ਇਹ 18 ਦਿੱਗਜ ਉਮੀਦਵਾਰ ਖੁਦ ਨੂੰ ਨਹੀਂ ਪਾ ਸਕਣਗੇ ਵੋਟ
Friday, May 03, 2019 - 10:32 AM (IST)

ਬਰਨਾਲਾ (ਵੈੱਬ ਡੈਸਕ) : ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਿੰਗ ਦਾ ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਨਾਂ ਵੀ ਵਧ ਰਹੀਆਂ ਹਨ। ਦੱਸ ਦੇਈਏ ਕਿ ਚੋਣਾਂ ਨੂੰ ਸਿਰਫ 17 ਦਿਨ ਹੀ ਬਾਕੀ ਰਹਿ ਗਏ ਹਨ। 2 ਮਈ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਸੀ, ਜਿਸ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਕਿ ਕੌਣ ਲੜੇਗਾ ਅਤੇ ਕਿਸ ਨੇ ਨਾਮਜ਼ਦਗੀ ਵਾਪਸ ਲਈ ਹੈ। ਇਸ ਦੌਰਾਨ ਇਕ ਗੱਲ ਸਾਹਮਣੇ ਆਈ ਹੈ ਕਿ ਲੋਕ ਸਭਾ ਚੋਣਾਂ ਵਿਚ ਆਪਣੀ ਕਿਸਮਤ ਆਜ਼ਮਾ ਰਹੇ ਜ਼ਿਆਦਾਤਰ ਦਿੱਗਜ ਅਤੇ ਮੁੱਖ ਪਾਰਟੀਆਂ ਦੇ ਉਮੀਦਵਾਰ ਅਜਿਹੇ ਹਨ ਜੋ ਖੁਦ ਨੂੰ ਵੋਟ ਨਹੀਂ ਪਾ ਸਕਣਗੇ, ਕਿਉਂਕਿ ਜਿੱਥੋਂ ਉਹ ਚੋਣ ਲੜ ਰਹੇ ਹਨ, ਉਨ੍ਹਾਂ ਦੀ ਵੋਟ ਉਥੇ ਨਾ ਹੋ ਕੇ ਕਿਸੇ ਹੋਰ ਹਲਕੇ ਵਿਚ ਹੈ। ਕਾਂਗਰਸ, ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ ਅਤੇ ਚੌਥੇ ਫਰੰਟ ਦਿੱਗਜ ਇਸ ਲਿਸਟ ਵਿਚ ਸ਼ਾਮਲ ਹਨ। ਉਨ੍ਹਾਂ ਦਾ ਵੋਟਰ ਸੂਚੀ ਵਿਚ ਨਾਂ ਕਿਸੇ ਹੋਰ ਹਲਕੇ ਵਿਚ ਹੈ, ਜਦਕਿ ਉਹ ਚੋਣ ਕਿਸੇ ਹੋਰ ਹਲਕੇ ਤੋਂ ਲੜ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਜਪਾ ਦੇ ਸੰਨੀ ਦਿਓਲ ਸਮੇਤ ਕਈ ਵੱਡੇ ਨੇਤਾ ਇਸ ਵਾਰ ਖੁਦ ਨੂੰ ਵੋਟ ਨਹੀਂ ਪਾ ਸਕਣਗੇ। ਚੋਣਾਂ ਦੌਰਾਨ ਜੇਕਰ ਕੋਈ ਉਮੀਦਵਾਰ ਆਪਣੇ ਹਲਕੇ ਨੂੰ ਛੱਡ ਕੇ ਕਿਸੇ ਹੋਰ ਹਲਕੇ ਤੋਂ ਚੋਣ ਲੜਦਾ ਹੈ ਤਾਂ ਉਥੇ ਬਾਹਰੀ ਹੋਣ ਦਾ ਦੂਜੀਆਂ ਪਾਰਟੀਆਂ ਮੁੱਦਾ ਬਣਾਉਂਦੀਆਂ ਹਨ ਪਰ ਇਸ ਵਾਰ ਕਿਸੇ ਦੇ ਬਾਹਰੀ ਹੋਣ ਦਾ ਮੁੱਦਾ ਨਹੀਂ ਬਣਾਇਆ ਜਾ ਰਿਹਾ, ਕਿਉਂਕਿ ਸਾਰੀਆਂ ਪਾਰਟੀਆਂ ਨੇ ਬੰਪਰ ਵਿਚ ਬਾਹਰੀ ਉਮੀਦਵਾਰਾਂ 'ਤੇ ਭਰੋਸਾ ਜਤਾਇਆ ਹੈ।
ਕਾਂਗਰਸ ਵਿਚ 13 ਵਿਚੋਂ 5 ਪੈਰਾਸ਼ੂਟ ਉਮੀਦਵਾਰ
