ਕਹਿਣ ਨੂੰ ਪ੍ਰਧਾਨ ਪਰ ਵੋਟਰਾਂ ਨੇ ਨਹੀਂ ਦਿੱਤਾ ਸਨਮਾਨ!

Friday, May 24, 2019 - 06:26 PM (IST)

ਕਹਿਣ ਨੂੰ ਪ੍ਰਧਾਨ ਪਰ ਵੋਟਰਾਂ ਨੇ ਨਹੀਂ ਦਿੱਤਾ ਸਨਮਾਨ!

ਜਲੰਧਰ (ਗੁਰਮਿੰਦਰ ਸਿੰਘ) : ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਫ ਕਰ ਦਿੱਤਾ ਕਿ ਪੰਜਾਬ ਵਿਚ ਕੈਪਟਨ ਕਾਰਡ ਚੱਲਿਆ ਹੈ ਪਰ ਦੂਜੇ ਪਾਸੇ ਚੋਣ ਮੈਦਾਨ ਵਿਚ ਉਤਰੇ ਪੰਜਾਬ ਦੀਆਂ 7 ਪਾਰਟੀਆਂ ਦੇ ਪ੍ਰਧਾਨਾਂ 'ਚੋਂ ਸਿਰਫ ਸੁਖਬੀਰ ਬਾਦਲ ਅਤੇ ਭਗਵੰਤ ਮਾਨ ਹੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਜਦਕਿ ਬਾਕੀ 5 ਪ੍ਰਧਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜਾ ਗੁਰਦਾਸਪੁਰ ਤੋਂ, 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਬਠਿੰਡਾ ਤੋਂ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲੁਧਿਆਣਾ, ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ ਪਟਿਆਲਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਮੈਦਾਨ ਵਿਚ ਸਨ। 
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੀ ਸਿਰਫ ਜਿੱਤ ਹਾਸਲ ਕਰ ਸਕੇ ਹਨ ਜਦਕਿ ਬਾਕੀ ਸਾਰੀਆਂ ਸੀਟਾਂ 'ਤੇ ਪ੍ਰਧਾਨਾਂ ਨੂੰ ਹਾਰ ਦਾ ਸਵਾਦ ਹੀ ਚੱਖਣਾ ਪਿਆ ਹੈ। ਬਠਿੰਡਾ, ਸੰਗਰੂਰ ਅਤੇ ਪਟਿਆਲਾ ਦੀ ਸੀਟਾਂ 'ਤੇ ਕਿਸਮਤ ਅਜ਼ਮਾ ਰਹੇ ਸੁਖਪਾਲ ਖਹਿਰਾ, ਸਿਮਰਨਜੀਤ ਸਿੰਘ ਮਾਨ ਅਤੇ ਡਾ. ਧਰਮਵੀਰ ਗਾਂਧੀ ਤਾਂ ਆਪਣੀ ਜ਼ਮਾਨਤ ਤਕ ਨਹੀਂ ਬਚਾ ਸਕੇ। ਜਦਕਿ ਸੁਨੀਲ ਜਾਖੜ ਅਤੇ ਸਿਮਰਜੀਤ ਸਿੰਘ ਬੈਂਸ ਦੂਜੇ ਨੰਬਰ 'ਤੇ ਰਹੇ।


author

Gurminder Singh

Content Editor

Related News