ਤਾਲਾਬੰਦੀ ਕਾਰਨ ਸੜਕਾਂ ’ਤੇ ਪਸਰਿਆ ਸੰਨਾਟਾ, ਘਰਾਂ ਤੋਂ ਨਹੀਂ ਨਿਕਲੇ ਲੁਧਿਆਣਵੀ
Monday, Jun 15, 2020 - 11:52 AM (IST)
ਲੁਧਿਆਣਾ (ਰਿਸ਼ੀ) : ਐਤਵਾਰ ਨੂੰ ਤਾਲਾਬੰਦੀ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਰਿਹਾ, ਉੱਥੇ ਸਵੇਰ ਤੋਂ ਹੀ ਸ਼ਹਿਰ ਦੇ ਪ੍ਰਮੁੱਖ ਚੌਕਾਂ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ। ਲੁਧਿਆਣਵੀਆਂ ਨੇ ਵੀ ਘਰਾਂ ਤੋਂ ਬਾਹਰ ਨਾ ਆ ਕੇ ਕੋਰੋਨਾ ਖਿਲਾਫ ਜੰਗ ’ਚ ਸਾਥ ਦਿੱਤਾ। ‘ਜਗ ਬਾਣੀ’ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਸ਼ਹਿਰ ਤੇ ਸਾਰੇ ਪ੍ਰਮੁੱਖ ਚੌਕਾਂ ’ਤੇ ਨਾਕੇ ਲੱਗੇ ਹੋਏ ਸਨ। ਜਿੱਥੇ ਫੋਰਸ ਵੱਲੋਂ ਹਰ ਆਉਣ-ਜਾਣ ਵਾਲੇ ਨੂੰ ਰੋਕ ਕੇ ਪੁਛ-ਗਿੱਛ ਕੀਤੀ ਜਾ ਰਹੀ ਸੀ।
ਬਿਨਾਂ ਮਾਸਕ ਪਾਏ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਸਨ। ਕਪਤਾਨ ਵੱਲੋਂ ਸਵੇਰੇ 5 ਤੋਂ 11 ਵਜੇ ਤੱਕ ਅਤੇ ਦੁਪਹਿਰ 3 ਤੋਂ ਰਾਤ 11 ਵਜੇ ਤੱਕ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ। ਦੇਰ ਰਾਤ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੁਲਸ ਦੇ ਫੇਸਬੁਕ ਜ਼ਰੀਏ ਲੁਧਿਆਣਵੀਆਂ ਦਾ ਕਰਫਿਊ ’ਚ ਪੂਰਾ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਪੁਲਸ ਵੱਲੋਂ ਸ਼ਹਿਰ ਕਈ ਇਲਾਕਿਆਂ ’ਚ ਬਿਨਾਂ ਕਾਰਣ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪੀ. ਸੀ. ਆਰ. ਦਸਤਿਆਂ ਵੱਲੋਂ ਲਾਊਡ ਸਪੀਕਰ ਰਾਹੀਂ ਜਾਣਕਾਰੀ ਦਿੱਤੀ ਗਈ।
ਕਮਿਸ਼ਨਰੇਟ ਪੁਲਸ ਵੱਲੋਂ ਮਹਾਨਗਰ ਨੂੰ 4 ਜ਼ੋਨਾ ’ਚ ਵੰਡਿਆ ਗਿਆ ਹੈ, ਹਰੇਕ ਜ਼ੋਨ ਦੇ ਏ. ਡੀ. ਸੀ. ਪੀ. ਸਾਰਾ ਦਿਨ ਨਾਕੇ ’ਤੇ ਚੈਕਿੰਗ ਕਰਦੇ ਦਿਸੇ, ਜ਼ੋਨ-1 ’ਚ 16 ਪੁਆਇੰਟਾਂ ’ਤੇ, ਜ਼ੋਨ-2 ’ਚ 9 ਪੁਆਇੰਟਾਂ ’ਤੇ, ਜ਼ੋਨ-3 ’ਚ 10 ਅਤੇ ਜ਼ੋਨ-4 ’ਚ 6 ਪੁਆਇੰਟਾਂ ’ਤੇ ਸਪੈਸ਼ਲ ਨਾਕੇ ਲਾਏ ਗਏ, ਜਦਕਿ ਥਾਣਾ ਪੁਲਸ ਵੱਲੋਂ ਆਪਣੇ ਪੱਧਰ ’ਤੇ ਕਈ ਨਾਕੇ ਲਾਏ ਗਏ।