ਲਾਕਡਾਊਨ ਨੇ ਠੱਪ ਕੀਤੇ ਸਾਰੇ ਕਾਰੋਬਾਰ, ‘ਭੁੱਖਣ-ਭਾਣੇ’ ਪ੍ਰਵਾਸੀ ਮਜ਼ਦੂਰਾਂ ’ਚ ਸਹਿਮ ਦਾ ਮਾਹੌਲ

05/07/2021 10:09:59 AM

ਮੋਗਾ (ਗੋਪੀ ਰਾਊਕੇ) - ਵਿਸ਼ਵ ਪੱਧਰ ’ਤੇ ਚੱਲ ਰਹੀ ਕੋਰੋਨਾ ਲਾਗ ਦੀ ਬੀਮਾਰੀ ਦੇ ਦੂਜੇ ਪੜਾਅ ਦੌਰਾਨ ਮਰੀਜ਼ਾਂ ਦੀ ਗਿਣਤੀ ’ਚ ਦਿਨੋਂ-ਦਿਨ ਹੋ ਰਹੇ ਵਾਧੇ ਤੇ ਮੌਤ ਦੇ ਮੂੰਹ ਜਾ ਰਹੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਆਏ ਦਿਨ ਸਖ਼ਤ ਫ਼ੈਸਲੇ ਲਏ ਜਾ ਰਹੇ ਹਨ। ਪੰਜਾਬ ਵਿੱਚ ‘ਲਾਕਡਾਊਨ’ ਲੱਗਣ ਕਰ ਕੇ ਪਿਛਲੇ ਇਕ ਹਫ਼ਤੇ ਤੋਂ ਰੋਜ਼ਾਨਾ ਕਮਾ ਕੇ ਖਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਨਿੱਕੇ-ਮੋਟੇ ਕਾਰੋਬਾਰ ‘ਠੱਪ’ ਹੋ ਗਏ ਹਨ। ਇਸ ਤਰ੍ਹਾਂ ਦੀ ਬਣੀ ਸਥਿਤੀ ਦਾ ਟਾਕਰਾ ਕਰਨ ਤੋਂ ਅਸਮਰੱਥ ਪ੍ਰਵਾਸੀ ਮਜ਼ਦੂਰ ਹਿਜ਼ਰਤ ਕਰਨ ਲੱਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਢਿੱਡ ਪਾਲਣ ਲਈ ਪੰਜਾਬ ਆਏ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਬਿਪਤਾ ਦੀ ਘੜੀ ਵਿਚ ਸਾਥ ਦੇਣ ਵਾਲਾ ਕੋਈ ਨਹੀਂ ਦਿਸ ਰਿਹਾ ਹੈ, ਕਿਉਂਕਿ ਹਾਲੇ ਤੱਕ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਦੇ ਹੱਲ ਲਈ ਨਾ ਪ੍ਰਸ਼ਾਸਨ ਅਤੇ ਨਾ ਹੀ ਕੋਈ ਸਮਾਜਿਕ ਸੰਸਥਾ ਮੂਹਰੇ ਆਈ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ‘ਭੁੱਖਣ ਭਾਣੇ’ ਮਜ਼ਦੂਰਾਂ ਨੇ ਹੁਣ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ।

