ਪ੍ਰਚੰਡ ਗਰਮੀ ’ਚ ਹੋ ਰਹੀਆਂ ਲੋਕ ਸਭਾ ਚੋਣਾਂ ਕਾਰਨ ਅਫਸਰਾਂ ਤੇ ਆਗੂਆਂ ਦੇ ਛੁੱਟਣਗੇ ਪਸੀਨੇ

Tuesday, Mar 19, 2024 - 11:24 AM (IST)

ਪ੍ਰਚੰਡ ਗਰਮੀ ’ਚ ਹੋ ਰਹੀਆਂ ਲੋਕ ਸਭਾ ਚੋਣਾਂ ਕਾਰਨ ਅਫਸਰਾਂ ਤੇ ਆਗੂਆਂ ਦੇ ਛੁੱਟਣਗੇ ਪਸੀਨੇ

ਜਲੰਧਰ (ਅਨਿਲ ਪਾਹਵਾ) : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। 7 ਪੜਾਵਾਂ ਵਿਚ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਇਸ ਵਾਰ ਪੰਜਾਬ ਦੀ ਸਥਿਤੀ ਕੁਝ ਵੱਖਰੀ ਹੋ ਸਕਦੀ ਹੈ। ਕਾਰਨ ਇਹ ਹੈ ਕਿ 7ਵੇਂ ਪੜਾਅ ’ਚ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਗਰਮੀ ਕਾਫੀ ਵੱਧ ਚੁੱਕੀ ਹੋਵੇਗੀ। ਸਾਲ 2019 ’ਚ ਵੀ 7 ਪੜਾਵਾਂ ’ਚ ਚੋਣਾਂ ਹੋਈਆਂ ਸਨ ਅਤੇ 12 ਮਈ ਤਕ ਚੋਣਾਂ ਖਤਮ ਹੋ ਗਈਆਂ ਸਨ। ਇਸੇ ਤਰ੍ਹਾਂ 2014 ਵਿਚ ਵੀ 7 ਪੜਾਵਾਂ ’ਚ ਹੋਈਆਂ ਚੋਣਾਂ 30 ਅਪ੍ਰੈਲ ਨੂੰ ਖਤਮ ਹੋ ਗਈਆਂ ਸਨ। ਇਸ ਵਾਰ ਚੋਣਾਂ 1 ਜੂਨ ਤਕ ਚੱਲਣਗੀਆਂ ਅਤੇ ਪੰਜਾਬ ਇਸ ਅੰਤਿਮ ਦੌਰ ਦੇ ਪੜਾਅ ਵਿਚ ਸ਼ਾਮਲ ਹੈ। 7ਵੇਂ ਪੜਾਅ ਦੇ ਆਉਂਦੇ-ਆਉਂਦੇ ਪੰਜਾਬ ਵਿਚ ਗਰਮੀ ਪ੍ਰਚੰਡ ਰੂਪ ਧਾਰਨ ਕਰ ਲਵੇਗੀ, ਜਿਸ ਕਾਰਨ ਇੱਥੇ ਨੇਤਾਵਾਂ, ਪਾਰਟੀ ਵਰਕਰਾਂ ਅਤੇ ਆਮ ਜਨਤਾ ’ਤੇ ਵੀ ਕਈ ਤਰ੍ਹਾਂ ਦੇ ਪ੍ਰਭਾਵ ਵੇਖਣ ਨੂੰ ਮਿਲਣਗੇ। ਪਿਛਲੇ ਸਾਲ ਵੀ ਜੂਨ ਦੇ ਪਹਿਲੇ ਹਫਤੇ ’ਚ ਪੰਜਾਬ ਵਿਚ 37 ਤੋਂ 39 ਡਿਗਰੀ ਸੈਲਸੀਅਸ ਤਕ ਤਾਪਮਾਨ ਰਿਹਾ ਸੀ ਅਤੇ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਸਾਲ ਵੀ ਜੂਨ ਦੇ ਪਹਿਲੇ ਹਫਤੇ ’ਚ ਪ੍ਰਚੰਡ ਗਰਮੀ ਪਵੇਗੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਹੋ ਸਕਦਾ ਵੱਡਾ ਧਮਾਕਾ! ‘ਆਪ’ ਵਾਪਸ ਲਵੇਗੀ 8 ਉਮੀਦਵਾਰਾਂ ਦੇ ਨਾਂ

