ਕਿਤੇ ਲਾਕਡਾਊਨ ਹੀ ਨਾ ਬਣ ਜਾਵੇ ਕੋਰੋਨਾ ਤੋਂ ਵੱਡੀ ਮਹਾਮਾਰੀ
Tuesday, Apr 14, 2020 - 09:16 PM (IST)
ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਮਹਾਮਾਰੀ ਦੇ ਡਰ ਕਾਰਨ ਮੌਜੂਦਾ ਸਮੇਂ ਦੌਰਾਨ ਦੁਨੀਆ ਦੇ 70 ਤੋਂ ਵਧੇਰੇ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਭਾਰਤ ਵੀ ਇਸ ਭਿਆਨਕ ਸਥਿਤੀ ਤੋਂ ਬਚ ਨਹੀਂ ਸਕਿਆ ਅਤੇ ਸਰਕਾਰ ਵੱਲੋਂ 23 ਦਿਨਾਂ ਲਈ ਲਾਕਡਾਊਨ ਕਰਨ ਦੇ ਅਦੇਸ਼ ਜਾਰੀ ਕਰ ਦਿੱਤੇ ਗਏ। ਬੇਸ਼ੱਕ ਲਾਕਡਾਊਨ ਦੌਰਾਨ ਅਤੇ ਇਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਸਾਡੇ ਕੋਲ ਕੋਈ ਪ੍ਰੰਬਧ ਨਹੀਂ ਹਨ, ਬਾਵਜੂਦ ਇਸ ਦੇ ਸਰਕਾਰ ਨੂੰ ਇਹ ਫੈਸਲੇ ਮਜਬੂਰਨ ਹੀ ਲੈਣੇ ਪਏ। ਇਸ ਦਾ ਮੁੱਖ ਕਾਰਨ ਸ਼ਾਇਦ ਇਹੀ ਸੀ ਕਿ ਕੋਰੋਨਾ ਵਾਇਰਸ ਦੇ ਖੌਫ ਨੇ ਸਮੁੱਚੀ ਦੁਨੀਆ ਨੂੰ ਇਕ ਝਟਕੇ ਨਾਲ ਹੀ ਲਪੇਟੇ ਵਿਚ ਲੈ ਲਿਆ ਸੀ।
ਇਸ ਮਹਾਮਾਰੀ ਅਤੇ ਇਸ ਡਰ ਤੋਂ ਕੀਤੇ ਲਾਕਡਾਊਨ ਕਾਰਨ ਸਮੁੱਚੀ ਦੁਨੀਆ ਦਾ ਕਿੰਨਾ ਨੁਕਸਾਨ ਹੋਵੇਗਾ ਇਸ ਬਾਰੇ ਲਗਾਏ ਜਾ ਰਹੇ ਅਣਦਾਜ਼ੇ ਕਾਫੀ ਖੌਫਨਾਕ ਹਨ। ਨੈਸ਼ਨਲ ਸੈਂਪਲ ਸਰਵੇ ਆਫ ਇੰਡੀਆ ਮੁਤਾਬਕ ਮੌਜੂਦਾ ਸਮੇਂ ਦੌਰਾਨ ਖੇਤੀ ਖੇਤਰ ਤੋਂ ਬਾਹਰੀ 136 ਮਿਲੀਅਨ ਦੇ ਕਰੀਬ ਨੌਕਰੀਆਂ ਜਾਣ ਦਾ ਖਦਸ਼ਾ ਹੈ। ਇਸ ਕੈਟਾਗਿਰੀ ਵਿਚ ਵਧੇਰੇ ਉਹ ਲੋਕ ਆਉਂਦੇ ਹਨ, ਜਿਨ੍ਹਾਂ ਕੋਲ ਲਿਖਤੀ ਇਕਰਾਰਨਾਮਾ ਨਹੀਂ ਹੁੰਦਾ। ਇਸ ਵਿਚ ਆਮ ਕਾਮੇ ਮਜ਼ਦੂਰ ਸ਼ਾਮਲ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕਾਮੇ ਗੈਰ-ਰਜਿਸਟਰਡ ਜਾਂ ਛੋਟੇ ਕਾਰੋਬਾਰੀਆਂ ਕੋਲ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਤਰ ਲੋਕਾਂ ਦਾ ਜੀਵਨ ਪੱਧਰ ਕਾਫੀ ਨੀਵਾਂ ਹੈ। ਭਾਰਤ ਦੇ ਸ਼ਹਿਰਾਂ ਵਿਚ 9 ਮਿਲੀਅਨ ਦੇ ਕਰੀਬ ਅਬਾਦੀ ਝੁੱਗੀ ਝੌਪੜੀਆਂ ਵਿਚ ਰਹਿੰਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਦੀ ਰੋਜ਼ਾਨਾਂ ਦੀ ਕਮਾਈ 150 ਰੁਪਏ ਦੇ ਆਸ-ਪਾਸ ਹੈ। ਇਹ ਅਜਿਹਾ ਤਬਕਾ ਹੈ, ਜਿਸ ਕੋਲ ਦੋ-ਚਾਰ ਦਿਨ ਜਾਂ ਹਫਤੇ ਤੋਂ ਵੱਧ ਜਮ੍ਹਾ ਪੁੰਜੀ ਨਹੀਂ ਹੁੰਦੀ।
ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲੇ ਦੇਸ਼ ਭਾਰਤ ਵਿਚ ਸਥਿਤ ਇਹ ਹੈ ਕਿ ਦੇਸ਼ ਦੀ ਕੁੱਲ ਜੀ.ਡੀ.ਪੀ. ਦਾ ਅੱਧੇ ਤੋਂ ਵਧੇਰੇ ਹਿੱਸਾ ਇਸੇ ਖੇਤਰ ਦਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਭਾਵੇਂ ਕਿ ਇਸ ਤਬਕੇ ਲਈ ਰੋਟੀ-ਟੁੱਕ ਅਤੇ ਹੋਰ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਇਹ ਮਦਦ 1 ਅਰਬ 37 ਕਰੋੜ ਤੋਂ ਵਧੇਰੇ ਲੋਕਾਂ ਲਈ ਆਟੇ ਵਿਚ ਲੂਣ ਦੇ ਬਰਾਬਰ ਵੀ ਨਹੀਂ ਹੈ। ਇਸ ਮਮੂਲੀ ਮਦਦ ਦੇ ਸਹਾਰੇ ਇਹ ਲੋਕ ਕਿੰਨਾ ਚਿਰ ਘਰਾਂ ਅੰਦਰ ਕੈਦ ਰਹਿ ਸਕਣਗੇ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਦਿੱਲੀ ਵਿਚ ਇਸ ਦੀਆਂ ਅਨੇਕਾਂ ਮਿਸਾਲਾਂ ਸਾਡੇ ਸਾਹਮਣੇ ਹਨ। ਅਜਿਹੇ ਵਿਚ ਜੇਕਰ ਭੁੱਖਮਰੀ ਦੇ ਹਾਲਾਤ ਪੈਦਾ ਹੁੰਦੇ ਹਨ ਅਤੇ ਇਹ ਲੋਕ ਬੇਕਾਬੂ ਹੋ ਜਾਂਦੇ ਹਨ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਵੇਗੀ।
120 ਅਰਬ ਡਾਲਰ ਦਾ ਹੋਵੇਗਾ ਨੁਕਸਾਨ
ਬਾਰਕਲੇਅ ਬੈਂਕ ਦੀ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਅਤੇ ਉਸ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨਾਲ ਦੇਸ਼ ਨੂੰ 120 ਅਰਬ ਡਾਲਰ ਯਾਨੀ 9.15 ਲੱਖ ਕਰੋੜ ਦਾ ਨੁਕਸਾਨ ਹੋ ਸਕਦਾ ਹੈ। ਇਹ ਰਕਮ ਦੇਸ਼ ਦੀ ਕੁੱਲ ਜੀ.ਡੀ.ਪੀ. ਦੇ 4 ਫੀਸਦੀ ਦੇ ਕਰੀਬ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 90 ਅਰਬ ਡਾਲਰ ਦਾ ਨੁਕਸਾਨ ਸਿਰਫ ਲਾਕਡਾਊਨ ਕਾਰਨ ਹੀ ਹੋਵੇਗਾ। ਰਿਪੋਰਟ ਵਿਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਹੈ ਕਿ ਦੇਸ਼ ਦੀ ਇਕਾਨਮੀ ਦੀ ਰਫਤਾਰ ਘੱਟ ਕੇ 2.5 ਫੀਸਦ ’ਤੇ ਆ ਸਕਦੀ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਨੁਕਸਾਨ ਪ੍ਰਤੀ ਵਿਅਕਤੀ 6 ਲੱਖ 58 ਹਜ਼ਾਰ ਰੁਪਏ ਹੈ। ਭਾਰਤ ਸਰਕਾਰ ਦੇ ਅੰਕੜਾ ਵਿਭਾਗ ਦੀ ਰਿਪੋਰਟ ਮੁਤਾਬਕ 2019-20 ਵਿਚ ਭਾਰਤ ਦੇ ਪ੍ਰਤੀ ਵਿਅਕਤੀ ਦੀ ਸਾਲਾਨਾ ਆਮਦਨ 1,35,050 ਰੁਪਏ ਹੈ। ਇਹ ਨੁਕਸਾਨ ਹਰ ਵਿਅਕਤੀ ਦੀ ਸਾਲਾਨਾ ਆਮਦਨ ਦਾ 6 ਗੁਣਾ ਹੋਵੇਗਾ। ਇਸੇ ਅਣਦਾਜ਼ੇ ਮੁਤਾਬਕ ਸਮੁੱਚੀ ਦੁਨੀਆ ਵਿਚ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ। ਇਸ ਤਰ੍ਹਾਂ ਇਹ ਵੀ ਡਰ ਬਣਿਆ ਹੋਇਆ ਹੈ ਕਿ ਕੋਰੋਨਾ ਤੋਂ ਪੈਦਾ ਹੋਏ ਹਾਲਾਤ ਅਤੇ ਕੀਤੇ ਗਏ ਇਹ ਲਾਕਡਾਊਨ ਕਿਤੇ ਕੋਰੋਨਾ ਤੋਂ ਵੀ ਵੱਡੀ ਮਹਾਮਾਰੀ ਨਾ ਬਣ ਜਾਣ।