ਅਕਾਲੀ ਦਲ ਨੇ ਆਪਣੇ 10 ਉਮੀਦਵਾਰਾਂ ਵਿਚੋਂ 6 ਉਮੀਦਵਾਰ ਅਜਿਹੇ ਮੈਦਾਨ ਵਿਚ ਉਤਾਰੇ ਹਨ, ਜੋ ਖੁਦ ਨੂੰ ਵੋਟ ਨਹੀਂ ਪਾ ਸਕਣਗੇ। ਭਾਜਪਾ ਦੇ 3 ਵਿਚੋਂ 2 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਵੋਟ ਪ੍ਰਦੇਸ਼ ਤੋਂ ਬਾਹਰ ਬਣੀ ਹੋਈ ਹੈ। ਉਥੇ ਹੀ ਕਾਂਗਰਸ ਦੇ 13 ਵਿਚੋਂ 5 ਉਮੀਦਵਾਰ ਖੁਦ ਨੂੰ ਵੋਟ ਨਹੀਂ ਦੇ ਸਕਣਗੇ। ਲੋਕ ਸਭਾ ਆਨੰਦਪੁਰ ਸਾਹਿਬ ਵਿਚ ਅਕਾਲੀ ਦਲ, ਕਾਂਗਰਸ ਅਤੇ ਟਕਸਾਲੀ ਤਿੰਨਾਂ ਦੇ ਉਮੀਦਵਾਰਾਂ ਦੀ ਵੋਟ ਹਲਕੇ ਤੋਂ ਬਾਹਰ ਹੈ। ਹਲਕਾ ਫਰੀਦਕੋਟ ਤੋਂ ਅਕਾਲੀ ਅਤੇ ਕਾਂਗਰਸ, ਹਲਕਾ ਜਲੰਧਰ ਤੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਹਰੀ ਹਨ।
ਨੇਤਾ | ਪਾਰਟੀ | ਸੀਟ | ਵੋਟਰ (ਹਲਕਾ) |
ਸੁਖਬੀਰ ਸਿੰਘ ਬਾਦਲ | ਸ਼੍ਰੋਅਦ | ਫਿਰੋਜ਼ਪੁਰ | ਲੰਬੀ (ਬਠਿੰਡਾ) |
ਸੁਨੀਲ ਜਾਖੜ | ਕਾਂਗਰਸ | ਗੁਰਦਾਸਪੁਰ | ਅਬੋਹਰ (ਫਿਰੋਜ਼ਪੁਰ) |
ਸੰਨੀ ਦਿਓਲ | ਬੀ.ਜੇ.ਪੀ. | ਗੁਰਦਾਸਪੁਰ | ਅੰਧੇਰੀ ਵੈਸਟ (ਮੁੰਬਈ) |
ਸੁਖਪਾਲ ਖਹਿਰਾ | ਪੀ.ਡੀ.ਏ. | ਬਠਿੰਡਾ | ਭੁਲੱਥ (ਹੁਸ਼ਿਆਰਪੁਰ) |
ਰਾਜਾ ਵੜਿੰਗ | ਕਾਂਗਰਸ | ਬਠਿੰਡਾ | ਮੁਕਤਸੁਰ (ਫਰੀਦਕੋਟ) |
ਹਰਦੀਪ ਸਿੰਘ ਪੁਰੀ | ਬੀ.ਜੇ.ਪੀ. | ਅੰਮ੍ਰਿਤਸਰ | ਦਿੱਲੀ |
ਪ੍ਰੇਮ ਸਿੰਘ ਚੰਦੂਮਾਜਰਾ | ਸ਼੍ਰੋਅਦ | ਆਨੰਦਪੁਰ ਸਾਹਿਬ | ਰਾਜਪੁਰਾ (ਪਟਿਆਲਾ) |
ਮਨੀਸ਼ ਤਿਵਾੜੀ | ਕਾਂਗਰਸ | ਆਨੰਦਪੁਰ ਸਾਹਿਬ | ਲੁਧਿਆਣਾ ਵੈਸਟ (ਲੁਧਿਆਣਾ) |
ਬੀਰ ਦਵਿੰਦਰ ਸਿੰਘ | ਸ਼੍ਰੋਅਦ(ਟ) | ਆਨੰਦਰਪੁਰ ਸਾਹਿਬ | ਫਤਿਹਗੜ੍ਹ ਸਾਹਿਬ |
ਗੁਲਜ਼ਾਰ ਸਿੰਘ ਰਣੀਕੇ | ਸ਼੍ਰੋਅਦ | ਫਰੀਦਕੋਟ | ਅਟਾਰੀ (ਅੰਮ੍ਰਿਤਸਰ) |
ਮੁਹੰਮਦ ਸਦੀਕ | ਕਾਂਗਰਸ | ਫਰੀਦਕੋਟ | ਲੁਧਿਆਣਾ ਵੈਸਟ (ਲੁਧਿਆਣਾ) |
ਚਰਨਜੀਤ ਸਿੰਘ ਅਟਵਾਲ | ਸ਼੍ਰੋਅਦ | ਜਲੰਧਰ | ਲੁਧਿਆਣਾ ਵੈਸਟ (ਲੁਧਿਆਣਾ) |
ਜਸਟਿਸ ਜੋਰਾ ਸਿੰਘ | ਆਪ | ਜਲੰਧਰ | ਚੰਡੀਗੜ੍ਹ |
ਬੀਬੀ ਜਗੀਰ ਕੌਰ | ਸ਼੍ਰੋਅਦ | ਖਡੂਰ ਸਾਹਿਬ | ਭੁਲੱਥ (ਹੁਸ਼ਿਆਰਪੁਰ) |
ਦਰਬਾਰਾ ਸਿੰਘ ਗੁਰੂ | ਸ਼੍ਰੋਅਦ | ਫਤਿਹਗੜ੍ਹ ਸਾਹਿਬ | ਭਦੌੜ (ਸੰਗਰੂਰ) |
ਸਿਮਰਨਜੀਤ ਸਿੰਘ ਮਾਨ | ਸ਼੍ਰੋਅਦ (ਮਾਨ) | ਸੰਗਰੂਰ | ਫਤਿਹਗੜ੍ਹ ਸਾਹਿਬ |
ਜੱਸੀ ਜਸਰਾਜ | ਲਿਪ | ਸੰਗਰੂਰ | ਆਨੰਦਪੁਰ ਸਾਹਿਬ |
ਰਵਨੀਤ ਸਿੰਘ ਬਿੱਟੂ | ਕਾਂਗਰਸ | ਲੁਧਿਆਣਾ | ਪਾਇਲ (ਫਤਿਹਗੜ੍ਹ ਸਾਹਿਬ) |