ਸਕੂਲਾਂ ’ਚ ਛੁੱਟੀਆਂ ਅਤੇ ਘੁੰਮਣ ਜਾਣ ਦੀ ਯੋਜਨਾ ਪਾਏਗੀ ਅਸਰ

ਆਮ ਤੌਰ ’ਤੇ ਪੰਜਾਬ ਵਿਚ ਜੂਨ ਦੇ ਮਹੀਨੇ ’ਚ ਭਿਆਨਕ ਗਰਮੀ ਪੈਂਦੀ ਹੈ ਅਤੇ ਤਾਪਮਾਨ 48 ਡਿਗਰੀ ਤਕ ਪਹੁੰਚ ਜਾਂਦਾ ਹੈ। 1 ਜੂਨ ਨੂੰ ਪੰਜਾਬ ਵਿਚ ਚੋਣਾਂ ਹਨ ਅਤੇ ਇੱਥੋਂ ਦੇ ਜ਼ਿਆਦਾਤਰ ਸਕੂਲਾਂ ਵਿਚ ਮਈ ਦੇ ਆਖਰੀ ਹਫਤੇ ’ਚ ਛੁੱਟੀਆਂ ਹੋ ਜਾਂਦੀਆਂ ਹਨ। ਇਸ ਲਈ ਇਕ ਇਹ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਚੋਣਾਂ ਆਉਣ ਤਕ ਕਈ ਲੋਕ ਬੱਚਿਆਂ ਨਾਲ ਛੁੱਟੀਆਂ ਮਨਾਉਣ ਲਈ ਜਾਂ ਤਾਂ ਦੂਜੇ ਸੂਬਿਆਂ ਵਿਚ ਜਾ ਚੁੱਕੇ ਹੋਣਗੇ ਜਾਂ ਫਿਰ ਵਿਦੇਸ਼ ਯਾਤਰਾ ਲਈ ਨਿਕਲ ਜਾਣਗੇ। ਅਕਸਰ ਲੋਕਾਂ ਨੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਲਈ ਪਹਿਲਾਂ ਹੀ ਪਲਾਨਿੰਗ ਕੀਤੀ ਹੁੰਦੀ ਹੈ। ਜਹਾਜ਼ ਦੀਆਂ ਟਿਕਟਾਂ ਵੀ ਅਕਸਰ ਲੋਕ ਕਈ ਮਹੀਨੇ ਪਹਿਲਾਂ ਬੁੱਕ ਕਰਵਾ ਲੈਂਦੇ ਹਨ। ਇਸ ਲਈ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੀਆਂ ਚੋਣਾਂ ਵਿਚ ਪੰਜਾਬ ਦੇ ਬਹੁਤ ਸਾਰੇ ਲੋਕ ਵੋਟ ਨਹੀਂ ਪਾ ਸਕਣਗੇ ਕਿਉਂਕਿ ਉਹ ਆਪੋ-ਆਪਣੇ ਪੋਲਿੰਗ ਖੇਤਰ ਵਿਚ ਨਹੀਂ ਹੋਣਗੇ। ਇਸ ਤੋਂ ਇਲਾਵਾ 1 ਜੂਨ ਨੂੰ ਉਂਝ ਵੀ ਸ਼ਨੀਵਾਰ ਹੈ ਅਤੇ ਜ਼ਿਆਦਾਤਰ ਲੋਕ ਵੀਕੈਂਡ ਦਾ ਫਾਇਦਾ ਉਠਾ ਕੇ ਘੁੰਮਣ ਨਿਕਲ ਜਾਣਗੇ।

