ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਜੋਤਿਸ਼ੀ ਵੀ ਵੰਡੇ

05/21/2019 1:50:43 PM

ਜਲੰਧਰ (ਧਵਨ) : ਲੋਕ ਸਭਾ ਦੀਆਂ ਆਮ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ। ਦੇਸ਼ ਦੇ ਜ਼ਿਆਦਾਤਰ ਇਲੈਕਟ੍ਰਾਨਿਕ ਚੈਨਲਾਂ 'ਤੇ ਕੇਂਦਰ 'ਚ ਦੁਬਾਰਾ ਮੋਦੀ ਸਰਕਾਰ ਬਣਨ ਦੇ ਸਬੰਧ 'ਚ ਐੈਗਜ਼ਿਟ ਪੋਲ ਦੇ ਨਤੀਜੇ ਨਿਕਲੇ ਹਨ। ਦੂਜੇ ਪਾਸੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਦੇਸ਼ ਦੇ ਪ੍ਰਮੁੱਖ ਜੋਤਿਸ਼ੀ ਵੰਡੇ ਦਿਖਾਈ ਦੇ ਰਹੇ ਹਨ। ਕੁਝ ਜੋਤਿਸ਼ੀ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤਾਂ ਕੁਝ ਕੇਂਦਰ 'ਚ ਕਾਂਗਰਸ ਜਾਂ ਉਨ੍ਹਾਂ ਦੇ ਸਮਰਥਨ 'ਚ ਨਵੀਂ ਸਰਕਾਰ ਬਣਨ ਦੀ ਭਵਿੱਖਬਾਣੀ ਕਰ ਰਹੇ ਹਨ। ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਡੋਨਾਲਡ ਟਰੰਪ ਦੇ ਚੁਣੇ ਜਾਣ ਦੀ ਭਵਿੱਖਵਾਣੀ ਕਰਨ ਵਾਲੇ ਮੁੱਖ ਜੋਤਿਸ਼ੀ ਸੰਜੇ ਚੌਧਰੀ ਨੇ ਇਸ ਵਾਰ ਤਿਸ਼ੰਕੂ ਸੰਸਦ ਸਾਹਮਣੇ ਆਉਣ ਦੀ ਭਵਿੱਖਬਾਣੀ ਕੀਤੀ ਹੈ ਜਦੋਂਕਿ ਦੂਜੇ ਪਾਸੇ ਪੱਪੀ ਪੰਚਾਂਗ ਦੇ ਪੰ. ਸੁਨੀਲ ਦੱਤ ਜੇਤਲੀ ਨੇ ਦਾਅਵਾ ਕੀਤਾ ਹੈ ਕਿ 543 ਸੀਟਾਂ 'ਚੋਂ ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਨੂੰ 336 ਸੀਟਾਂ ਮਿਲਣ ਦੇ ਯੋਗ ਹਨ ਅਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰ ਕਰ ਸਾਹਮਣੇ ਆਏਗੀ।

ਜੋਤਿਸ਼ੀ ਸੰਜੇ ਚੌਧਰੀ ਨੇ ਕਿਹਾ ਕਿ 11 ਅਪ੍ਰੈਲ ਤੋਂ 19 ਮਈ ਤਕ ਸੱਤਵੇਂ ਪੜਾਅ 'ਚ 17ਵੀਂ ਲੋਕ ਸਭਾ ਦੀਆਂ ਚੋਣਾਂ ਸੰਪੰਨ ਹੋਈਆਂ। 23 ਮਈ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਵਾਲੇ ਦਿਨ ਮਿਥੁਨ ਲਗਨ 'ਚ ਮੰਗਲ ਤੇ ਰਾਹੂ ਦੀ ਸਥਿਤੀ ਬਿਰਾਜਮਾਨ ਹੋਵੇਗੀ ਜਿਸ ਨੂੰ ਵਕਰੀ ਸ਼ਨੀ ਦੇਖ ਰਿਹਾ ਹੋਵੇਗਾ। ਇਹ ਲਗਨ ਸਰਕਾਰ ਦਾ ਪ੍ਰਤੀਨਿਧੀਤਵ ਕਰਦਾ ਹੈ ਜਿਸ ਦਾ ਸਵਾਮੀ 12ਵੇਂ ਘਰ 'ਚ ਨੁਕਸਾਨ ਵਾਲੇ ਘਰ ਵਿਚ ਬੈਠਾ ਹੋਇਆ ਹੈ। ਇਸ ਨਾਲ ਕੇਂਦਰ ਦੀ ਸੱਤਾਧਾਰੀ ਰਾਜਗ ਨੂੰ ਨੁਕਸਾਨ ਹੋਣ ਦੇ ਸੰਕੇਤ ਮਿਲ ਰਹੇ ਹਨ। ਸ਼ਨੀ ਜੋ ਕਿ ਲੋਕਤੰਤਰ 'ਚ ਜਨਤਾ ਦਾ ਪ੍ਰਤੀਨਿਧੀ ਗ੍ਰਹਿ ਹੈ, ਉਹ ਧਨ ਰਾਸ਼ੀ 'ਚ ਕੇਤੂ ਦੇ ਨਾਲ ਨੇੜੇ ਦੀ ਯੁਤੀ ਬਣਾ ਕੇ ਬੈਠਾ ਹੋਇਆ ਹੈ, ਜੋ ਕਿ ਸਿਆਸੀ ਉਤਾਰ-ਚੜ੍ਹਾਅ, ਸ਼ੇਅਰ ਬਾਜ਼ਾਰ 'ਚ ਸੰਕਟ ਤੇ ਕੇਂਦਰ 'ਚ ਕਮਜ਼ੋਰ ਸਰਕਾਰ ਬਣਨ ਵੱਲ ਸੰਕੇਤ ਕਰ ਰਿਹਾ ਹੈ।

