ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਲਈ ਦਿਲਚਸਪ ਨਹੀਂ ਸੰਨੀ ਦਿਓਲ, ਭਾਜਪਾ ਨੇ ਅੰਦਰਖਾਤੇ ਖਿੱਚੀ ਤਿਆਰੀ
Thursday, Nov 03, 2022 - 06:23 PM (IST)
ਗੁਰਦਾਸਪੁਰ : ਇਕ ਪਾਸੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀਆਂ ਸਿਆਸੀ ਪਾਰਟੀਆਂ ਵਲੋਂ ਅੰਦਰਖਾਤੇ ਸ਼ੁਰੂ ਕਰ ਦਿੱਤੀ ਗਈਆਂ ਹਨ, ਉਥੇ ਹੀ ਸਿਆਸੀ ਪਿੱਚ ’ਚੋਂ ਪੂਰੀ ਤਰ੍ਹਾਂ ਗਾਇਬ ਨਜ਼ਰ ਆ ਰਹੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਭਾਜਪਾ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ 2024 ਦੀਆਂ ਚੋਣਾਂ ਵਿਚ ਸੰਨੀ ਦਿਓਲ ਵਲੋਂ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਭਾਜਪਾ ਨੇ ਅੰਦਰਖਾਤੇ ਉਨ੍ਹਾਂ ਦਾ ਬਦਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਇਸ ਫੀਲਡ ਨੂੰ ਬਲੇਜ ਆਫ ਗਲੋਰੀ ਵਿਚ ਛੱਡਣਾ ਚਾਹੁੰਦੇ ਹਨ। ਭਾਵੇਂ ਸੰਨੀ ਦਿਓਲ ਸਿਆਸਤ ਵਿਚ ਸਰਗਰਮ ਨਹੀਂ ਹਨ ਪਰ ਉਨ੍ਹਾਂ ਦੇ ਸਟਾਫ ਵਲੋਂ ਦਿਨ ਰਾਤ ਓਵਰਟਾਈਮ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਸਟਾਫ ਕਈ ਵੱਡੇ ਪ੍ਰਾਜੈਕਟ ਨੂੰ ਇਲਾਕੇ ਵਿਚ ਪੂਰਾ ਕਰਨ ਵਿਚ ਲਗਾਇਆ ਹੋਇਆ ਹੈ। ਇਸ ਵਿਚ 800 ਮੀਟਰ ਦੇ ਕੰਕਰੀਟ ਬਰਿੱਜ ਜੋ ਕਿ ਗੁਰਦਾਸਪੁਰ ਦੇ ਮੁੱਖ ਇਲਾਕੇ ਨੂੰ ਦਰਜਨਾਂ ਪਿੰਡਾਂ ਨਾਲ ਜੋੜਨ ਦਾ ਕੰਮ ਕਰੇਗਾ ਸ਼ਾਮਲ ਹੈ। ਇਹ ਪੁਲ਼ ਰਾਵੀ ਨਦੀ ਦੇ ਉਪਰ ਬਣਾਇਆ ਜਾ ਰਿਹਾ ਹੈ। ਇਸ ਦੀ ਕੁੱਲ ਲਾਗਤ 100 ਕਰੋੜ ਰੁਪਏ ਹੈ।
ਇਹ ਨਾਂ ਚਰਚਾ ਵਿਚ
ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਦੀ ਜਗ੍ਹਾ ਨਵੇਂ ਚਿਹਰੇ ਨੂੰ ਜਗ੍ਹਾ ਦੇਣ ਦੇ ਨਾਵਾਂ ਦੀ ਸੂਚੀ ਵਿਚ ਸਾਬਕਾ ਸਾਂਸਦ ਸੁਨੀਲ ਜਾਖੜ ਵੀ ਚਰਚਾ ਵਿਚ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਤਜ਼ਰਬਾ ਬਤੌਰ ਸੰਸਦ ਮੈਂਬਰ ਕੀਤੇ ਕੰਮ ਪਾਰਟੀ ਨੂੰ ਜਿੱਤ ਦਿਵਾਉਣ ਵਿਚ ਸਫਲ ਹੋ ਸਕਦੇ ਹਨ। ਇਸ ਤੋਂ ਇਲਾਵਾ ਉਹ 2017 ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਗੁਰਦਾਸਪੁਰ ਵਿਚ ਜੇਤੂ ਰਹੇ ਸਨ ਅਤੇ ਉਥੋਂ ਦੀ ਜਨਤਾ ਵੀ ਉਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਸ ਤੋਂ ਇਲਾਵਾ ਹੋਰ ਆਗੂਆਂ ਦੇ ਨਾਂ ’ਤੇ ਵੀ ਪਾਰਟੀ ਅੰਦਰ ਚਰਚਾ ਚੱਲ ਰਹੀ ਹੈ।