‘ਜਗ ਬਾਣੀ’ ਵੱਲੋਂ ਇਕੱਤਰ ਵੇਰਵਿਆਂ ਅਨੁਸਾਰ ਮਾਲਵਾ ਖਿੱਤੇ ਦੀ ਧੁੰਨੀ ਵੱਜੋਂ ਜਾਣੇ ਜਾਂਦੇ ਇਕੱਲੇ ਮੋਗਾ ਸ਼ਹਿਰ ਤੋਂ ਰੋਜ਼ਾਨਾ ਦੋ ਬੱਸਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਯੂ. ਪੀ., ਬਿਹਾਰ ਅਤੇ ਉਤਰਾਖੰਡ ਸਮੇਤ ਹੋਰਨਾਂ ਰਾਜਾਂ ਨੂੰ ਜਾਂਦੀਆਂ ਹਨ। ਅੱਜ ਆਪਣੇ ਘਰ ਜਾ ਰਹੇ ਪ੍ਰਵਾਸੀ ਮਜ਼ਦੂਰ ਮਹਿੰਦਰ ਮੰਡਲ ਦਾ ਕਹਿਣਾ ਸੀ ਕਿ ਉਹ ਹਾਲੇ ਦੋ ਮਹੀਨੇ ਪਹਿਲਾ ਹੀ ਲੰਮੀ ਉਡੀਕ ਮਗਰੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਮੋਗਾ ਆਇਆ ਸੀ ਅਤੇ ਇਕ ਢਾਬੇ ’ਤੇ 8000 ਰੁਪਏ ਮਹੀਨਾ ’ਤੇ ਕੰਮ ਕਰਦਾ ਸੀ ਪਰ ਹੁਣ ਮਾਲਕਾਂ ਵੱਲੋਂ ਕੰਮ ਤੋਂ ‘ਨਾਂਹ’ ਕਰਨ ਕਰ ਕੇ ਉਹ 5 ਦਿਨ ਵਿਹਲਾ ਬੈਠਣ ਮਗਰੋਂ ਆਪਣੇ ਘਰ ਜਾ ਰਿਹਾ ਹੈ। ਜੇਕਰ ਲਾਕਡਾਊਨ ਮਗਰੋਂ ‘ਤਾਲਾਬੰਦੀ’ ਲੱਗ ਗਈ ਤਾਂ ਹੋਰ ਵੀ ਔਖਾ ਹੋ ਜਾਵੇਗਾ।

ਉਨ੍ਹਾਂ ਦੱਸਿਆ ਕਿ ’ਤਾਲਾਬੰਦੀ’ ਕਰ ਕੇ ਪ੍ਰਵਾਸੀ ਮਜ਼ਦੂਰਾਂ ’ਚ ਸਹਿਮ ਦਾ ਮਾਹੌਲ ਹੈ ਅਤੇ ਇਸੇ ਕਰਕੇ ਹੁਣ ਸਾਡੇ ਪਰਿਵਾਰਕ ਮੈਂਬਰਾਂ ਨੇ  ਸਾਨੂੰ ਘਰ ਆਉਣ ਲਈ ਆਖ ਦਿੱਤਾ ਹੈ। ਇਕ ਹੋਰ ਪ੍ਰਵਾਸੀ ਮਜ਼ਦੂਰ ਰਾਮ ਕੁਮਾਰ ਦੱਸਦੇ ਸਨ ਕਿ ਆਪਣੇ ਘਰ ਛੱਡਣ ਨੂੰ ਕਿਸ ਦਾ ਦਿਲ ਕਰਦਾ ਹੈ ਪਰ ਉਹ ਗਰੀਬੀ ਅਤੇ ਭੁੱਖਮਰੀ ਦੇ ਸਤਾਏ ਕੰਮ ਲਈ ਪੰਜਾਬ ਆਉਂਦੇ ਹਨ। ਹੁਣ ਉਨ੍ਹਾਂ ਆਪਣੀ ਰੇਹੜੀ ਖੜ੍ਹਾ ਕੇ ਫ਼ਿਰ ਘਰ ਨੂੰ ਜਾਣਾ ਠੀਕ ਸਮਝਿਆ ਹੈ, ਕਿਉਂਕਿ ਪ੍ਰਸ਼ਾਸਨ ਦੀ ਸਖ਼ਤੀ ਕਰ ਕੇ ਸਮੱਸਿਆ ਹੈ।