ਇਹ ਵੀ ਪੜ੍ਹੋ : ਅਕਾਲੀ ਲੀਡਰ ਨੇ ‘ਆਪ’ ’ਚ ਜਾਣ ਦੀਆਂ ਚਰਚਾਵਾਂ ’ਤੇ ਲਗਾਈ ਰੋਕ

ਪ੍ਰਚੰਡ ਗਰਮੀ ’ਚ ਚੋਣਾਂ ਕਰਵਾਉਣੀਆਂ ਟੇਢੀ ਖੀਰ

ਪੰਜਾਬ ’ਚ ਜਦੋਂ ਤਾਪਮਾਨ ਵਧ ਜਾਵੇਗਾ ਤਾਂ ਉਸ ਵੇਲੇ ਸੂਬੇ ਵਿਚ ਚੋਣਾਂ ਕਰਵਾਉਣਾ ਸਰਕਾਰੀ ਮਸ਼ੀਨਰੀ ਤੋਂ ਲੈ ਕੇ ਚੋਣ ਕਮਿਸ਼ਨਰ ਤਕ ਲਈ ਟੇਢੀ ਖੀਰ ਸਾਬਤ ਹੋ ਸਕਦਾ ਹੈ। ਭਿਆਨਕ ਗਰਮੀ ’ਚ ਲੋਕਾਂ ਨੂੰ ਘਰਾਂ ’ਚੋਂ ਕੱਢ ਕੇ ਪੋਲਿੰਗ ਕੇਂਦਰ ਤਕ ਲਿਆਉਣਾ ਇੰਨਾ ਸੌਖਾ ਨਹੀਂ ਹੋਵੇਗਾ। ਚੋਣ ਕਮਿਸ਼ਨ ਤੇ ਸਿਆਸੀ ਪਾਰਟੀਆਂ ਨੂੰ ਇਸ ਲਈ ਕਾਫੀ ਮਸ਼ੱਕਤ ਕਰਨੀ ਪਵੇਗੀ। ਜਲੰਧਰ ਵਿਚ ਲੋਕ ਸਭਾ ਚੋਣਾਂ 10 ਮਈ, 2023 ਨੂੰ ਹੋਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਵੀ ਭਿਆਨਕ ਗਰਮੀ ਪੈ ਰਹੀ ਸੀ, ਜਿਸ ਕਾਰਨ ਵੋਟਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਸੀ। ਕਈ ਪੋਲਿੰਗ ਕੇਂਦਰਾਂ ਦੇ ਬਾਹਰ ਪ੍ਰਸ਼ਾਸਨ ਨੂੰ ਟੈਂਟ ਲਾਉਣੇ ਪਏ ਸਨ ਤਾਂ ਜੋ ਲੋਕਾਂ ਨੂੰ ਧੁੱਪ ਵਿਚ ਖੜ੍ਹੇ ਹੋ ਕੇ ਉਡੀਕ ਨਾ ਕਰਨੀ ਪਵੇ ਪਰ ਇਸ ਵਾਰ ਚੋਣਾਂ ਇਸ ਤੋਂ ਵੀ ਦੇਰੀ ਨਾਲ ਹਨ ਅਤੇ ਜੂਨ ਮਹੀਨੇ ਵਿਚ ਪੰਜਾਬ ’ਚ ਗਰਮੀ ਸਿਖਰ ’ਤੇ ਹੋਵੇਗੀ। ਇਸ ਦੌਰਾਨ ਪੂਰੀ ਵਿਵਸਥਾ ਨੂੰ ਵੇਖਣਾ ਚੋਣ ਕਮਿਸ਼ਨ ਲਈ ਇੰਨਾ ਸੌਖਾ ਨਹੀਂ ਹੋਵੇ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਨਵੇਂ ਸੈਸ਼ਨਾਂ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤੇ ਹੁਕਮ

