ਲਾਕਡਾਊਨ ਦੌਰਾਨ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕੀਤਾ ਸੁਚੇਤ
Wednesday, May 06, 2020 - 07:50 PM (IST)
ਗੁਰਦਾਸਪੁਰ (ਹਰਮਨ) : ਪੰਜਾਬ ਅੰਦਰ ਲਗਾਏ ਗਏ ਕਰਫਿਊ ਦੌਰਾਨ ਪਿਛਲੇ ਕਰੀਬ 40 ਦਿਨਾਂ ਤੋਂ ਵਿਹਲੇ ਬੈਠੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਦੇ ਸਬੰਧ ਵਿਚ ਅੱਜ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਬਾਜਵਾ ਨੇ ਪ੍ਰਵਾਸੀ ਮਜ਼ੂਦਰਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਬਦਲੇ ਹੋਏ ਸਟੈਂਡ 'ਤੇ ਹੈਰਾਨੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਦੀ ਘਾਟ ਨਾਲ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਸੁਚੇਤ ਕੀਤਾ ਹੈ। ਇਸ ਦੇ ਨਾਲ ਹੀ ਬਾਜਵਾ ਨੇ ਕੈਪਟਨ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਲੱਖਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਵਾਪਸ ਭੇਜਣ ਲਈ ਕਾਰਵਾਈ ਕਰਨ ਤੋਂ ਪਹਿਲਾਂ ਕੀ ਸੂਬਾ ਸਰਕਾਰ ਨੇ ਅਜਿਹਾ ਕੋਈ ਪ੍ਰਬੰਧ ਕੀਤਾ ਹੈ ਕਿ ਜਦੋਂ ਲਾਕਡਾਊਨ ਦੇ ਬਾਅਦ ਪੰਜਾਬ ਅੰਦਰ ਸਨਅਤਾਂ ਤੇ ਹੋਰ ਕਾਰੋਬਾਰ ਸ਼ੁਰੂ ਹੋਣਗੇ ਤਾਂ ਉਨ੍ਹਾਂ ਵਿਚ ਮਜ਼ਦੂਰਾਂ ਦੀ ਘਾਟ ਕਿਵੇਂ ਪੂਰੀ ਕੀਤੀ ਜਾਵੇਗੀ?
ਇਹ ਵੀ ਪੜ੍ਹੋ : ਬਰਨਾਲਾ ਲਈ ਖਤਰੇ ਦੀ ਘੰਟੀ, ਕੰਬਾਈਨ ਚਾਲਕ ਆਇਆ ਕੋਰੋਨਾ ਪਾਜ਼ੇਟਿਵ, ਪਿੰਡ ਨਾਈਵਾਲਾ ਸੀਲ
ਬਾਜਵਾ ਨੇ ਇਸ ਪੱਤਰ ਰਾਹੀਂ ਕੈਪਟਨ ਨੂੰ ਕਿਹਾ ਹੈ ਕਿ ਪਿਛਲੇ 40 ਦਿਨਾਂ ਤੋਂ ਸੂਬਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚ ਰੱਖਣ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਆ ਰਹੀ ਹੈ ਅਤੇ ਨਾਲ ਹੀ ਸਰਕਾਰ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਪੰਜਾਬ ਛੱਡ ਕੇ ਨਾ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਸੀ ਪਰ ਹੁਣ ਜਦੋਂ ਕੇਂਦਰ ਸਰਕਾਰ ਨੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਭੇਜਣ ਸਬੰਧੀ ਯਾਤਰਾ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਪੰਜਾਬ ਸਰਕਾਰ ਨੇ ਵੀ ਆਪਣਾ ਸਟੈਂਡ ਬਦਲ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ 10 ਲੱਖ 8 ਹਜ਼ਾਰ ਪ੍ਰਵਾਸੀ ਮਜ਼ਦੂਰ ਪੰਜਾਬ ਦੀ ਆਰਥਿਕਤਾ ਦਾ ਅਨਿਖੜਵਾਂ ਅੰਗ ਹਨ। ਇਨ੍ਹਾਂ ਦੀ ਘਾਟ ਸੂਬੇ ਅੰਦਰ ਨਵੇਂ ਆਰਥਿਕ ਸੰਕਟ ਨੂੰ ਜਨਮ ਦੇਵੇਗੀ। ਇਸ ਲਈ ਸੂਬੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਣ ਸਬੰਧੀ ਉਤਸ਼ਾਹਿਤ ਕਰਨ ਦੀ ਬਜਾਏ ਉਨÎ੍ਹਾਂ ਨੂੰ ਇਥੇ ਹੀ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਇਸ ਸੰਕਟ ਦੇ ਖਾਤਮੇ ਦੇ ਬਾਅਦ ਪੰਜਾਬ ਦੇ ਉਦਯੋਗ ਮੁੜ ਲੀਹਾਂ 'ਤੇ ਆ ਸਕਣ।