ਮੰਤਰੀ ਧਰਮਸੌਤ ਦੀ ਬਰਖ਼ਾਸਤਗੀ ਤੇ ਮਾਮਲੇ ਦੀ CBI ਜਾਂਚ ਕਰਵਾ ਕੇ ਹੀ ਮੰਨਾਂਗੇ : ਬੈਂਸ

Wednesday, Sep 09, 2020 - 12:51 PM (IST)

ਮੰਤਰੀ ਧਰਮਸੌਤ ਦੀ ਬਰਖ਼ਾਸਤਗੀ ਤੇ ਮਾਮਲੇ ਦੀ CBI ਜਾਂਚ ਕਰਵਾ ਕੇ ਹੀ ਮੰਨਾਂਗੇ : ਬੈਂਸ

ਜਲੰਧਰ (ਜ. ਬ.)— ਲੋਕ ਇਨਸਾਫ਼ ਪਾਰਟੀ (ਲਿਪ) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬੀਤੇ ਦਿਨੀਂ ਪਟਿਆਲਾ 'ਚ ਮੁੱਖ ਮੰਤਰੀ ਦੇ ਨਿਵਾਸ ਅਸਥਾਨ ਮੋਤੀ ਮਹਿਲ ਦਾ ਘਿਰਾਓ ਕਰਨ ਗਏ ਸੈਂਕੜੇ ਪਾਰਟੀ ਵਰਕਰਾਂ ਅਤੇ ਆਗੂਆਂ 'ਤੇ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ, ਜਿਸ 'ਚ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਕਾਫ਼ੀ ਸੱਟਾਂ ਲੱਗੀਆਂ।

ਬੈਂਸ ਭਰਾਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਹੋਏ ਘਪਲੇ ਦੀ ਸੀ. ਬੀ. ਆਈ. ਜਾਂਚ ਕਰਵਾਉਂਦੇ ਅਤੇ ਜਾਂਚ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਵੇ, ਇਸ ਲਈ ਸਬੰਧਤ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਅਹੁਦੇ ਤੋਂ ਹਟਾ ਕੇ ਸਾਬਿਤ ਕਰਦੇ ਕਿ ਉਹ ਨਿਰਪੱਖਤਾ ਨਾਲ ਜਾਂਚ ਕਰਵਾ ਰਹੇ ਹਨ ਪਰ ਉਨ੍ਹਾਂ ਅਜਿਹਾ ਕਰਨ ਦੀ ਬਜਾਏ ਉਲਟਾ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰਨ ਵਾਲਿਆਂ 'ਤੇ ਹੀ ਅੰਨ੍ਹੇਵਾਹ ਲਾਠੀਚਾਰਜ ਕਰਵਾ ਦਿੱਤਾ। ਲੱਗਦਾ ਹੈ ਕਿ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਦਲਿਤਾਂ ਦੇ ਪੈਸਿਆਂ ਦੀ ਲੁੱਟ ਦਾ ਸੱਚ ਸਾਹਮਣੇ ਆਵੇ।

ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਕਈ ਵਾਰ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਵਿਧਾਨ ਸਭਾ 'ਚ ਪਾਰਟੀ ਆਗੂਆਂ ਵੱਲੋਂ ਮੁੱਖ ਮੰਤਰੀ ਦੀ ਸੀਟ ਅੱਗੇ ਪ੍ਰਦਰਸ਼ਨ ਕੀਤਾ ਗਿਆ ਪਰ ਉਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਚੰਡੀਗੜ੍ਹ 'ਚ ਜਦੋਂ ਅਕਾਲੀ ਦਲ ਬਾਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਰਾਬ ਮਾਫੀਆ ਦੇ ਮਾਮਲੇ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ, ਉਦੋਂ ਉਨ੍ਹਾਂ ਨੂੰ ਚਾਹ-ਪਾਣੀ ਪਿਆ ਕੇ ਉਥੋਂ ਰੁਖ਼ਸਤ ਕੀਤਾ ਗਿਆ ਪਰ ਜਦੋਂ ਦਲਿਤਾਂ ਦੇ ਹੱਕਾਂ ਦੀ ਰਾਖੀ ਲਈ ਲੋਕ ਇਨਸਾਫ਼ ਪਾਰਟੀ ਨੇ ਧਰਨਾ ਦਿੱਤਾ ਤਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਤੋਂ ਸਾਫ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੋਸਤਾਨਾ ਮੈਚ ਖੇਡ ਰਹੇ ਹਨ।
ਬੈਂਸ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਜਦੋਂ ਵੀ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਈ ਹੈ ਤਾਂ ਪੰਜਾਬ ਸਰਕਾਰ ਨੇ ਉਨ੍ਹਾਂ 'ਤੇ ਪਰਚਾ ਹੀ ਦਰਜ ਕਰਵਾਇਆ ਹੈ। ਦਲਿਤ ਵਿਦਿਆਰਥੀਆਂ ਦੇ ਹੱਕਾਂ ਦੀ ਆਵਾਜ਼ ਉਠਾਉਣ 'ਤੇ ਭਾਵੇਂ ਉਨ੍ਹਾਂ 'ਤੇ 10 ਪਰਚੇ ਦਰਜ ਕਰ ਦਿੱਤੇ ਜਾਣ ਪਰ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਕੈਬਨਿਟ ਮੰਤਰੀ ਧਰਮਸੌਤ ਦੀ ਬਰਖਾਸਤਗੀ ਅਤੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾ ਕੇ ਹੀ ਮੰਨਣਗੇ।

ਉਨ੍ਹਾਂ ਕਿਹਾ ਕਿ 16 ਸਤੰਬਰ ਤੋਂ 10 ਦਿਨਾਂ ਲਈ ਲੋਕ ਇਨਸਾਫ਼ ਪਾਰਟੀ ਵੱਲੋਂ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ' ਤਿੰਨ ਟਾਇਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ' ਨਾਂ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ ਦੋਆਬਾ ਦੀਆਂ ਦਲਿਤ ਬਸਤੀਆਂ 'ਚ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਦਲਿਤ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬੈਂਸ ਨੇ ਆਪਣੇ ਸਾਰੇ ਜ਼ਖ਼ਮੀ ਪਾਰਟੀ ਵਰਕਰਾਂ ਨੂੰ ਸਨਮਾਨ ਸਰਟੀਫਿਕੇਟ ਵੰਡੇ ਅਤੇ ਮੀਡੀਆ ਦੇ ਰੂ-ਬ-ਰੂ ਕਰਕੇ ਲਾਠੀਚਾਰਜ ਨਾਲ ਉਨ੍ਹਾਂ ਦੇ ਸਰੀਰਾਂ 'ਤੇ ਹੋਏ ਜ਼ਖ਼ਮ ਦਿਖਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੱਗਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਕਾਰਨ 3 ਮੌਤਾਂ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ


author

shivani attri

Content Editor

Related News