ਸ਼ਰਬਤ ਦੇ ਡਰੰਮਾਂ ਦਾ ਪ੍ਰਬੰਧ ਕਰਨਾ ਪੈ ਸਕਦਾ ਹੈ ਉਮੀਦਵਾਰਾਂ ਨੂੰ

ਪ੍ਰਚੰਡ ਗਰਮੀ ’ਚ ਚੋਣ ਮੈਦਾਨ ਵਿਚ ਉਤਰਨਾ ਸਿਆਸੀ ਪਾਰਟੀਆਂ ਲਈ ਵੀ ਸੌਖਾ ਨਹੀਂ ਹੋਵੇਗਾ। ਖਾਸ ਤੌਰ ’ਤੇ ਉਮੀਦਵਾਰ ਇਸ ਗਰਮੀ ਦੇ ਕਹਿਰ ’ਚ ਜਨਤਾ ਨੂੰ ਆਪਣੇ ਪੱਖ ’ਚ ਵੋਟ ਪਾਉਣ ਲਈ ਮਨਾਉਣਗੇ ਜਾਂ ਸੂਰਜ ਦੇਵਤਾ ਦਾ ਸਾਹਮਣਾ ਕਰਨਗੇ। ਹੈਰਾਨੀ ਨਹੀਂ ਹੋਵੇਗੀ ਕਿ ਚੋਣਾਂ ਦੇ ਆਸ-ਪਾਸ ਰੈਲੀਆਂ ਤੇ ਹੋਰ ਪ੍ਰੋਗਰਾਮਾਂ ਦੌਰਾਨ ਕਿਸੇ ਉਮੀਦਵਾਰ ਜਾਂ ਸਮਰਥਕ ਦੇ ਗਰਮੀ ਤੋਂ ਹਾਲੋਂ-ਬੇਹਾਲ ਹੋਣ ਦੀਆਂ ਖਬਰਾਂ ਵੀ ਸੁਣਨ ਨੂੰ ਮਿਲ ਸਕਦੀਆਂ ਹਨ। ਉਂਝ ਇਸ ਗਰਮੀ ’ਚ 1980 ਦੀਆਂ ਚੋਣਾਂ ਦੀ ਯਾਦ ਤਾਜ਼ਾ ਹੋ ਜਾਵੇਗੀ ਜਦੋਂ ਭਿਆਨਕ ਗਰਮੀ ’ਚ ਉਸ ਵੇਲੇ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਘਰਾਂ ’ਚ ਸਮਰਥਕਾਂ ਲਈ ਸ਼ਰਬਤ ਦੇ ਟੱਬ ਤਿਆਰ ਕਰਵਾਉਣੇ ਪਏ ਸਨ। ਕੁਝ ਅਜਿਹੀ ਹੀ ਵਿਵਸਥਾ ਇਸ ਵਾਰ ਦੀਆਂ ਚੋਣਾਂ ਵਿਚ ਵੀ ਵੇਖਣ ਨੂੰ ਮਿਲ ਸਕਦੀ ਹੈ ਅਤੇ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਉਮੀਦਵਾਰਾਂ ਦੇ ਘਰਾਂ ਵਿਚ ਸ਼ਰਬਤ ਦੇ ਭਰੇ ਡਰੰਮ ਵੇਖੇ ਜਾਣ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚੰਨੀ ਦਾ ਬਿਆਨ, ਗਲ਼ਤ ਬੰਦੇ ਨੂੰ ਗ੍ਰਿਫ਼ਤਾਰ ਕਰੀ ਬੈਠੀ ਪੁਲਸ