ਝੋਨੇ ਦੀ ਲਵਾਈ ਸਮੇਂ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰੜਕੇਗੀ : ਦਵਿੰਦਰ ਬੁੱਘੀਪੁਰਾ
ਨੌਜਵਾਨ ਕਿਸਾਨ ਦਵਿੰਦਰ ਬੁੱਘੀਪੁਰਾ ਦਾ ਕਹਿਣਾ ਹੈ ਕਿ ਐਤਕੀ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਘਾਟ ਆਵੇਗੀ, ਕਿਉਂਕਿ ਜਿਹੜੇ ਮਜ਼ਦੂਰ ਪੰਜਾਬ ਵਿੱਚ ਕੰਮ ਕਰਨ ਲਈ ਰੁਕੇ ਸਨ, ਉਨ੍ਹਾਂ ਨੇ ਚਾਲੇ ਪਾ ਦਿੱਤੇ ਹਨ। ਕੋਰੋਨਾ ਕਾਰਨ ਨਵੇਂ ਮਜ਼ਦੂਰਾਂ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਵੇਲੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਬਾਂਹ ਫੜਨੀ ਚਾਹੀਦੀ ਹੈ, ਕਿਉਂਕਿ ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਦੀ ਲਵਾਈ ਦਾ ਕੰਮ ਮੁਸ਼ਕਲ ਹੋਵੇਗਾ।


ਮਜ਼ਦੂਰਾਂ ਦੀ ਘਾਟ ਕਰ ਕੇ ਕਣਕ ਦਾ ਸੀਜ਼ਨ ਲੰਮਾਂ ਹੋਇਆ : ਗੁਰਦੀਪ ਸਿੰਘ
ਇਕ ਹੋਰ ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਮਜ਼ਦੂਰਾਂ ਦੀ ਘਾਟ ਕਰ ਕੇ ਐਤਕੀ ਪਹਿਲੀ ਦਫ਼ਾ ਕਣਕ ਦਾ ਸੀਜ਼ਨ ਇਨ੍ਹਾਂ ਲੰਮਾਂ ਹੋਇਆ ਹੈ ਅਤੇ ਹਾਲੇ ਵੀ ਮੰਡੀਆਂ ਵਿਚ ਲਿਫਟਿੰਗ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਅਤੇ ਹਿਜ਼ਰਤ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਬਦਲਵੇਂ ਪ੍ਰਬੰਧ ਕਰ ਕੇ ਦਿੱਤੇ ਜਾਣ ਤਾਂ ਹੀ ਪ੍ਰਵਾਸੀ ਮਜ਼ਦੂਰ ਪੰਜਾਬ ਰੁਕ ਸਕਦੇ ਹਨ।

ਪ੍ਰਵਾਸੀ ਮਜ਼ਦੂਰਾਂ ਦੀ ਔਖੀ ਘੜੀ ’ਚ ਸਰਕਾਰ ਤੇ ਪ੍ਰਸ਼ਾਸਨ ਸਾਰ ਲਵੇ : ਰਾਜਦੀਪ ਸਿੰਘ
ਸਮਾਜਿਕ ਸਾਰੋਕਾਰਾਂ ਨਾਲ ਜੁੜੇ ਨੌਜਵਾਨ ਰਾਜਦੀਪ ਸਿੰਘ ਦਾ ਕਹਿਣਾ ਸੀ ਕਿ ਪ੍ਰਵਾਸੀ ਮਜ਼ਦੂਰ ਇਸ ਵੇਲੇ ਬਿਪਤਾ ਦੀ ਘੜੀ ਵਿੱਚ ਉਨ੍ਹਾਂ ਦੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਪੰਜਾਬ ਆ ਕੇ ਪ੍ਰਵਾਸੀ ਮਜ਼ਦੂਰ ਹਰ ਕੰਮ ਵਿੱਚ ਪੰਜਾਬੀਆਂ ਨਾਲ ਹੱਥ ਵਟਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਜ਼ਦੂਰ ਪੰਜਾਬ ’ਚੋਂ ਜਾਣਾ ਚਾਹੁੰਦਾ ਹੈ ਤਾਂ ਸਰਕਾਰ ਨੂੰ ਆਪਣੇ ਖਰਚ ’ਤੇ ਉਸਨੂੰ ਭੇਜਣਾ ਚਾਹੀਦਾ ਹੈ।


rajwinder kaur

Content Editor

Related News