ਲੋਕ ਸਭਾ ਚੋਣਾਂ: ਚੋਣ ਡਿਊਟੀ ਕਟਵਾਉਣ ਵਾਲਿਆਂ ਨੇ ਜੁਗਾੜ ਲਗਾਉਣਾ ਕੀਤਾ ਸ਼ੁਰੂ

03/11/2019 11:01:43 AM

ਜਲੰਧਰ (ਅਮਿਤ)— ਐਤਵਾਰ ਸ਼ਾਮ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ 'ਚ 7 ਪੜਾਵਾਂ 'ਚ ਆਮ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ 'ਚ 19 ਮਈ ਨੂੰ ਪੋਲਿੰਗ ਹੋਵੇਗੀ ਅਤੇ ਇਸ ਲਈ ਬਾਕਾਇਦਾ ਤੌਰ 'ਤੇ ਬਿਗੁਲ ਵੱਜ ਗਿਆ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਧਿਕਾਰੀਆਂ ਦੀ ਤਾਇਨਾਤੀ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਵੋਟਰ ਸੂਚੀ ਦੀ ਆਖਰੀ ਪ੍ਰਕਾਸ਼ਨਾ ਅਤੇ ਰਿਟਰਨਿੰਗ ਅਫਸਰਾਂ ਦੀ ਪਹਿਲੇ ਪੜਾਅ ਦੀ ਟ੍ਰੇਨਿੰਗ ਵੀ ਮੁਕੰਮਲ ਕਰ ਲਈ ਗਈ ਹੈ। ਜ਼ਿਲੇ ਦੇ ਲਗਭਗ 15.74 ਲੱਖ ਵੋਟਰ 1863 ਬੂਥਾਂ 'ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਇਕ ਪਾਸੇ ਜਿੱਥੇ ਚੋਣ ਕਮਿਸ਼ਨ, ਜ਼ਿਲਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਜ਼ਰੂਰੀ ਪ੍ਰਕਿਰਿਆ ਨੂੰ ਸ਼ੁਰੂ ਕਰ ਚੁੱਕੇ ਹਨ, ਉਥੇ ਦੂਜੇ ਪਾਸੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣ ਡਿਊਟੀ ਨਾ ਕਰਨ ਦੇ ਇਛੁੱਕ ਲੋਕਾਂ ਨੇ ਆਪਣੀ ਡਿਊਟੀ ਕਟਵਾਉਣ ਲਈ ਜੁਗਾੜ ਫਿੱਟ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਨੂੰ ਚੋਣ ਡਿਊਟੀ ਲਈ ਰਸਮੀ ਚਿੱਠੀਆਂ ਜਾਰੀ ਕੀਤੀਆਂ ਜਾਣੀਆਂ ਬਾਕੀ ਹਨ ਪਰ ਹੁਣ ਤੋਂ ਹੀ ਵੱਡੀ ਗਿਣਤੀ 'ਚ ਅਜਿਹੇ ਲੋਕਾਂ ਵੱਲੋਂ ਸਿਫਾਰਸ਼ਾਂ ਦਾ ਦੌਰ ਆਰੰਭ ਕੀਤਾ ਜਾ ਚੁੱਕਾ ਹੈ ਜੋ ਚੋਣ ਡਿਊਟੀ ਕਰਨਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਜਿਵੇਂ-ਜਿਵੇਂ ਲੋਕ ਸਭਾ ਚੋਣ-2019 ਦੀ ਤਰੀਕ ਨਜ਼ਦੀਕ ਆਉਂਦੀ ਜਾਵੇਗੀ, ਉਂਝ-ਉਂਝ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਚੋਣ ਡਿਊਟੀ ਕਟਵਾਉਣ ਵਾਲਿਆਂ ਦੀ ਭੀੜ ਵਧਦੀ ਜਾਵੇਗੀ।

ਡਿਊਟੀ ਕਟਵਾਉਣਾ ਨਹੀਂ ਹੋਵੇਗਾ ਆਸਾਨ, ਇਸ ਵਾਰ 25 ਫੀਸਦੀ ਵਾਧੂ ਸਟਾਫ ਦੀ ਹੈ ਜ਼ਰੂਰਤ
ਪਿਛਲੀਆਂ ਚੋਣਾਂ ਦੀ ਤਰ੍ਹਾਂ ਇਸ ਵਾਰ ਚੋਣ ਡਿਊਟੀ ਕਟਵਾਉਣਾ ਇੰਨਾ ਆਸਾਨ ਨਹੀਂ ਹੋਣ ਵਾਲਾ, ਕਿਉਂਕਿ ਇਸ ਵਾਰ ਪ੍ਰਸ਼ਾਸਨ ਨੂੰ ਲਗਭਗ 25 ਫੀਸਦੀ ਵਾਧੂ ਸਟਾਫ ਦੀ ਜ਼ਰੂਰਤ ਹੈ। ਚੋਣ ਕਮਿਸ਼ਨ ਵੱਲੋਂ ਵੋਟਿੰਗ ਪ੍ਰਕਿਰਿਆ 'ਚ ਜ਼ਿਆਦਾ ਪਾਰਦਰਸ਼ਤਾ ਲਿਆਉਣ ਲਈ ਸੂਬੇ ਦੇ ਸਾਰੇ 23124 ਪੋਲਿੰਗ ਬੂਥਾਂ 'ਤੇ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿੱਥੇ ਪਹਿਲਾਂ ਇਕ ਮਸ਼ੀਨ 'ਤੇ 4 ਲੋਕਾਂ ਨਾਲ ਕੰਮ ਚਲ ਜਾਂਦਾ ਸੀ, ਉਥੇ ਵੀ. ਵੀ. ਪੈਟ ਮਸ਼ੀਨ ਕਾਰਨ 5 ਲੋਕਾਂ ਦੀ ਜ਼ਰੂਰਤ ਹੋਵੇਗੀ। ਇਸ ਤਰ੍ਹਾਂ ਜ਼ਿਲਾ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਨੂੰ ਸਫਲ ਬਣਾਉਣ ਦੇ ਮਕਸਦ ਨਾਲ ਵੱਖ-ਵੱਖ ਵਿਭਾਗਾਂ ਨਾਲ ਉਨ੍ਹਾਂ ਦੇ 100 ਫੀਸਦੀ ਸਟਾਫ ਦੀਆਂ ਲਿਸਟਾਂ ਮੰਗੀਆਂ ਗਈਆਂ ਹਨ ਤਾਂ ਜੋ ਚੋਣ ਸਟਾਫ ਨੂੰ ਲੈ ਕੇ ਜ਼ਰੂਰੀ ਕਵਾਇਦ ਤੈਅ ਸਮੇਂ 'ਤੇ ਪੂਰੀ ਕੀਤੀ ਜਾ ਸਕੇ।


shivani attri

Content Editor

Related News