ਬਿਜਲੀ ਦੇ ਕੱਟਾਂ ਤੋ ਮਿਲੇਗੀ ਰਾਹਤ

ਪੰਜਾਬ ’ਚ ਚੋਣਾਂ ਦੇ ਨਤੀਜੇ ਭਾਵੇਂ ਜੋ ਵੀ ਆਉਣ, ਕੇਂਦਰ ਵਿਚ ਸਰਕਾਰ ਭਾਵੇਂ ਜਿਸ ਦੀ ਵੀ ਬਣੇ ਪਰ ਦੇਸ਼ ਭਰ ਵਿਚ ਜ਼ਿਆਦਾਤਰ ਵੋਟਰਾਂ ਨੂੰ ਇਕ ਫਾਇਦਾ ਤਾਂ ਮਿਲੇਗਾ ਕਿ ਇਸ ਵਾਰ ਜਿੱਥੇ ਵੀ ਬਿਜਲੀ ਦੇ ਕੱਟ ਲੱਗਦੇ ਹਨ, ਉੱਥੇ ਰਾਹਤ ਰਹੇਗੀ। ਚੋਣਾਂ ਵਿਚ ਜਨਤਾ ਜਨਾਰਦਨ ਦੇ ਰੋਸ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਜ਼ਿਆਦਾਤਰ ਸੂਬੇ ਬਿਜਲੀ ਦੀ ਵਿਵਸਥਾ ਪੂਰੀ ਰੱਖਣਗੇ। ਜਿਸ ਤਰ੍ਹਾਂ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਮੰਗ ਵਧ ਜਾਂਦੀ ਹੈ, ਉਸ ਹਿਸਾਬ ਨਾਲ ਇਸ ਮੰਗ ਨੂੰ ਪੂਰਾ ਕਰਨ ਲਈ ਸੂਬਿਆਂ ਦੀਆਂ ਸਰਕਾਰਾਂ ਹੁਣੇ ਤੋਂ ਤਿਆਰੀ ਵਿਚ ਜੁਟ ਗਈਆਂ ਹਨ। ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਫਿਕਰ ਹੈ ਕਿ ਕਿਤੇ ਇਹ ਨਾ ਹੋਵੇ ਕਿ ਗਰਮੀ ’ਚ ਬਿਜਲੀ ਦੇ ਲੱਗਣ ਵਾਲੇ ਕੱਟ ਸੂਬੇ ਦੇ ਵੋਟਰਾਂ ਨੂੰ ਵਿਰੋਧੀ ਧਿਰ ਦੇ ਪੱਖ ਵਿਚ ਵੋਟ ਪਾਉਣ ਲਈ ਮਜਬੂਰ ਕਰ ਦੇਣ। ਹਾਲਾਂਕਿ ਇਹ ਗੱਲ ਉਨ੍ਹਾਂ ਸੂਬਿਆਂ ’ਚ ਲਾਗੂ ਨਹੀਂ ਹੁੰਦੀ ਜਿੱਥੇ ਭਿਆਨਕ ਗਰਮੀ ਨਹੀਂ ਪੈਂਦੀ ਅਤੇ ਨਾ ਹੀ ਬਿਜਲੀ ਦੇ ਕੱਟ ਲੱਗਦੇ ਹਨ।