ਭਾਰਤੀ ਗਣਰਾਜ ਦੀ ਕੁੰਡਲੀ 'ਚ 20 ਮਈ 2019 ਤੋਂ 20 ਜੂਨ 2019 ਤਕ ਚੰਦਰਮਾ ਮਹਾਦਸ਼ਾ 'ਚ ਬ੍ਰਹਿਸਪਤੀ ਦੀ ਅੰਤਰਦਸ਼ਾ 'ਚ ਸ਼ੁੱਕਰ ਅਤੇ ਸਨੀ ਦਾ ਸਮਾਂ ਚੱਲ ਰਿਹਾ ਹੋਵੇਗਾ, ਜੋ ਕਿ ਹੈਰਾਨ ਕਰਨ ਵਾਲੇ ਚੋਣਾਂ ਦੇ ਨਤੀਜੇ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਟਰੰਪ ਦੀ ਜਿੱਤ ਨੂੰ ਲੈ ਕੇ ਜਿਸ ਆਧਾਰ 'ਤੇ ਗਣਨਾ ਕੀਤੀ ਸੀ, ਉਸ ਹਿਸਾਬ ਨਾਲ ਜੇਕਰ ਮੌਜੂਦਾ ਲੋਕ ਸਭਾ ਦੀਆਂ ਚੋਣਾਂ ਦੀ ਗਣਨਾ ਕੀਤੀ ਜਾਏ ਤਾਂ ਉਸ ਹਿਸਾਬ ਨਾਲ ਰਾਜਗ ਨੂੰ 185 ਸੀਟਾਂ, ਯੂ. ਪੀ. ਏ. ਨੂੰ 209 ਸੀਟਾਂ ਤੇ ਤੀਜੇ ਫਰੰਟ ਨੂੰ 146 ਸੀਟਾਂ ਮਿਲ ਸਕਦੀਆਂ ਹਨ। ਉਨ੍ਹਾਂ ਨੇ ਭਾਜਪਾ ਨੂੰ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰਦੇ ਹੋਏ ਕਰਾਰ ਦਿੰਦੇ ਹੋਏ ਉਸ ਨੂੰ 166 ਸੀਟਾਂ, ਜਦੋਂਕਿ ਕਾਂਗਰਸ ਨੂੰ 136 ਸੀਟਾਂ ਦਿੱਤੀਆਂ ਹਨ ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੇ 80 ਸੀਟਾਂ 'ਚੋਂ ਭਾਜਪਾ ਨੂੰ 27, ਕਾਂਗਰਸ ਨੂੰ 5, ਜਦੋਂਕਿ ਤੀਜੇ ਫਰੰਟ ਨੂੰ 48 ਸੀਟਾਂ ਦਿੱਤੀਆਂ ਹਨ।

