ਲਾਕਡਾਊਨ ਦੌਰਾਨ ਘਰਾਂ ’ਚ ਬੈਠੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

Friday, May 21, 2021 - 06:38 PM (IST)

ਲਾਕਡਾਊਨ ਦੌਰਾਨ ਘਰਾਂ ’ਚ ਬੈਠੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਲੁਧਿਆਣਾ (ਵਿੱਕੀ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਦੇ ਲਗਭਗ 13,48,632 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਮੁਫ਼ਤ ਵਰਦੀਆਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਸਿੱਖਿਆ ਵਿਭਾਗ ਵਲੋਂ 80.92 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜੀਂਦੀ ਗ੍ਰਾਂਟ ਜਾਰੀ ਕਰਨ ਉਪਰੰਤ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਰਦੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਵਿਸਥਾਰਤ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਇੰਨ-ਬਿੰਨ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵਰਦੀਆਂ ਦੀ ਖਰੀਦ ਲਈ ਇਹ ਫੰਡ ਜ਼ਿਲ੍ਹਾ ਪੱਧਰ ਤੋਂ ਸਿੱਧੇ ਸਕੂਲ ਪ੍ਰਬੰਧਨ ਕਮੇਟੀਆਂ (ਐੱਸ.ਐੱਮ.ਸੀ.) ਦੇ ਖਾਤੇ ਵਿਚ ਪਾਏ ਜਾਣਗੇ।

ਇਹ ਵੀ ਪੜ੍ਹੋ : ਲਾਕਡਾਊਨ ’ਚ ਜੇਕਰ ਤੁਸੀਂ ਜਨਮ ਦਿਨ ਮਨਾਉਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਕੇਕ ਕੱਟਣ ’ਤੇ ਪੁੱਜ ਸਕਦੇ ਹੋ ਜੇਲ

ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰਾਂ ਤੱਕ ਵਰਦੀ ਮੁਹੱਈਆ ਕਰਵਾਉਣ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਵਰਦੀ ਦਾ ਮੇਚਾ (ਨਾਪ) ਦੇਣ ਲਈ ਸਕੂਲ ਨਹੀਂ ਬੁਲਾਇਆ ਜਾਵੇਗਾ। ਸਗੋਂ ਸਟਾਫ ਮਾਪਿਆਂ ਤੋਂ ਸਬੰਧਤ ਵਿਦਿਆਰਥੀ ਦਾ ਨਾਪ ਪ੍ਰਾਪਤ ਕਰੇਗਾ ਅਤੇ ਦਿੱਤੇ ਨਾਪ ਅਨੁਸਾਰ ਮੁਫਤ ਵਰਦੀਆਂ ਪ੍ਰਦਾਨ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਇਕ ਹੋਰ ਐਲਾਨ, ਚੁੱਕਿਆ ਇਹ ਵੱਡਾ ਕਦਮ

ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਐੱਸ.ਐੱਮ.ਸੀਜ਼. ਨੂੰ ਹਰੇਕ ਵਿਦਿਆਰਥੀ ਦੀ ਨਿੱਜੀ ਸੁਰੱਖਿਆ ਲਈ ਉਨ੍ਹਾਂ ਨੂੰ ਦੋ-ਦੋ ਮਾਸਕ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ। ਸਿੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਲਈ 80.92 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇਣ ਮੌਕੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਜਮਾਤਾਂ ਵਿਚ ਪੜ੍ਹਨ ਵਾਲੀਆਂ ਸਾਰੀਆਂ ਕੁੜੀਆਂ ਅਤੇ ਐੱਸ.ਸੀ./ ਐੱਸ.ਟੀ./ ਬੀ ਪੀ. ਐੱਲ. ਵਰਗ ਦੇ ਮੁੰਡਿਆਂ ਨੂੰ 600 ਪ੍ਰਤੀ ਵਰਦੀ ਦੀ ਲਾਗਤ ਨਾਲ ਮੁਫ਼ਤ ਵਰਦੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁੱਲ 13,48,632 ਵਿਦਿਆਰਥੀਆਂ ਵਿਚੋਂ 7,65,024 ਕੁੜੀਆਂ ਹਨ ਜਦਕਿ 5,08,436 ਅਨੁਸੂਚਿਤ ਜਾਤੀ ਦੇ ਮੁੰਡੇ ਅਤੇ 75,172 ਬੀ.ਪੀ.ਐਲ. ਵਰਗ ਦੇ ਮੁੰਡੇ ਸ਼ਾਮਲ ਹਨ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੀ ਖਾਨਾਜੰਗੀ ਦੌਰਾਨ ਵੱਡੀ ਖ਼ਬਰ, ਵਿਧਾਇਕਾਂ ਨਾਲ ਜਲਦ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ

ਸਿੰਗਲਾ ਨੇ ਕਿਹਾ ਕਿ ਵਧੀਆ ਕੁਆਲਿਟੀ ਦੀ ਵਰਦੀ ਖਰੀਦਣ ਲਈ ਮਾਪਦੰਡ ਪਹਿਲਾਂ ਹੀ ਨਿਰਧਾਰਤ ਕਰ ਲਏ ਗਏ ਹਨ ਅਤੇ ਵਰਦੀਆਂ ਦੀ ਖ਼ਰੀਦ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੋਈ ਦਖਲਅੰਦਾਜੀ ਨਹੀਂ ਹੋਵੇਗੀ ਅਤੇ ਨਾ ਹੀ ਉਹ ਕਿਸੇ ਵੀ ਐੱਸ.ਐੱਮ.ਸੀ ਨੂੰ ਕਿਸੇ ਵਿਸ਼ੇਸ਼ ਵਿਕਰੇਤਾ ਜਾਂ ਦੁਕਾਨ ਤੋਂ ਵਰਦੀ ਦੀ ਖਰੀਦ ਲਈ ਕੋਈ ਜੁਬਾਨੀ ਜਾਂ ਲਿਖਤੀ ਨਿਰਦੇਸ਼ ਜਾਰੀ ਕਰਨਗੇ। ਮੰਤਰੀ ਨੇ ਕਿਹਾ “ਜੇਕਰ ਕੋਈ ਅਧਿਕਾਰੀ ਖਰੀਦ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਕਰਦਾ ਪਾਇਆ ਗਿਆ ਤਾਂ ਦੋਸ਼ੀ ਪਾਏ ਜਾਣ ’ਤੇ ਸਬੰਧਤ ਅਧਿਕਾਰੀ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।”

ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ ’ਚ ਗੈਂਗਸਟਰ ਜਸਪ੍ਰੀਤ ਦੀ ਪਤਨੀ ਗ੍ਰਿਫ਼ਤਾਰ, ਬਲਜਿੰਦਰ ਦੀ ਗਰਲਫ੍ਰੈਂਡ ਸਣੇ 5 ਨਾਮਜ਼ਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News