ਪੰਜਾਬ ਦੇ ਨੇਤਾਵਾਂ ਦੀ ਕੀਤੀ ਜਾ ਸਕੇਗੀ ਦੂਜੇ ਸੂਬਿਆਂ ’ਚ ਖੂਬ ਵਰਤੋਂ

ਪੰਜਾਬ ’ਚ ਸਭ ਤੋਂ ਅੰਤਿਮ ਦੌਰ ਵਿਚ ਚੋਣਾਂ ਹੋਣੀਆਂ ਹਨ। ਉਸ ਵੇਲੇ ਤਕ ਜ਼ਿਆਦਾਤਰ ਸੂਬਿਆਂ ਵਿਚ ਚੋਣਾਂ ਸੰਪੰਨ ਹੋ ਚੁੱਕੀਆਂ ਹੋਣਗੀਆਂ। ਪੰਜਾਬ ਵਾਸੀਆਂ ਨੂੰ ਤਾਂ ਜਿਹੜੀ ਸਮੱਸਿਆ ਆਏਗੀ, ਉਹ ਆਏਗੀ ਹੀ ਪਰ ਨਾਲ ਹੀ ਸਿਆਸੀ ਪਾਰਟੀਆਂ ਦੇ ਸਮਰਥਕਾਂ ਤੇ ਨੇਤਾਵਾਂ ਨੂੰ ਵੱਡੀ ਸਮੱਸਿਆ ਨਾਲ ਦੋ-ਦੋ ਹੱਥ ਕਰਨੇ ਪੈ ਸਕਦੇ ਹਨ। ਖਾਸ ਤੌਰ ’ਤੇ ਭਾਰਤੀ ਜਨਤਾ ਪਾਰਟੀ ਵਰਗੀ ਸਿਆਸੀ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਦੀ ਪਹਿਲੇ 6 ਪੜਾਵਾਂ ਦੀਆਂ ਚੋਣਾਂ ਵਿਚ ਚੰਗੇ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਹ ਵੀ ਸੰਭਵ ਹੈ ਕਿ ਪੰਜਾਬ ਦੇ ਨੇਤਾਵਾਂ ਨੂੰ ਕਮਾਨ ਸੰਭਾਲਣ ਲਈ ਤਾਮਿਲਨਾਡੂ, ਕੇਰਲ ਜਾਂ ਹੋਰ ਸੂਬਿਆਂ ਵਿਚ ਤਾਇਨਾਤ ਕਰ ਦਿੱਤਾ ਜਾਵੇ ਅਤੇ 7ਵੇਂ ਦੌਰ ਦੀਆਂ ਚੋਣਾਂ ਤਕ ਉਨ੍ਹਾਂ ਨੂੰ ਵਾਪਸ ਪੰਜਾਬ ਆ ਕੇ ਕੰਪੇਨ ਕਰਨ ਲਈ ਡਿਊਟੀ ਦਿੱਤੀ ਜਾਵੇ। ਜੇ ਇਹ ਸਥਿਤੀ ਬਣਦੀ ਹੈ ਤਾਂ ਪੰਜਾਬ ਦੇ ਭਾਜਪਾ ਨੇਤਾਵਾਂ ਲਈ ਇਹ ਸਭ ਸੌਖਾ ਨਹੀਂ ਹੋਵੇਗਾ। ਪਹਿਲੇ 6 ਪੜਾਵਾਂ ਵਿਚ ਹੀ ਪਾਰਟੀ ਇੰਨੀ ਜਾਨ ਕੱਢ ਲਵੇਗੀ ਕਿ ਆਪਣੇ ਸੂਬਿਆਂ ਦੀਆਂ ਚੋਣਾਂ ਵਿਚ ਖੜ੍ਹੇ ਹੋਣਾ ਵੀ ਮੁਸ਼ਕਲ ਹੋ ਜਾਵੇਗਾ। ਜਿੱਥੋਂ ਤਕ ਕਾਂਗਰਸ ਦੀ ਗੱਲ ਹੈ ਤਾਂ ਉਹ ਉਂਝ ਵੀ ਰਾਇਲ ਪਾਰਟੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਜਿਸ ਸਮਰਪਣ ਭਾਵਨਾ ਨਾਲ ਭਾਜਪਾ ਦੇ ਵਰਕਰ ਕੰਮ ਕਰਦੇ ਹਨ, ਸ਼ਾਇਦ ਕਾਂਗਰਸ ਦੇ ਨੇਤਾ ਓਨੀ ਤਨਦੇਹੀ ਨਾਲ ਕੰਮ ਨਹੀਂ ਕਰਨਗੇ। ਉਂਝ ਵੀ ਜਿਸ ਤਰ੍ਹਾਂ ਦਾ ਕਾਂਗਰਸ ਦਾ ਕਲਚਰ ਹੈ, ਉਸ ਦੇ ਨੇਤਾਵਾਂ ਨੂੰ ਤਾਂ ਫਰਕ ਹੀ ਨਹੀਂ ਪੈਂਦਾ। ਆਮ ਆਦਮੀ ਪਰਟੀ ਦੇ ਵਰਕਰਾਂ ਨੂੰ ਲੈ ਕੇ ਸੰਭਾਵਨਾ ਹੈ ਕਿ ਉਹ ਪਹਿਲਾਂ ਵਾਂਗ ਤਨਦੇਹੀ ਤੇ ਮਿਹਨਤ ਨਾਲ ਕੰਮ ਕਰਨਗੇ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਡਾ. ਰਾਜ ਕੁਮਾਰ ਚੱਬੇਵਾਲ ਦਾ ਵੱਡਾ ਬਿਆਨ