ਦੂਜੇ ਪਾਸੇ ਪੱਪੀ ਪੰਚਾਂਗ ਦੇ ਜੋਤਿਸ਼ੀ ਪੰ. ਸੁਨੀਲ ਦੱਤ ਜੇਤਲੀ ਨੇ ਕਿਹਾ ਹੈ ਕਿ ਭਾਜਪਾ ਦੀ ਸਥਾਪਨਾ ਕੁੰਡਲੀ ਅਨੁਸਾਰ ਮਿਥੁਨ ਲਗਨ ਬਣ ਰਿਹਾ ਹੈ। ਲਗਨੇਸ਼ ਬੁੱਧ 9ਵੇਂ ਘਰ 'ਚ ਬੈਠਾ ਹੈ ਜਦੋਂਕਿ ਰਾਜ ਦਰਬਾਰ ਦੇ ਭਾਗ ਦਾ ਮਾਲਕ ਬ੍ਰਹਿਸਪਤੀ ਸਿੰਘ ਰਾਸ਼ੀ 'ਚ ਹੋ ਕੇ ਅਤੇ ਰਾਸ਼ੀ ਤਬਦੀਲ ਕਰਕੇ ਤੀਜੇ ਭਾਵ 'ਚ ਕਰੂਰ ਗ੍ਰਹਿ ਸ਼ਨੀ, ਮੰਗਲ ਅਤੇ ਰਾਹੂ ਨਾਲ ਸਥਿਤ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ' ਚ ਭਾਜਪਾ ਪੂਰਨ ਬਹੁਮਤ ਹਾਸਲ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ 543 ਸੀਟਾਂ ਵਿਚੋਂ ਭਾਜਪਾ ਤੇ ਸਹਿਯੋਗੀ ਪਾਰਟੀਆਂ ਨੂੰ 336 ਸੀਟਾਂ ਮਿਲਣ ਦਾ ਯੋਗ ਹੈ। ਭਾਜਪਾ ਦੀ ਕੁੰਡਲੀ 'ਚ ਮੰਗਲ ਗ੍ਰਹਿ ਦੀ ਟੇਢੀ ਨਜ਼ਰ ਚੰਦਰਮਾ 'ਤੇ ਹੋਣ ਨਾਲ ਇਸ ਵਾਰ ਪ੍ਰਧਾਨ ਮੰਤਰੀ ਦੀ ਚੋਣ 'ਚ ਕਾਫੀ ਵਾਦ-ਵਿਵਾਦ ਵੀ ਹੋਵੇਗਾ।

ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਨਰਿੰਦਰ ਮੋਦੀ ਦੀ ਕੁੰਡਲੀ 'ਚ ਚੰਦਰਮਾ ਨੀਚ ਰਾਸ਼ੀ ਦਾ ਅਤੇ ਭਾਜਪਾ ਦੀ ਸਥਾਪਨਾ ਕੁੰਡਲੀ 'ਚ ਨੀਚ ਰਾਸ਼ੀ ਦਾ ਹੋਣ ਕਾਰਨ ਆਪਣੀ ਪਾਰਟੀ ਦੇ ਕੁਝ ਮੈਂਬਰ ਇਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ 'ਚ ਰੁਕਾਵਟ ਬਣਨਗੇ ਪਰ ਸੰਸਦੀ ਦਲ ਦੀ ਬੈਠਕ ਦੌਰਾਨ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਚੁਣ ਲਿਆ ਜਾਏਗਾ। ਭਾਜਪਾ ਦੇ ਕੁਝ ਚੋਟੀ ਦੇ ਆਗੂਆਂ ਨੂੰ ਇਨ੍ਹਾਂ ਚੋਣਾਂ 'ਚ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 543 ਸੀਟਾਂ 'ਚੋਂ 122 ਸੀਟਾਂ ਮਿਲਣ ਦੇ ਯੋਗ ਹਨ। ਲੋਕ ਸਭਾ ਚੋਣਾਂ 'ਚ ਸਖਤ ਮਿਹਨਤ ਦੇ ਬਾਵਜੂਦ ਸਰਕਾਰ ਬਣਾਉਣ 'ਚ ਉਹ ਕਾਮਯਾਬ ਨਹੀਂ ਹੋਵੇਗੀ। ਮਹਾਗਠਜੋੜ 'ਚ ਕੁਝ ਪਾਰਟੀਆਂ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਵਿਰੋਧ ਕਰਨਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕੇਂਦਰ 'ਚ ਸਰਕਾਰ ਬਣਾਉਣ ਲਈ ਅਜੇ ਢੁੱਕਵੇਂ ਸਮੇਂ ਦੀ ਉਡੀਕ ਕਰਨੀ ਹੋਵੇਗੀ।
 


Anuradha

Content Editor

Related News