ਲਾਕਡਾਊਨ ਦੇ ਚਲਦੇ ਰਾਜ ''ਚ ਪਹਿਲੀ ਵਾਰ ਖਰੀਦ ਕੇਂਦਰਾਂ ਦੀ ਸ਼ਕਲ ''ਚ ਬਦਲੇ 1824 ਸ਼ੈਲਰ
Tuesday, Apr 14, 2020 - 08:29 PM (IST)
ਲੁਧਿਆਣਾ,(ਖੁਰਾਣਾ) : ਲਾਕਡਾਊਨ ਦੇ ਚਲਦੇ ਰਾਜ 'ਚ ਪਹਿਲੀ ਵਾਰ ਖਰੀਦ ਕੇਂਦਰਾਂ ਦੀ ਸ਼ਕਲ 'ਚ 1824 ਸ਼ੈਲਰ ਬਦਲ ਗਏ ਹਨ ਤਾਂ ਜੋ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਮੰਡੀਆਂ 'ਚ ਸੋਸ਼ਲ ਡਿਸਟੈਂਸੀ ਮੈਨਟੇਨ ਰੱਖੀ ਜਾ ਸਕੇ। ਪੰਜਾਬ 'ਚ ਹੁਣ 1824 ਸ਼ੈਲਰਾਂ ਨਾਲ ਅਨਾਜ ਕੇਂਦਰਾਂ ਦੀ ਕੁਲ ਗਿਣਤੀ ਅਨਾਜ ਮੰਡੀਆਂ ਸਮੇਤ 3697 ਦੇ ਕਰੀਬ ਪੁੱਜ ਗਈ ਹੈ। ਇਹ ਜਾਣਕਾਰੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੰਦੇ ਹੋਏ ਦੱਸਿਆ ਤਾਂ ਜੋ ਰਾਜ ਦੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਬੰਧੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੰਤਰੀ ਆਸ਼ੂ ਨੇ ਇਸ ਗੱਲ ਨੂੰ ਲੈ ਕੇ ਵੀ ਅਹਿਮ ਕਦਮ ਚੁੱਕੇ ਹਨ ਕਿ ਮੰਡੀਆਂ 'ਚ ਕਣਕ ਦੀ ਫਸਲ ਲੈ ਕੇ ਪੁੱਜਣ ਵਾਲੇ ਹਰ ਕਿਸਾਨ ਜਿਮੀਂਦਾਰ, ਆੜ੍ਹਤੀਆਂ ਸਮੇਤ ਸਰਕਾਰੀ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ 'ਚ ਨਿਰਧਾਰਤ ਦੂਰੀ ਬਣਾਈ ਜਾ ਸਕੇ ਤਾਂ ਜੋ ਕੋਈ ਵੀ ਕੀਮਤੀ ਜਾਨ ਕੋਰੋਨਾ ਦੀ ਮਾਰੂ ਲਪੇਟ 'ਚ ਨਾ ਆਵੇ ਅਤੇ ਕਣਕ ਦਾ ਸੀਜ਼ਨ ਬੜੇ ਪਾਰਦਰਸ਼ੀ ਢੰਗ ਨਾਲ ਬਿਨਾ ਕਿਸੇ ਰੁਕਾਵਟ ਦੇ ਸ਼ਾਂਤੀਪੂਰਨ ਤਰੀਕੇ ਨਾਲ ਨਿਪਟਾ ਲਿਆ ਜਾਵੇ। ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ 'ਚ ਬਾਰਦਾਨੇ ਤੋਂ ਲੈ ਕੇ ਕਣਕ ਦੀ ਦੇਖਭਾਲ ਅਤੇ ਮੰਡੀਆਂ 'ਚ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ ਸਾਲ 2019-20 ਦੇ ਮੁਕਾਬਲੇ ਕਣਕ ਦੇ ਸਮਰਥਨ ਮੁੱਲ 'ਚ 85 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਨਾਲ ਹੀ ਪੰਜਾਬ ਭਰ 'ਚ ਖਰੀਦ ਕੇਂਦਰਾਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਲਗਭਗ ਦੋ ਗੁਣਾ ਜ਼ਿਆਦਾ ਕਰ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਦੀ ਫਸਲ ਉਨ੍ਹਾਂ ਦੇ ਖੇਤਾਂ ਅਤੇ ਘਰਾਂ ਦੇ ਨੇੜੇ ਖਰੀਦ ਕੇਂਦਰਾਂ ਤੋਂ ਹੀ ਖਰੀਦੀ ਜਾ ਸਕੇ ਅਤੇ ਉਨ੍ਹਾਂ ਨੂੰ ਲੰਬਾ ਰਸਤਾ ਨਾ ਤੈਅ ਕਰਨਾ ਪਵੇ। ਮੰਤਰੀ ਆਸ਼ੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੰਡੀਆਂ 'ਚ ਕਣਕ ਦੀ ਬੋਲੀ ਲਾਉਣ ਲਈ ਸਵੇਰ 10 ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ 'ਚ ਪੰਜਾਬ ਦੀਆਂ ਅਨਾਜ ਮੰਡੀਆਂ 'ਚ 135 ਲੱਖ ਮੀਟ੍ਰਿਕ ਟਨ ਕਣਕ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰੀ ਖਰੀਦ ਏਜੰਸੀਆਂ ਪਨਗ੍ਰੇਨ 26 ਫੀਸਦੀ (35.10), ਮਾਰਕਫੈੱਡ 23.50 ਫੀਸਦੀ (31.72), ਪਨਸਪ 21.50 ਫੀਸਦੀ (29.02), ਵੇਅਰ ਹਾਊਸ 14 ਫੀਸਦੀ (18.90) ਅਤੇ ਐੱਫ. ਸੀ. ਆਈ. ਲਈ 15 ਫੀਸਦੀ (20.25) ਕਣਕ ਦੀ ਖਰੀਦ ਦਾ ਨਿਸ਼ਾਨਾ ਤੈਅ ਕੀਤਾ ਗਿਆ ਹੈ।
ਇਸ ਦੌਰਾਨ ਇਕ ਅਹਿਮ ਗੱਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਅਸਰ ਅਤੇ ਫੈਲਾਅ 'ਤੇ ਕਾਬੂ ਪਾਉਣ ਦੇ ਯਤਨਾਂ ਤਹਿਤ ਖਰੀਦ ਕੇਂਦਰਾਂ 'ਤੇ ਲੇਬਰ ਨੂੰ ਠੇਕੇਦਾਰ ਵੱਲੋਂ ਮਾਸਕ ਮੁਹੱਈਆ ਕਰਵਾਉਣਾ ਜ਼ਰੂਰੀ ਹੋਵੇਗਾ ਅਤੇ ਨਾਲ ਹੀ ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਸਟਾਫ ਵੱਲੋਂ ਵੀ ਮੰਡੀਆਂ 'ਚ ਕੰਮ ਕਰ ਰਹੀ ਲੇਬਰ 'ਤੇ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਕਿ ਕਿਸੇ ਵੀ ਲੇਬਰ ਨੂੰ ਖਾਂਸੀ, ਜੁਕਾਮ ਅਤੇ ਬੁਖਾਰ ਆਦਿ ਦੀ ਸ਼ਿਕਾਇਤ ਨਾ ਹੋਵੇ। ਇਕ ਮੰਡੀ ਦੇ ਸਟੋਰ ਕੇਂਦਰ 'ਚ ਰੂਟ 'ਤੇ ਕਣਕ ਦੀ ਢੋਆਈ ਅਤੇ ਸਮੇਂ-ਸਮੇਂ 'ਤੇ ਸੈਨੇਟਾਈਜ਼ ਕਰਵਾਉਣ ਸਮੇਤ ਟਰੱਕ ਚਾਲਕਾਂ ਅਤੇ ਹੈਲਪਰਾਂ ਨੂੰ ਵੀ ਮਾਸਕ ਪਹਿਨਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਣਕ ਦੀ ਖਰੀਦ ਨੂੰ ਲੈ ਕੇ ਮੰਡੀ ਬੋਰਡ ਵੱਲੋਂ ਆੜ੍ਹਤੀਆਂ ਨੂੰ ਹੋਲੋਗਾ੍ਰਮ ਨਿਸ਼ਾਨੀ ਵਾਲੇ ਪਾਸ ਜਾਰੀ ਕੀਤੇ ਜਾ ਰਹੇ ਹਨ ਜਿਸ ਰਾਹੀਂ ਆੜ੍ਹਤੀ ਆਪਣੇ ਕਿਸਾਨਾਂ ਅਤੇ ਜਿਮੀਂਦਾਰਾਂ ਨੂੰ ਕੂਪਨ ਜਾਰੀ ਕਰ ਕੇ ਸਿਲਸਿਲੇ ਵਾਰ ਢੰਗ ਨਾਲ ਮੰਡੀਆਂ 'ਚ ਕਣਕ ਦੀ ਫਸਲ ਲਿਆਉਣ ਅਤੇ ਖਰੀਦ ਸਬੰਧੀ ਤਾਲਮੇਲ ਬਿਠਾਉਣਗੇ। ਸਰਕਾਰੀ ਹੁਕਮਾਂ 'ਤੇ ਫਸਲੀ ਸੀਜ਼ਨ ਦੌਰਾਨ ਖਰੀਦ ਕੇਂਦਰਾਂ 'ਚ 24 ਘੰਟੇ ਬਿਜਲੀ ਚਾਲੂ ਰਹੇਗੀ ਅਤੇ ਪੁਲਸ ਸਕਿਓਰਟੀ ਦੇ ਖਾਸ ਪ੍ਰਬੰਧ ਕੀਤੇ ਜਾਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।