ਦੂਜੇ ਸੂਬਿਆਂ ਤੋਂ ਆਏ ਪ੍ਰਵਾਸੀ ਲੋਕਾਂ ਦੇ ਵਾਪਸ ਜਾਣ ਦਾ ਪਵੇਗਾ ਪੋਲਿੰਗ ’ਤੇ ਅਸਰ

1 ਜੂਨ ਨੂੰ ਹੋ ਰਹੀਆਂ ਚੋਣਾਂ ਦੌਰਾਨ ਪੋਲਿੰਗ ’ਤੇ ਇਸ ਗੱਲ ਦਾ ਵੀ ਅਸਰ ਪੈ ਸਕਦਾ ਹੈ ਕਿ ਦੂਜੇ ਸੂਬਿਆਂ ਤੋਂ ਇੱਥੇ ਆ ਕੇ ਰਹਿ ਰਹੇ ਪ੍ਰਵਾਸੀ ਲੋਕ ਇੱਥੋਂ ਜਾ ਚੁੱਕੇ ਹੋਣਗੇ। ਅਸਲ ਵਿਚ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਵਿਚ ਕੰਮ-ਧੰਦਾ ਕਰ ਰਹੇ ਹਨ ਅਤੇ ਇੱਥੇ ਉਨ੍ਹਾਂ ਦੀਆਂ ਵੋਟਾਂ ਬਣੀਆਂ ਹਨ, ਉਨ੍ਹਾਂ ਵਿਚੋਂ ਕਈ ਲੋਕ ਅਪ੍ਰੈਲ ਵਿਚ ਆਪਣੇ ਸਬੰਧਤ ਸੂਬਿਆਂ ’ਚ ਵਾਪਸ ਚਲੇ ਜਾਂਦੇ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪੰਜਾਬ ਵਿਚ ਕਣਕ ਦੀ ਫਸਲ ਦੀ ਵਾਢੀ ਹੋ ਚੁੱਕੀ ਹੁੰਦੀ ਹੈ ਅਤੇ ਝੋਨੇ ਦੀ ਬਿਜਾਈ ਦਾ ਅਜੇ ਸਮਾਂ ਹੁੰਦਾ ਹੈ। ਇਸ ਕਾਰਨ ਬਹੁਤ ਸਾਰੇ ਪ੍ਰਵਾਸੀ ਲੋਕ ਹੋਣਗੇ, ਜਿਨ੍ਹਾਂ ਦੀਆਂ ਵੋਟਾਂ ਤਾਂ ਇੱਥੇ ਹਨ ਪਰ ਉਹ ਇਸ ਦੌਰ ਵਿਚ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਹਨ। ਇਸ ਕਾਰਨ ਉਹ ਪੰਜਾਬ ਵਿਚ ਵੋਟ ਨਹੀਂ ਪਾ ਸਕਣਗੇ ਅਤੇ ਇਸ ਕਾਰਨ ਪੋਲਿੰਗ ’ਤੇ ਮਾੜਾ ਅਸਰ ਪੈ ਸਕਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News