ਵੋਟ ਮੰਗਣ ਗਏ ਉਮੀਦਵਾਰਾਂ ''ਤੇ ਭਾਰੂ ਪੈ ਰਹੇ ਵੋਟਰ, ਸਵਾਲ ਪੁੱਛ ਪਾ ਰਹੇ ਭਾਜੜਾਂ

05/11/2019 6:48:57 PM

ਲੁਧਿਆਣਾ : ਪੰਜਾਬ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਉਮੀਦਵਾਰਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਕਈ ਥਾਈਂ ਉਮੀਦਵਾਰਾਂ ਨੂੰ ਵੋਟਰਾਂ ਦਾ ਰੋਹ ਦਾ ਸਾਹਮਣਾ ਕਰਨਾ ਵੀ ਪੈ ਰਿਹਾ ਹੈ। ਵੋਟਰ ਹੁਣ ਚੋਣ ਮੀਟਿੰਗਾਂ ਵਿਚ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਉਮੀਦਵਾਰਾਂ ਤੋਂ ਜਵਾਬ ਤਲਬੀ ਕਰ ਰਹੇ ਹਨ। ਵੋਟਰਾਂ ਦਾ ਗੁੱਸਾ ਵੇਖ ਕੇ ਵੱਡੇ ਵੱਡੇ ਸਿਆਸੀ ਵਾਅਦੇ ਕਰਨ ਵਾਲੇ ਲੀਡਰ ਜਾ ਤਾਂ ਮੌਕਾ ਦੇਖ ਉਥੋਂ ਭੱਜ ਨਿਕਲਦੇ ਹਨ ਜਾ ਫਿਰ ਆਵਾਜ਼ ਚੁੱਕਣ ਵਾਲੇ ਨੂੰ ਉਲਟੇ ਸਿੱਧੇ ਜਵਾਬ ਦਿੱਤੇ ਜਾ ਰਹੇ ਹਨ।
ਸੂਬੇ ਦੇ ਕਾਫ਼ੀ ਸਿਆਸੀ ਆਗੂ ਵੋਟਰਾਂ ਦਾ ਅਜਿਹਾ ਟ੍ਰੇਲਰ ਦੇਖ ਚੁੱਕੇ ਹਨ। ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਵਾਲਿਆਂ ਵਿਚ ਬਠਿੰਡਾ ਤੋਂ ਅਕਾਲੀ ਦਲ ਭਾਜਪਾ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਸ਼ਾਮਲ ਹਨ। ਹਰਸਿਮਰਤ ਕੌਰ ਬਾਦਲ ਨੂੰ ਤਾਂ ਸੈਰ ਕਰਦੇ ਹੋਏ ਵਿਅਕਤੀ ਨੇ ਸਵਾਲ ਪੁੱਛ ਲਏ ਸਨ ਤੇ ਬੀਬੀ ਬਾਦਲ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਹੀ ਉਥੋਂ ਤੁਰ ਗਈ ਸੀ। ਇਸੇ ਤਰ੍ਹਾਂ ਰਾਜਾ ਵੜਿੰਗ ਨੂੰ ਤਾਂ ਲੋਕਾਂ ਨੇ ਸਟੇਜ 'ਤੇ ਹੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾ ਕੇ ਘੇਰ ਲਿਆ ਸੀ। ਲੁਧਿਆਣਾ ਵਿਚ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਇਕ ਵਿਅਕਤੀ ਨੇ ਚੋਣ ਮੀਟਿੰਗ ਦੌਰਾਨ ਘੇਰ ਲਿਆ ਤੇ ਕੈਬਨਿਟ ਮੰਤਰੀ 'ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਏ। ਲੁਧਿਆਣਾ ਤੋਂ ਹੀ ਪੀਡੀਏ ਦੇ ਸਾਂਝੇ ਉਮੀਦਵਾਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਬੀਤੇ ਦਿਨੀਂ ਹਲਕਾ ਫਤਹਿਗੜ੍ਹ ਸਾਹਿਬ ਵਿਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।
ਇੱਥੇ ਲੋਕਾਂ ਨੇ ਬੈਂਸ ਨੂੰ ਘੇਰ ਲਿਆ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਵੀਡੀਓ ਤੋਂ ਬਚਣ ਲਈ ਵਿਧਾਇਕ ਬੈਂਸ ਨੇ ਉਥੋਂ ਨਿਕਲਣ ਵਿਚ ਹੀ ਭਲਾਈ ਸਮਝੀ। ਸੰਗਰੂਰ ਵਿੱਚ ਤਾਂ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਸਵਾਲ ਪੁੱਛ ਵਾਲੇ ਵਿਅਕਤੀ ਨੂੰ ਥੱਪੜ ਹੀ ਜੜ ਦਿੱਤਾ ਸੀ। ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੂੰ ਵੀ ਲੋਕਾਂ ਨੇ ਘੇਰ ਲਿਆ ਸੀ ਤੇ ਉਨ੍ਹਾਂ ਦੀ ਕਾਫ਼ੀ ਰੇਲ ਬਣਾਈ ਸੀ। ਇਸ ਤੋਂ ਇਲਾਵਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਐੱਮ. ਪੀ. ਤੇ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਵੀ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦੀ ਬਕਾਇਦਾ ਵੀਡੀਓ ਵੀ ਵਾਇਰਲ ਹੋਈ ਸੀ।


Gurminder Singh

Content Editor

Related News