਿ ਭੁਲੱਥ ਦੀ ਸੀਟ ਆਮ ਆਦਮੀ ਪਾਟੀ ਦੇ ਖਾਤੇ 'ਚ ਗਈ ਸੀ। ਲਿਹਾਜਾ ਇਸ ਸੀਟ 'ਤੇ ਆਉਣ ਵਾਲੀਆਂ 9 ਸੀਟਾਂ 'ਚੋਂ ਭਾਜਪਾ ਕੋਲ ਸਿਰਫ ਇਕ ਸੀਟ ਹੈ।

PunjabKesari
ਸਾਂਪਲਾ ਦੀ ਹਾਜ਼ਰੀ ਉਪਲੱਬਧ ਨਹੀਂ
ਇਸ ਸੀਟ ਤੋਂ ਸੰਸਦ ਮੈਂਬਰ ਵਿਜੇ ਸਾਂਪਲਾ ਕੇਂਦਰੀ ਮੰਤਰੀ ਹਨ ਲਿਹਾਜ਼ਾ ਉਨ੍ਹਾਂ ਦੇ ਉਪਰ ਸੰਸਦ ਦਾ ਹਾਜ਼ਰੀ ਰਜਿਸਟਰ ਸਾਈਨ ਕਰਨ ਦਾ ਅੜਿੱਕਾ ਨਹੀਂ ਹੈ। ਸੰਸਦ 'ਚ ਉਨ੍ਹਾਂ ਦੀ ਹਾਜ਼ਰੀ, ਬਹਿਸ 'ਚ ਹਿੱਸੇ ਅਤੇ ਪੁੱਛੇ ਗਏ ਸਵਾਲਾਂ ਦਾ ਬਿਓਰਾ ਉਪਲੱਬਧ ਨਹੀਂ। ਐੱਮ. ਪੀ. ਲੈਂਡ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਉਨ੍ਹਾਂ ਨੂੰ ਬਤੌਰ ਸੰਸਦ ਮੈਂਬਰ 22.50 ਕਰੋੜ ਦਾ ਫੰਡ ਜਾਰੀ ਹੋਇਆ, ਜੋ ਕਿ ਵਿਆਜ ਸਮੇਤ 23.28 ਕਰੋੜ ਬਣਿਆ, ਜਿਸ 'ਚੋਂ ਉਨ੍ਹਾਂ ਨੇ 17.91 ਕਰੋੜ ਖਰਚ ਕੀਤੇ ਜਦਕਿ 5.37 ਕਰੋੜ ਦਾ ਫੰਡ ਖਰਚ ਕਰਨਾ ਬਾਕੀ ਹੈ। ਬਤੌਰ ਸੰਸਦ ਮੈਂਬਰ ਉਨ੍ਹਾਂ ਨੇ ਆਦਮਪੁਰ ਦਾ ਏਅਰਪੋਰਟ ਸ਼ੁਰੂ ਕਰਵਾਉਣ ਦਾ ਦਾਅਵਾ ਕੀਤਾ ਹੈ।
ਸੋਮ ਪ੍ਰਕਾਸ਼ ਵੀ ਹੋ ਸਕਦੇ ਹਨ ਉਮੀਦਵਾਰ
ਇਸ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਇਲਾਵਾ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੇ ਵੀ ਦਾਅਵੇਦਾਰੀ ਜਤਾਈ ਹੈ। ਸੋਮ ਪ੍ਰਕਾਸ਼ ਪਹਿਲਾਂ 2009 ਦੌਰਾਨ ਵੀ ਇਸ ਸੀਟ 'ਤੇ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਨ੍ਹਾਂ ਨੂੰ ਸੂਬਾ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੇ ਇਲਾਵਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਵੀ ਸਮਰਥਨ ਹਾਸਲ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜੇ ਸਹਿਮਤੀ ਨਾ ਬਣ ਸਕੀ ਤਾਂ ਪਾਰਟੀ ਇਸ ਸੀਟ 'ਤੇ ਕਿਸੇ ਫਿਲਮੀ ਸਿਤਾਰੇ ਜਾਂ ਵੱਡੇ ਚਿਹਰੇ ਨੂੰ ਮੈਦਾਨ 'ਚ ਉਤਾਰ ਸਕਦੀ ਹੈ। ਹਾਲਾਂਕਿ ਇਕ ਚਰਚਾ ਇਹ ਵੀ ਸੀ ਕਿ ਪਾਰਟੀ ਅਕਾਲੀ ਦਲ ਨਾਲ ਜਲੰਧਰ ਸੀਟ ਦੀ ਅਦਲਾ-ਬਦਲੀ ਕਰੇਗੀ ਪਰ ਅਕਾਲੀ ਦਲ ਵੱਲੋਂ ਜਲੰਧਰ ਸੀਟ ਤੋਂ ਆਪਣਾ ਉਮੀਦਵਾਰ ਤੈਅ ਕਰ ਲਏ ਜਾਣ ਕਾਰਨ ਹੁਣ ਭਾਜਪਾ ਨੂੰ ਹੀ ਇਸ ਸੀਟ 'ਤੇ ਚੋਣ ਲੜਨੀ ਹੋਵੇਗੀ।
ਕਾਂਗਰਸ ਸਥਾਨਕ ਵਿਧਾਇਕ 'ਤੇ ਲਾ ਸਕਦੀ ਹੈ ਦਾਅ
ਕਾਂਗਰਸ ਨੇ ਪਿਛਲੀਆਂ ਚੋਣਾਂ ਦੌਰਾਨ ਮਹਿੰਦਰ ਸਿੰਘ ਕੇ. ਪੀ. ਨੂੰ ਮੈਦਾਨ 'ਚ ਉਤਾਰਿਆ ਸੀ ਪਰ ਉਹ ਇਹ ਚੋਣ ਹਾਰ ਗਏ। ਇਸ ਸੀਟ ਤੋਂ 2009 ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਰਹੀ ਸੰਤੋਸ਼ ਚੌਧਰੀ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਨਮਿਤਾ ਨੇ ਵੀ ਸੀਟ ਲਈ ਅਰਜ਼ੀ ਦਿੱਤੀ ਹੈ। ਇਨ੍ਹਾਂ ਦੇ ਇਲਾਵਾ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਜੋਗਿੰਦਰ ਸਿੰਘ ਮਾਨ, ਬਲਬੀਰ ਰਾਣੀ ਸੋਢੀ, ਮਨਮੋਹਨ ਲਾਲ ਸੂਦ ਤੇ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਆਦੀਆ ਅਤੇ ਚੱਬੇਵਾਲ ਦੇ ਵਿਧਾਇਕ ਰਾਜ ਕੁਮਾਰ ਵੀ ਟਿਕਟ ਦੀ ਦੌੜ 'ਚ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਇਸ ਵਾਰ ਸਥਾਨਕ ਵਿਧਾਇਕ 'ਤੇ ਦਾਅ ਲਾ ਸਕਦੀ ਹੈ ਕਿਉਂਕਿ 1999 ਤੋਂ ਬਾਅਦ ਕਾਂਗਰਸ ਇਸ ਸੀਟ 'ਤੇ ਕੋਈ ਮਜ਼ਬੂਤ ਸਥਾਨਕ ਉਮੀਦਵਾਰ ਨਹੀਂ ਦੇ ਸਕੀ ਹੈ।

PunjabKesari
'ਆਪ' ਨੇ ਰਵਜੋਤ ਸਿੰਘ ਨੂੰ ਮੈਦਾਨ 'ਚ ਉਤਾਰਿਆ
ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਇਸ ਸੀਟ 'ਤੇ ਯਾਮਿਨੀ ਗੋਮਰ ਨੂੰ ਮੈਦਾਨ 'ਚ ਉਤਾਰਿਆ ਸੀ ਅਤੇ ਉਨ੍ਹਾਂ ਨੂੰ 213388 ਵੋਟਾਂ ਮਿਲੀਆਂ ਸਨ ਅਤੇ ਉਹ ਤੀਜੇ ਨੰਬਰ 'ਤੇ ਰਹੀ ਸੀ ਪਰ ਇਸ ਵਾਰ ਉਹ ਪਾਰਟੀ ਤੋਂ ਬਾਹਰ ਹੈ। ਪਾਰਟੀ ਨੇ ਸਥਾਨਕ ਨੇਤਾ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਰਵਜੋਤ ਸਿੰਘ ਨੂੰ ਮੈਦਾਨ 'ਚ ਉਤਾਰਿਆ ਸੀ। ਰਵਜੋਤ ਪਿਛਲੀ ਵਾਰ ਸ਼ਾਮਚੁਰਾਸੀ ਤੋਂ ਵਿਧਾਨ ਸਭਾ ਦੀ ਚੋਣ ਲੜੇ ਸੀ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਸਖਤ ਟੱਕਰ ਦਿੱਤੀ ਸੀ। ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਸ ਸੀਟ ਦੇ ਤਹਿਤ ਆਉਂਦੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਸਥਿਤੀ ਕਮਜ਼ੋਰ ਹੋਈ ਹੈ ਅਤੇ ਖਹਿਰਾ ਧੜੇ ਦੇ ਵੱਖ ਹੋਣ ਨਾਲ ਵੀ ਪਾਰਟੀ ਨੂੰ ਇਸ ਸੀਟ 'ਤੇ ਨੁਕਸਾਨ ਹੋ ਸਕਦਾ ਹੈ।

 

ਸਾਲ ਜੇਤੂ ਪਾਰਟੀ
1952 ਦੀਵਾਨ ਚੰਦ ਕਾਂਗਰਸ
1957 ਬਲਦੇਵ ਸਿੰਘ ਕਾਂਗਰਸ
1962 ਅਮਰਨਾਥ ਕਾਂਗਰਸ
1967 ਆਰ. ਕਿਸ਼ਨ ਕਾਂਗਰਸ
1971 ਦਰਬਾਰਾ ਸਿੰਘ ਕਾਂਗਰਸ
1977 ਬਲਬੀਰ ਸਿੰਘ ਬੀ.ਐੱਲ.ਡੀ.
1980 ਜ਼ੈਲ ਸਿੰਘ ਕਾਂਗਰਸ
1985 ਕਮਲ ਚੌਧਰੀ ਕਾਂਗਰਸ
1992 ਕਮਲ ਚੌਧਰੀ ਕਾਂਗਰਸ
1996 ਕਾਂਸ਼ੀ ਰਾਮ ਬਸਪਾ
1998 ਕਮਲ ਚੌਧਰੀ ਭਾਜਪਾ
1999 ਚਰਨਜੀਤ ਸਿੰਘ ਚੰਨੀ ਕਾਂਗਰਸ
2004 ਅਵਿਨਾਸ਼ ਰਾਏ ਖੰਨਾ ਭਾਜਪਾ
2009 ਸੰਤੋਸ਼ ਚੌਧਰੀ ਕਾਂਗਰਸ
2014 ਵਿਜੇ ਸਾਂਪਲਾ ਭਾਜਪਾ
     



 

 


 


shivani attri

Content Editor

Related News