ਸੰਨੀ ਦਿਓਲ ਦੀ ਰੈਲੀ ਕੈਪਟਨ ਵੱਲੋਂ ਫਲਾਪ ਕਰਾਰ
Monday, Apr 29, 2019 - 06:49 PM (IST)
ਰੂਪਨਗਰ/ਗੁਰਦਾਸਪੁਰ (ਵਿਜੇ)— ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਤੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕੇ 'ਚ ਕੀਤੀ ਗਈ ਰੈਲੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫਲਾਪ ਸ਼ੋਅ ਕਰਾਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਤੋਂ ਸੁਨੀਲ ਜਾਖੜ ਠੋਕ ਵਜਾ ਕੇ ਆਪਣੀ ਜਿੱਤ ਹਾਸਲ ਕਰਨਗੇ ਜਦਕਿ ਭਾਜਪਾ ਵੱਲੋਂ ਰਾਤ-ਰਾਤ ਲਿਆਂਦਾ ਗਿਆ ਉਮੀਦਵਾਰ ਸੰਨੀ ਦਿਓਲ ਚੋਣਾਂ ਤੋਂ ਬਾਅਦ ਛੂੰ-ਮੰਤਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਦੀ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ ਹੈ।
ਉਥੇ ਹੀ ਕਿਸਾਨ ਅੰਦੋਲਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਹੀ ਕਰਜ਼ੇ ਤੋਂ ਰਾਹਤ ਦਿੱਤੀ ਹੈ ਅਤੇ ਜਿਉਂ ਹੀ ਸੂਬੇ ਦੀ ਵਿੱਤੀ ਸਥਿਤੀ 'ਚ ਸੁਧਾਰ ਹੋਵੇਗਾ ਤਾਂ ਉਨ੍ਹਾਂ ਨੂੰ ਹੋਰ ਸਹਾਇਤਾ ਦਿੱਤੀ ਜਾਵੇਗੀ। ਬੇਮੌਸਮੇ ਮੀਂਹ ਨਾਲ ਫਸਲਾਂ ਨੂੰ ਹੋਏ ਨੁਕਸਾਨ ਦੇ ਸਬੰਧ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਣਕ ਦੇ ਬਦਰੰਗ ਹੋਣ ਕਾਰਨ ਖਰੀਦ ਵੇਲੇ ਭਾਅ 'ਚ ਕਿਸੇ ਵੀ ਤਰ੍ਹਾਂ ਦੀ ਕੇਂਦਰ ਸਰਕਾਰ ਨੂੰ ਕੋਈ ਕਟੌਤੀ ਨਹੀਂ ਲਗਾਉਣ ਦੇਵੇਗੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੁਦਰਤੀ ਆਫਤ ਲਈ ਕਿਸਾਨ ਕਿਉਂ ਨੁਕਸਾਨ ਉਠਾਉਣ? ਇਸ ਦੇ ਜਵਾਬ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਕੋਲ ਪਹੁੰਚ ਕਰਕੇ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਪੁੱਜੇ।